ਨੌਕਰੀ ਡਾਟ ਕਾਮ ਵਿੱਚ ਸੰਨ੍ਹ ਲਾ ਕੇ ਹੈਕਰਾਂ ਨੇ ਇਕ ਲੱਖ ਲੋਕਾਂ ਦਾ ਡਾਟਾ ਚੋਰੀ ਕੀਤਾ


ਨਵੀਂ ਦਿੱਲੀ, 31 ਮਾਰਚ (ਪੋਸਟ ਬਿਊਰੋ)- ਨਾਈਜੀਰੀਆ ਦੇ ਹੈਕਰਾਂ ਨੇ ਨੌਕਰੀਆਂ ਦਿਵਾਉਣ ਵਾਲੀ ਕੰਪਨੀ ਨੌਕਰੀ ਡਾਟ ਕਾਮ ਦੇ ਸਰਵਰ ਨੂੰ ਹੈਕ ਕਰਕੇ ਇਕ ਲੱਖ ਲੋਕਾਂ ਦਾ ਡਾਟਾ ਚੋਰੀ ਕਰ ਲਿਆ ਹੈ। ਪੁਲਸ ਨੂੰ ਸ਼ੱਕ ਹੈ ਕਿ ਹੈਕਰਾਂ ਨੇ ਤਿੰਨ ਦਿਨਾਂ ਵਿੱਚ ਕੰਪਨੀ ਦੀ ਵੈਬਸਾਈਟ ‘ਤੇ ਪਏ ਤਿੰਨ ਲੱਖ ਬਾਇਓਡਾਟਾ ਚੋਰੀ ਕੀਤੇ ਹਨ।
ਨੌਕਰੀ ਡਾਟ ਕਾਮ ਦਾ ਸਰਵਰ ਸੰਭਾਲਣ ਵਾਲੀ ਕਲਾਊਜ਼ ਕੰਪਨੀ ਨੇ ਹੈਕਰਾਂ ਦੀ ਇਸ ਸੰਨ੍ਹ ਬਾਰੇ ਸੀ ਆਈ ਡੀ ਸਾਈਬਰ ਕ੍ਰਾਈਮ ਡਵੀਜ਼ਨ ਬੈਂਗਲੁਰੂ ਨੂੰ ਸ਼ਿਕਾਇਤ ਕੀਤੀ ਹੈ। ਸਾਈਬਰ ਕ੍ਰਾਈਮ ਟੀਮ ਨੇ ਮੁੰਬਈ ਵਿਖੇ ਸਥਿਤ ਨੌਕਰੀ ਡਾਟ ਕਾਮ ਦੇ ਹੈਡ ਆਫਿਸ ਨੂੰ ਈਮੇਲ ਕਰਕੇ ਪੂਰੇ ਕੇਸ ਦੀ ਜਾਣਕਾਰੀ ਮੰਗੀ ਹੈ। ਕਲਾਊਜ਼ ਨਾਂ ਦੀ ਕੰਪਨੀ ਡਾਟ ਕਾਮ ਉੱਤੇ ਅਪਲੋਡ ਕੀਤੇ ਜਾਣ ਵਾਲੇ ਬਾਇਓਡਾਟਾ ਦੀ ਆਨਲਾਈਨ ਸਾਂਭ ਸੰਭਾਲ ਲਈ ਕੰਪਨੀ ਪਾਸੋਂ ਤਿੰਨ ਤੋਂ ਲੈ ਕੇ ਪੰਜ ਲੱਖ ਰੁਪਏ ਤੱਕ ਫੀਸ ਲੈਂਦੀ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਇਸ ਕੰਪਨੀ ਨੇ ਨੌਕਰੀ ਡਾਟ ਕਾਮ ‘ਤੇ ਪੋਸਟ ਕੀਤੇ ਜਾ ਰਹੇ ਲੱਖਾਂ ਬਾਇਓਡਾਟਾ ਦੀ ਸੰਭਾਲ ਲਈ ਸਰਵਰ ਸਥਾਪਤ ਕਰ ਰੱਖੇ ਸਨ। ਕੰਪਨੀ ਵੱਲੋਂ ਸਾਈਬਰ ਕ੍ਰਾਈਮ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਹ ਪਹਿਲੀ ਵਾਰ ਹੈ ਕਿ ਉਨ੍ਹਾਂ ਦਾ ਸਰਵਰ ਕਿਸੇ ਨੇ ਹੈਕ ਕੀਤਾ ਹੈ। ਜਦੋਂ ਹੀ ਕੰਪਨੀ ਨੂੰ ਹੈਕਿੰਗ ਦੀ ਕਾਰਵਾਈ ਦਾ ਪਤਾ ਲੱਗਾ ਤਾਂ ਕੰਪਨੀ ਨੇ ਤੁਰੰਤ ਲੋੜੀਂਦੇ ਕਦਮ ਚੁੱਕਦਿਆਂ ਸਰਵਰ ‘ਤੇ ਪਏ ਲੱਖਾਂ ਬਾਇਓਡਾਟਾ ਨੂੰ ਸੁਰੱਖਿਅਤ ਕਰਨ ਲਈ ਕਦਮ ਚੁੱਕੇ।
ਸ਼ੁਰੂ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਜਿਹੜੇ ਆਈ ਪੀ ਐਡਰੈਸ ਰਾਹੀਂ ਨੌਕਰੀ ਡਾਟ ਕਾਮ ਦੀ ਵੈਬਸਾਈਟ ‘ਤੇ ਹਮਲਾ ਬੋਲਿਆ ਗਿਆ, ਉਹ ਆਈ ਪੀ ਐਡਰੈਸ ਨਾਈਜੀਰੀਆ ਦੇ ਹਨ। ਹੈਕਰਾਂ ਵੱਲੋਂ ਚੋਰੀ ਕੀਤੇ ਗਏ ਇਨ੍ਹਾਂ ਬਾਇਓਡਾਟਾ ਨਾਲ ਹੈਕਰ ਨੌਕਰੀ ਦੇ ਚਾਹਵਾਨਾਂ ਨੂੰ ਲਾਲਚ ਦੇ ਕੇ ਉਨ੍ਹਾਂ ਨੂੰ ਲੁੱਟ ਸਕਦੇ ਹਨ। ਪਹਿਲਾਂ ਵੀ ਅਜਿਹੇ ਕੁਝ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਨੌਕਰੀ ਦੇ ਚਾਹਵਾਨਾਂ ਲੋਕਾਂ ਨੂੰ ਮਲਟੀਨੈਸ਼ਨਲ ਕੰਪਨੀਆਂ ਵਿੱਚ ਨੌਕਰੀ ਦੇਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਕੀਤੀ ਗਈ ਹੈ। ਹੈਕਰਾਂ ਨੇ ਵਿਪਰੋ, ਏਅਰਟੈਲ, ਐਕਸੈਂਚਰ ਅਤੇ ਬੋਸਕ ਵਰਗੀਆਂ ਕੰਪਨੀਆਂ ਦਾ ਹਵਾਲਾ ਦੇ ਕੇ ਨੌਕਰੀ ਦੇ ਚਾਹਵਾਨਾਂ ਨੂੰ ਮੇਲਾਂ ਕੀਤੀਆਂ ਅਤੇ ਮੇਲ ਦਾ ਜਵਾਬ ਆਉਣ ‘ਤੇ ਉਨ੍ਹਾਂ ਕੋਲੋਂ ਰਜਿਸਟਰੇਸ਼ਨ ਲਈ 10 ਹਜ਼ਾਰ ਰੁਪਏ ਦੀ ਮੰਗ ਕੀਤੀ। ਬਾਅਦ ਵਿੱਚ ਲੋਕਾਂ ਨੂੰ ਪਤਾ ਲੱਗਾ ਕਿ ਉਹ ਠੱਗੀ ਦਾ ਸ਼ਿਕਾਰ ਹੋ ਗਏ ਹਨ। ਇਹ ਹੁਣ ਵੀ ਹੋ ਸਕਦਾ ਹੈ।