ਨੋਟਬੰਦੀ ਨਾ ਹੋਈ ਹੁੰਦੀ ਤਾਂ ਬੱਚਾ ਬਚ ਜਾਂਦਾ


ਮੁੰਬਈ, 17 ਨਵੰਬਰ (ਪੋਸਟ ਬਿਊਰੋ)- ਨੋਟਬੰਦੀ ਨੂੰ ਸਾਲ ਪੂਰਾ ਹੋ ਚੁੱਕਾ ਹੈ। ਇਸ ਦਾ ਝਟਕਾ ਆਮ ਲੋਕਾਂ ਨੂੰ ਚੋਖਾ ਲਗਾ ਹੈ। ਇਨ੍ਹਾਂ ‘ਚੋਂ ਇਕ ਅਜਿਹੀ ਮਾਂ ਹੈ ਜੋ ਅੱਜ ਵੀ ਆਪਣੇ ਨਵਜਾਤ ਬੱਚੇ ਦੇ ਵਿਛੋੜੇ ਦੀ ਗੱਲ ਨਹੀਂ ਭੁਲਾ ਸਕੀ। ਇਸੇ ਨੋਟਬੰਦੀ ਦੇ ਫੈਸਲੇ ਨਾਲ ਇਕ ਮਾਂ ਨੂੰ ਆਪਣੇ ਬੱਚੇ ਤੋਂ ਵਿਛੋੜਾ ਝੱਲਣਾ ਪਿਆ ਸੀ। ਮਾਂ ਅੱਜ ਵੀ ਦਰਦ ਭਰੇ ਲਹਿਜ਼ੇ ਨਾਲ ਇਹ ਕਹਿ ਰਹੀ ਹੈ ਕਿ ਜੇ ਨੋਟਬੰਦੀ ਨਹੀਂ ਹੋਈ ਹੁੰਦਾ ਤਾਂ ਮੇਰਾ ਬੱਚਾ ਬਚ ਜਾਂਦਾ।
ਮੁੰਬਈ ਦੇ ਗੋਵੰਡੀ ਇਲਾਕੇ ਵਿੱਚ ਰਹਿਣ ਵਾਲੀ ਕਿਰਨ ਸ਼ਰਮਾ ਦੀ ਗੋਦ ਨੋਟਬੰਦੀ ਦੇ ਫੈਸਲਾ ਨਾਲ ਖਾਲੀ ਹੋ ਗਈ। 9 ਨਵੰਬਰ ਦੀ ਸਵੇਰ ਕਿਰਨ ਨੇ ਇਕ ਬੱਚੇ ਨੂੰ ਘਰ ਵਿੱਚ ਜਨਮ ਦਿੱਤਾ। ਸਮੇਂ ਤੋਂ ਪਹਿਲਾ ਜਨਮੇ ਬੱਚੇ ਅਤੇ ਮਾਂ ਦੇ ਬੇਹਤਰ ਸਿਹਤ ਲਈ ਉਸ ਨੂੰ ਸ਼ਿਵਾਜੀ ਨਗਰ ਦੇ ਜੀਵਨ ਜੋਤੀ ਹਸਪਤਾਲ ਲਿਆਂਦਾ ਗਿਆ। ਕਿਰਨ ਦੇ ਪਤੀ ਜਗਦੀਸ਼ ਨੇ ਦੱਸਿਆ ਕਿ ਜਦ ਕਿਰਨ ਗਰਭਵਤੀ ਸੀ ਤਾਂ ਉਸ ਦੀ ਨਿਯਮਿਤ ਜਾਂਚ ਇਸੇ ਹਸਪਤਾਲ ਵਿੱਚ ਹੁੰਦੀ ਸੀ। ਨੋਟਬੰਦੀ ਹੋਣ ਕਾਰਨ ਜਗਦੀਸ਼ ਕੋਲ ਹਸਪਤਾਲ ਵੱਲੋਂ ਮੰਗੇ ਗਏ ਛੇ ਹਜ਼ਾਰ ਰੁਪਏ ‘ਚੋਂ 2500 ਦੇ ਪੁਰਾਣੇ ਨੋਟ ਸਨ। ਇਨ੍ਹਾਂ ਪੁਰਾਣੇ ਨੋਟਾਂ ਕਾਰਨ ਉਸ ਦੀ ਪਤਨੀ ਅਤੇ ਬੱਚੇ ਨੂੰ ਹਸਪਤਾਲ ਵਿੱਚ ਭਰਤੀ ਨਹੀਂ ਕੀਤਾ ਗਿਆ। ਮਿੰਨਤ ਕਰਨ ਪਿੱਛੋਂ ਵੀ ਡਾਕਟਰਾਂ ਨੇ ਇਕ ਨਾ ਸੁਣੀ। ਘਰ ਵਿੱਚ ਜਨਮੇ ਬੱਚੇ ਨੂੰ ਸਮੇਂ ਉੱਤੇ ਇਲਾਜ ਨਾ ਮਿਲਣ ਦੇ ਕਾਰਨ ਉਸ ਦੀ ਸਿਹਤ ਵਿਗੜਨ ਲੱਗੀ ਅਤੇ ਦੂਸਰੇ ਹਸਪਤਾਲ ਵਿੱਚ ਲੈ ਜਾਂਦੇ ਸਮੇਂ ਸਾਹ ਰੁਕਣ ਨਾਲ ਬੱਚੇ ਦੀ ਮੌਤ ਹੋ ਗਈ।