ਨੌਜਵਾਨਾਂ ਦੀ ਨਾਰਾਜ਼ਗੀ ਮੋਦੀ ਨੂੰ ਮਹਿੰਗੀ ਪਵੇਗੀ


-ਵਿਸ਼ਨੂੰ ਗੁਪਤ
ਨੌਜਵਾਨ ਕ੍ਰਾਂਤੀ, ਤਬਦੀਲੀ ਦੇ ਪ੍ਰਤੀਕ ਹੁੰਦੇ ਹਨ, ਖੁਸ਼ਫਹਿਮੀ ਨੂੰ ਤੋੜਨ ਵਾਲੇ ਹੁੰਦੇ ਹਨ ਤੇ ਉਹ ਸੱਤਾ ਦੀ ਇੱਟ ਨਾਲ ਇੱਟ ਵਜਾਉਣ ਦੀ ਤਾਕਤ ਰੱਖਦੇ ਹਨ। ਸ਼ਹੀਦ ਭਗਤ ਸਿੰਘ, ਖੁਦੀ ਰਾਮ ਬੋਸ, ਤਾਂਤੀਆ ਟੋਪੇ ਵਰਗੇ ਨੌਜਵਾਨਾਂ ਨੇ ਬ੍ਰਿਟਿਸ਼ ਰਾਜ ਤੇ ਗੁਲਾਮੀ ਦੇ ਪ੍ਰਤੀਕ ਅੰਗਰੇਜ਼ਾਂ ਦੇ ਹੰਕਾਰ ਨੂੰ ਚੂਰ-ਚੂਰ ਕੀਤਾ ਸੀ। ਇਹੋ ਨਹੀਂ, ਉਨ੍ਹਾਂ ਨੇ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਨੌਜਵਾਨਾਂ ਦੀ ਫੌਜ ਵੀ ਖੜੀ ਕੀਤੀ ਸੀ। ਆਜ਼ਾਦ ਭਾਰਤ ਵਿੱਚ ਵੀ ਕਈ ਮਿਸਾਲਾਂ ਹਨ, ਜਿਨ੍ਹਾਂ ਵਿੱਚ ਨੌਜਵਾਨਾਂ ਨੇ ਸੱਤਾ ਨੂੰ ਧੂੜ ਚਟਾਈ ਹੈ। ਜੈ ਪ੍ਰਕਾਸ਼ ਨਾਰਾਇਣ ਅੰਦੋਲਨ ਦੇ ਕਰਤਾ-ਧਰਤਾ ਨੌਜਵਾਨ ਸਨ। ਪਹਿਲਾਂ ਇਹ ਬਿਹਾਰ ਅੰਦੋਲਨ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ ਤੇ ਜੈ ਪ੍ਰਕਾਸ਼ ਦੀ ਅਗਵਾਈ ਹੇਠ ਨੌਜਵਾਨਾਂ ਦਾ ਅੰਦੋਲਨ ਬਿਹਾਰ ਤੋਂ ਸ਼ੁਰੂ ਹੋ ਕੇ ਪੂਰੇ ਦੇਸ਼ ਵਿੱਚ ਫੈਲ ਗਿਆ ਸੀ। ਇੰਦਰਾ ਗਾਂਧੀ ਨੂੰ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰਨਾ ਪਿਆ ਸੀ ਅਤੇ ਨੌਜਵਾਨਾਂ ਦੇ ਤੇਜ ਕਾਰਨ ਇੰਦਰਾ ਗਾਂਧੀ 1977 ਵਿੱਚ ਸੱਤਾ ਤੋਂ ਬਾਹਰ ਹੋ ਗਈ ਸੀ।
ਯੂ ਪੀ ਏ ਗੱਠਜੋੜ ਦੀ ਦੂਸਰੀ ਸਰਕਾਰ ਨੂੰ ਵੀ ਸੱਤਾ ਤੋਂ ਬਾਹਰ ਕਰਨ ਵਿੱਚ ਨੌਜਵਾਨਾਂ ਦੀ ਵੱਡੀ ਭੂਮਿਕਾ ਸੀ। ਅੰਨਾ ਹਜ਼ਾਰੇ ਨੇ ਲੋਕਪਾਲ ਅੰਦੋਲਨ ਵੇਲੇ ਨੌਜਵਾਨਾਂ ਨੂੰ ਭਿ੍ਰਸ਼ਟਾਚਾਰ, ਕਦਾਚਾਰ ਤੇ ਸਿਆਸੀ ਸੁਧਾਰਾਂ ਲਈ ਲਲਕਾਰਿਆ ਸੀ। ਖੁਦ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਹਰਾਉਣ ਲਈ ਨੌਜਵਾਨਾਂ ‘ਤੇ ਦਾਅ ਖੇਡਿਆ ਸੀ, ਜਿਨ੍ਹਾਂ ਨੇ ਕਾਂਗਰਸ ਦੇ ਭਿ੍ਰਸ਼ਟਾਚਾਰ, ਵੰਸ਼ਵਾਦ ਅਤੇ ਤੁਸ਼ਟੀਕਰਨ ਦੀ ਨੀਤੀ ਵਿਰੁੱਧ ਸਰਗਰਮ ਭੂਮਿਕਾ ਨਿਭਾਈ ਅਤੇ ਕਾਂਗਰਸ ਨੂੰ ਨੌਜਵਾਨਾਂ ਦੀ ਨਾਰਾਜ਼ਗੀ ਭਾਰੀ ਪਈ ਸੀ।
ਨੌਜਵਾਨਾਂ ਨੂੰ ਜੋੜਨ ਤੇ ਆਕਰਸ਼ਿਤ ਕਰਨ ਵਿੱਚ ਕਾਂਗਰਸ ਅੱਜ ਤੱਕ ਵੀ ਅਸਫਲ ਹੈ। ਭਾਰਤੀ ਸਿਆਸਤ ਵਿੱਚ ਨੌਜਵਾਨਾਂ ਦੀ ਭੂਮਿਕਾ ਸਭ ਤੋਂ ਬਿਹਰਤਰ ਹੁੰਦੀ ਹੈ, ਇਸ ਲਈ ਨੌਜਵਾਨਾਂ ਦੀ ਨਾਰਾਜ਼ਗੀ ਕੋਈ ਪਾਰਟੀ ਮੁੱਲ ਨਹੀਂ ਲੈਣਾ ਚਾਹੁੰਦੀ, ਪਰ ਕਦੇ ਕਦੇ ਹੰਕਾਰੀ ਨੇਤਾ ਨੌਜਵਾਨਾਂ ਦੀ ਨਾਰਾਜ਼ਗੀ ਸਹੇੜ ਲੈਂਦੇ ਹਨ। ਨੌਜਵਾਨ ਵਰਗ ਅੱਜ ਇੱਕ ਵਾਰ ਫਿਰ ਅੰਦੋਲਨ ਦੇ ਰਾਹ ਉਤੇ ਹੈ ਤੇ ਸੱਤਾ ਨਾਲ ਟਕਰਾਉਣ ਲਈ ਸਰਗਰਮ ਹੈ।
ਇਹ ਚਿੰਤਾ ਜਨਕ ਵਿਸ਼ਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਰੁੱਧ ਨੌਜਵਾਨ ਗੁੱਸੇ ਵਿੱਚ ਹਨ, ਪਰ ਸਵਾਲ ਹੈ ਕਿ ਅਜਿਹਾ ਕਿਉਂ ਹੋ ਰਿਹਾ ਹੈ? ਜਿਹੜੇ ਨੌਜਵਾਨ ਮੋਦੀ ਨੂੰ ਆਪਣਾ ‘ਆਈਕਨ’ ਮੰਨਦੇ ਸਨ, ਉਹੀ ਅੱਜ ਮੋਦੀ ਨੂੰ ਆਪਣਾ ਭਵਿੱਖ ਬਰਬਾਦ ਕਰਨ ਵਾਲਾ ਕਿਉਂ ਮੰਨਣ ਲੱਗੇ ਹਨ? ਮੋਦੀ ਲਈ ਇਹ ਗੰਭੀਰ ਸਵਾਲ ਹੈ, ਪਰ ਦੁਖਦਾਈ ਗੱਲ ਹੈ ਕਿ ਇਸ ਸਵਾਲ ਦੀ ਭਿਆਨਕਤਾ ਮੋਦੀ ਨੂੰ ਅਜੇ ਵੀ ਪਤਾ ਨਹੀਂ। ਮੋਦੀ ਦਾ ਇਹ ਹੰਕਾਰ ਉਸੇ ਤਰ੍ਹਾਂ ਦਾ ਹੈ, ਜਿਸ ਤਰ੍ਹਾਂ ਦਾ ਹੰਕਾਰ ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਨੂੰ ਆਪਣੀ ਸਰਕਾਰ ਦੇ ਹੁੰਦਿਆਂ ਸੀ। ਉਨ੍ਹਾਂ ਦੀ ਸੱਤਾ ਦੌਰਾਨ ਨੌਜਵਾਨਾਂ ਅੰਦਰ ਗੁੱਸਾ ਹੌਲੀ ਹੌਲੀ ਵਧ ਰਿਹਾ ਸੀ, ਪਰ ਕਾਂਗਰਸ ਅਤੇ ਪਾਰਟੀ ਲੀਡਰਸ਼ਿਪ ਸੱਤਾ ਦੇ ਮੋਹ ਵਿੱਚ ਹੱਥ ਉੱਤੇ ਹੱਥ ਧਰੀ ਬੈਠੀ ਰਹੀ ਸੀ। ਉਸੇ ਤਰ੍ਹਾਂ ਅੱਜ ਮੋਦੀ ਉਦਾਸੀਨ ਹਨ। ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਜਿਨ੍ਹਾਂ ਨੂੰ ਪ੍ਰਾਈਵੇਟ ਖੇਤਰ ਵਿੱਚ ਰੋਜ਼ਗਾਰ ਮਿਲਿਆ ਸੀ, ਉਹ ਨੋਟਬੰਦੀ, ਆਰਥਿਕ ਮੰਦੀ ਜਾਂ ਜੀ ਐਸ ਟੀ ਦੀ ਉਲਝਾਊ ਪ੍ਰਕਿਰਿਆ ਕਾਰਨ ਬੇਰੋਜ਼ਗਾਰ ਹੋ ਗਏ ਹਨ। ਰੋਜ਼ਗਾਰ ਦੇ ਖੇਤਰ ਵਿੱਚ ਨਵੇਂ ਮੌਕੇ ਘਟੇ ਤੇ ਸਰਕਾਰੀ ਨੌਕਰੀਆਂ ਪਹਿਲਾਂ ਤੋਂ ਹੀ ਨਹੀਂ ਮਿਲ ਰਹੀਆਂ। ਪ੍ਰਾਈਵੇਟ ਖੇਤਰ ਵਿੱਚ ਵੀ ਨਵੇਂ ਰੋਜ਼ਗਾਰ ਪੈਦਾ ਨਹੀਂ ਹੋ ਰਹੇ।
ਨਰਿੰਦਰ ਮੋਦੀ ਨੇ ਹੁਨਰ ਵਿਕਾਸ ਯੋਜਨਾ ਨਾਲ ਦੇਸ਼ ਦੇ ਕਰੋੜਾਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਪਰ ਇਸ ਯੋਜਨਾ ਨਾਲ ਵੀ ਗੱਲ ਨਹੀਂ ਬਣੀ। ਇਸ ਯੋਜਨਾ ਨੂੰ ਸਫਲ ਬਣਾਉਣ ਲਈ ਮੋਦੀ ਨੇ ਆਪਣੇ ਵੱਲੋਂ ਕਸਰ ਨਹੀਂ ਛੱਡੀ, ਪਰ ਨੌਕਰਸ਼ਾਹੀ ਦੇ ਮੱਕੜਜਾਲ ਕਾਰਨ ਜ਼ਮੀਨੀ ਪੱਧਰ ‘ਤੇ ਇਹ ਯੋਜਨਾ ਨਹੀਂ ਪਹੁੰਚ ਸਕੀ ਤੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਸਕਿਆ। ਘੱਟੋ ਘੱਟ ਦੋ ਮੌਕੇ ਅਜਿਹੇ ਆਏ, ਜਦੋਂ ਨੌਜਵਾਨਾਂ ਦਾ ਗੁੱਸਾ ਸਾਫ ਜ਼ਾਹਿਰ ਹੋਇਆ। ਦੇਸ਼ ਦੀ ਰਾਜਧਾਨੀ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵੱਲ ਜਾਣ ਲਈ ਮਾਰਚ ਕੀਤਾ ਅਤੇ ਮੋਦੀ ‘ਤੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਦਾ ਦੋਸ਼ ਲਾਇਆ। ਨੌਜਵਾਨ ਕਈ ਦਿਨਾਂ ਤੱਕ ਦਿੱਲੀ ਵਿੱਚ ਮੁਜ਼ਾਹਰੇ ਕਰਨ ਲਈ ਡਟੇ ਰਹੇ ਤੇ ਸੀ ਬੀ ਆਈ ਜਾਂਚ ਦਾ ਭਰੋਸਾ ਮਿਲਣ ਪਿੱਛੋਂ ਹੀ ਉਨ੍ਹਾਂ ਨੇ ਧਰਨੇ-ਮੁਜ਼ਾਹਰੇ ਬੰਦ ਕੀਤੇ, ਪਰ ਉਨ੍ਹਾਂ ਦੀ ਨਾਰਾਜ਼ਗੀ ਦੂਰ ਨਹੀਂ ਹੋਈ। ਪਹਿਲਾ ਮੌਕਾ ਐੱਸ ਐੱਸ ਸੀ ਦੇ ਪ੍ਰਸ਼ਨ ਪੱਤਰ ਲੀਕ ਹੋਣ ਦਾ ਸਾਹਮਣੇ ਆਇਆ। ਨੌਜਵਾਨਾਂ ਦਾ ਦੋਸ਼ ਸੀ ਕਿ ਐੱਸ ਐੱਸ ਸੀ ਦੇ ਪ੍ਰਸ਼ਨ ਪੱਤਰ (ਦਾਖਲਾ ਪ੍ਰੀਖਿਆ ਵਾਲੇ) ਲੀਕ ਹੋ ਜਾਂਦੇ ਹਨ, ਜਿਸ ਕਾਰਨ ਗਰੀਬ ਤੇ ਲਾਇਕ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਮੌਕੇ ਨਹੀਂ ਮਿਲਦੇ। ਉਨ੍ਹਾਂ ਦੀ ਮੰਗ ਹੈ ਕਿ ਕੇਂਦਰੀ ਮੁਲਾਜ਼ਮ ਚੋਣ ਕਮਿਸ਼ਨ ਨੂੰ ਦਰੁੱਸਤ ਕੀਤਾ ਜਾਣਾ ਚਾਹੀਦਾ ਹੈ ਤੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ। ਨੌਜਵਾਨਾਂ ਦੇ ਗੁੱਸੇ ਨੂੰ ਦੇਖਦਿਆਂ ਖੁਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅੱਗੇ ਆਉਣਾ ਪਿਆ ਸੀ। ਉਨ੍ਹਾਂ ਨੇ ਐੱਸ ਐੱਸ ਸੀ ਇਮਤਿਹਾਨ ਦੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਮਾਮਲੇ ਦੀ ਸੀ ਬੀ ਆਈ ਜਾਂਚ ਕਰਾਉਣ ਦਾ ਐਲਾਨ ਕੀਤਾ ਸੀ, ਪਰ ਫਿਰ ਵੀ ਨੌਜਵਾਨਾਂ ਦੀ ਨਾਰਾਜ਼ਗੀ ਕੇਂਦਰੀ ਮੁਲਾਜ਼ਮ ਚੋਣ ਕਮਿਸ਼ਨ ਦੇ ਵਿਰੁੱਧ ਘਟੀ ਨਹੀਂ ਹੈ।
ਦੂਜਾ ਮੌਕਾ ਸੀ ਬੀ ਐੱਸ ਈ ਦੇ ਚੱਲ ਰਹੇ ਇਮਤਿਹਾਨਾਂ ਵਿੱਚ ਪੇਪਰ ਲੀਕ ਹੋਣ ਦਾ ਹੈ। ਇਹ ਕਾਂਡ ਦਿਲ-ਕੰਬਾਊ ਹੈ ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੋਇਆ ਹੈ। ਸਭ ਤੋਂ ਵੱਡੀ ਗੱਲ ਇਹ ਕਿ ਵਿਦਿਆਰਥੀਆਂ ਨੂੰ ਨਵੇਂ ਸਿਰਿਓਂ ਤਿਆਰੀ ਕਰਨੀ ਪਵੇਗੀ। ਇਸੇ ਕਾਰਨ ਵਿਦਿਆਰਥੀਆਂ ਦੇ ਹੋਸ਼ ਉੱਡੇ ਹੋਏ ਹਨ। ਇਸ ਲੀਕ ਕਾਂਡ ਦੀਆਂ ਤਾਰਾਂ ਨਾ ਸਿਰਫ ਦਿੱਲੀ, ਸਗੋਂ ਹਰਿਆਣਾ, ਬਿਹਾਰ ਤੇ ਝਾਰਖੰਡ ਨਾਲ ਜੁੜੀਆਂ ਹਨ। ਮਨੁੱਖੀ ਸੋਮਿਆਂ ਦੇ ਵਿਕਾਸ ਬਾਰੇ ਮੰਤਰੀ ਪ੍ਰਕਾਸ਼ ਜਾਵਡੇਕਰ ਦਾ ਕਹਿਣਾ ਸੀ ਕਿ ਸੀ ਬੀ ਐਸ ਈ ਦੇ ਪ੍ਰਸ਼ਨ ਪੱਤਰ ਲੀਕ ਹੋਣ ਨਾਲ ਉਨ੍ਹਾਂ ਦੀ ਰਾਤਾਂ ਦੀ ਨੀਂਦ ਉਡ ਗਈ ਹੈ। ਉਸ ਦਾ ਕਥਨ ਸਿੱਧ ਕਰਦਾ ਹੈ ਕਿ ਮਾਮਲਾ ਕਿੰਨਾ ਗੰਭੀਰ ਹੋ ਗਿਆ ਹੈ ਤੇ ਇਹ ਮੋਦੀ ਸਰਕਾਰ ਲਈ ‘ਮਾਰੂ’ ਸਿੱਧ ਹੋ ਸਕਦਾ ਹੈ। ਮੋਦੀ ਸਰਕਾਰ ਪੁਰਾਣੀ ਲੀਹ ‘ਤੇ ਚੱਲ ਰਹੀ ਹੈ ਤੇ ਭਿ੍ਰਸ਼ਟਾਚਾਰ, ਕਦਾਚਾਰ ‘ਤੇ ਲਿੱਪਾ-ਪੋਚੀ ਦੀ ਖੇਡ ਜਾਰੀ ਹੈ। ਕਾਂਗਰਸ ਸਰਕਾਰ ਦੌਰਾਨ ਅਸਲੀ ਅਤੇ ਦੋਸ਼ੀ ਅਧਿਕਾਰੀ ਸਜ਼ਾ ਦੀ ਥਾਂ ਇਨਾਮ ਲੈਂਦੇ ਸਨ, ਪਰ ਮੋਦੀ ਸਰਕਾਰ ਵਿੱਚ ਵੀ ਅਸਲੀ ਗੁਨਾਹਗਾਰਾਂ ਦੀ ਧੌਣ ਨਹੀਂ ਨੱਪੀ ਜਾ ਰਹੀ।
ਸੀ ਬੀ ਐੱਸ ਈ ਦੇ ਪ੍ਰਸ਼ਨ ਪੱਤਰ ਲੀਕ ਕਾਂਡ ਨੂੰ ਮਿਸਾਲ ਵਜੋਂ ਲਿਆ ਜਾ ਸਕਦਾ ਹੈ। ਇਸ ਮਾਮਲੇ ਵਿੱਚ ਸੀ ਬੀ ਐੱਸ ਈ ਦੇ ਚੇਅਰਮੈਨ ਤੇ ਹੋਰਨਾਂ ਵੱਡੇ ਅਫਸਰਾਂ ਦੁਆਲੇ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ ਸੀ। ਜੇ ਜ਼ਿੰਮੇਵਾਰ ਅਤੇ ਵੱਡੇ ਅਧਿਕਾਰੀ ਚੌਕੰਨੇ ਹੁੰਦੇ ਤਾਂ ਇਹ ਕਾਂਡ ਵਾਪਰਦਾ ਹੀ ਨਾ। ਛੋਟੇ ਅਧਿਕਾਰੀਆਂ ਨੂੰ ਸਜ਼ਾ ਦੇ ਕੇ ਇਸ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਨਹੀਂ ਭੁੱਲਣਾ ਚਾਹੀਦਾ ਕਿ ਪੇਪਰ ਲੀਕ ਹੋਣ ਨਾਲ ਸਿਰਫ ਵਿਦਿਆਰਥੀ ਨਹੀਂ, ਉਨ੍ਹਾਂ ਦੇ ਮਾਪੇ ਵੀ ਪ੍ਰੇਸ਼ਾਨ ਹਨ। ਮੋਦੀ ਨੌਜਵਾਨਾਂ ਦੀ ਨਾਰਾਜ਼ਗੀ ਤੇ ਗੁੱਸੇ ਨੂੰ ਘੱਟ ਕਰਨ ਦੀ ਸਿਆਸੀ ਪ੍ਰਕਿਰਿਆ ਤੋਂ ਵੀ ਅਸਫਲ ਰਹੇ ਹਨ। ਉਨ੍ਹਾ ਦਾ ਹੰਕਾਰ ਟੁੱਟਣਾ ਜ਼ਰੂਰੀ ਹੈ। ਜੇ ਹੰਕਾਰ ਨਾ ਟੁੱਟਿਆ ਤੇ ਨੌਜਵਾਨਾਂ ਦਾ ਨਾਰਾਜ਼ਗੀ ਤੇ ਗੁੱਸਾ ਜਾਰੀ ਰਿਹਾ, ਐਸ ਐਸ ਸੀ ਅਤੇ ਸੀ ਬੀ ਐਸ ਈ ਦੇ ਪੇਪਰ ਲੀਕ ਵਰਗੇ ਕਾਂਡ ਹੁੰਦੇ ਰਹੇ ਤਾਂ ਮੋਦੀ ਸਰਕਾਰ ਦਾ ਪਤਨ ਵੀ ਤੈਅ ਹੈ।