ਨੋਟਬੰਦੀ ਦੇ ਵਕਤ ਪੈਸੇ ਬਦਲਵਾਉਣ ਵਾਲਾ ਪੈਸੇ ਲੁਟਾ ਬੈਠਾ

notebandi
ਲੁਧਿਆਣਾ, 30 ਸਤੰਬਰ (ਪੋਸਟ ਬਿਊਰੋ)- ਪਿਛਲੇ ਕੀਤੀ ਗਈ ਨੋਟਬੰਦੀ ਦੌਰਾਨ ਆਪਣੇ ਦੋਸਤ ਨੂੰ ਨਵੀਂ ਕਰੰਸੀ ਲੈਣ ਲਈ ਪੈਸੇ ਦੇਣਾ ਇਕ ਆਦਮੀ ਨੂੰ ਮਹਿੰਗਾ ਪੈ ਗਿਆ। ਉਸ ਨੇ ਇਸ ਕੇਸ ਵਿੱਚ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਮੁੱਖ ਮੰਤਰੀ, ਡੀ ਆਈ ਜੀ ਅਤੇ ਪੁਲਸ ਕਮਿਸ਼ਨਰ ਲੁਧਿਆਣਾ ਨੂੰ ਚਿੱਠੀ ਲਿਖੀ ਹੈ। ਥਾਣਾ ਸਲੇਮ ਟਾਬਰੀ ਪੁਲਸ ਨੇ ਅੱਠ ਮਹੀਨੇ ਜਾਂਚ ਕਰਨ ਪਿੱਛੋਂ ਦੋਸ਼ੀ ਸੁਖਵਿੰਦਰ ਸਿੰਘ, ਉਸ ਦੇ ਜੀਜਾ ਸੁਰਜੀਤ ਸਿੰਘ ਅਤੇ ਭਤੀਜੇ ਨਵਜੋਤ ਸਿੰਘ ਦੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।
ਸ਼ਿਕਾਇਤ ਕਰਤਾ ਖੁਸ਼ਜੀਤ ਸਿੰਘ ਨੇ ਦੱਸਿਆ ਕਿ ਉਹ ਪ੍ਰਾਪਰਟੀ ਐਡਵਾਈਜ਼ਰ ਦਾ ਕੰਮ ਕਰਦਾ ਹੈ ਅਤੇ ਬਾੜੇਵਾਲ ਪੁਸ਼ਪ ਵਿਹਾਰ ਵਿੱਚ ਰਹਿੰਦਾ ਹੈ। ਨਵੰਬਰ 2016 ਵਿੱਚ ਉਨ੍ਹਾਂ ਨੇ ਆਪਣੀ ਬੇਟੀ ਦਾ ਰਿਸ਼ਤਾ ਕੀਤਾ ਸੀ ਤੇ ਵਿਆਹ ਦਸੰਬਰ ਜਾਂ ਜਨਵਰੀ ਵਿੱਚ ਕਰਨ ਦੀ ਯੋਜਨਾ ਸੀ। ਇਸ ਦੌਰਾਨ ਅੱਠ ਨਵੰਬਰ ਨੂੰ ਪ੍ਰਧਾਨ ਮੰਤਰੀ ਨੇ ਪੁਰਾਣੀ ਕਰੰਸੀ ਬੰਦ ਕਰਨ ਦਾ ਐਲਾਨ ਕੀਤਾ ਤਾਂ ਉਹ ਘਬਰਾ ਗਿਆ। ਉਨ੍ਹਾਂ ਨੇ ਆਪਣੀ ਬੇਟੀ ਦੇ ਵਿਆਹ ਲਈ 12.70 ਲੱਖ ਰੁਪਏ ਜੋੜੇ ਹੋਏ ਸਨ। ਇਸ ਦੌਰਾਨ ਉਸ ਦਾ ਦੋਸਤ ਸੁਖਵਿੰਦਰ ਉਸ ਨੂੰ ਮਿਲਣ ਆਇਆ ਤਾਂ ਉਸ ਨਾਲ ਉਨ੍ਹਾਂ ਨੇ ਪੈਸਿਆਂ ਬਾਰੇ ਗੱਲ ਕੀਤੀ। ਇਸ ਉੱਤੇ ਸੁਖਵਿੰਦਰ ਬੋਲਿਆ ਕਿ ਉਸ ਦੇ ਜੀਜਾ ਸੁਰਜੀਤ ਸਿੰਘ ਦਾ ਬੇਟਾ ਨਵਜੋਤ ਬੈਂਕ ਵਿੱਚ ਕੰਮ ਕਰਦਾ ਹੈ ਅਤੇ ਉਨ੍ਹਾਂ ਦੀ ਬੈਂਕਾਂ ਵਿੱਚ ਚੰਗੀ ਜਾਣ ਪਛਾਣ ਹੈ, ਉਹ ਉਨ੍ਹਾਂ ਨੂੰ ਕਹਿ ਕੇ ਪੈਸੇ ਬਦਲਵਾ ਦੇਵੇਗਾ। ਇਹ ਕਹਿ ਕੇ 11 ਨਵੰਬਰ ਨੂੰ ਸੁਖਵਿੰਦਰ ਨੇ ਉਸ ਤੋਂ ਪੈਸੇ ਲੈ ਲਏ। ਉਸ ਨੇ ਉਸ ਨੂੰ ਕਿਹਾ ਕਿ 31 ਦਸੰਬਰ 2016 ਤੱਕ ਉਡੀਕਣਾ ਹੋਵੇਗਾ, ਇਕ ਜਨਵਰੀ 2017 ਨੂੰ ਉਸ ਨੂੰ ਨਵੀਂ ਕਰੰਸੀ ਮਿਲ ਜਾਵੇਗੀ। ਜਦ ਉਹ ਇਕ ਜਨਵਰੀ ਨੂੰ ਪੈਸੇ ਲੈਣ ਗਿਆ ਤਾਂ ਉਨ੍ਹਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਧਮਕੀਆਂ ਦੇਣ ਲੱਗੇ। ਫਿਰ ਉਨ੍ਹਾਂ ਨੇ ਨਵਜੋਤ ਦੇ ਬਾਰੇ ਪਤਾ ਕਰਵਾਇਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਦੋਸ਼ੀ ਬੈਂਕ ਮੁਲਾਜ਼ਮ ਨਹੀਂ ਹੈ। ਫਿਰ ਉਹ ਸਮਝ ਗਿਆ ਕਿ ਉਸ ਨਾਲ ਠੱਗੀ ਹੋਈ ਹੈ। ਉਨ੍ਹਾਂ ਨੇ ਦਿੱਲੀ ਤੋਂ ਲੁਧਿਆਣਾ ਤੱਕ ਸਭ ਥਾਂਈਂ ਚਿੱਠੀ ਲਿਖੀ ਅਤੇ ਇਨਸਾਫ ਦੀ ਮੰਗ ਕੀਤੀ। ਜਾਂਚ ਅਫਸਰ ਦੀਦਾਰ ਸਿੰਘ ਨੇ ਦੱਸਿਆ ਕਿ ਪੀੜਤ ਨੇ 22 ਜਨਵਰੀ ਨੂੰ ਸ਼ਿਕਾਇਤ ਦਿੱਤੀ ਸੀ। ਥਾਣਾ ਸਲੇਮ ਬਾਟਰੀ ਵਿੱਚ ਉਕਤ ਸ਼ਿਕਾਇਤ ਉਨ੍ਹਾਂ ਦੇ ਕੋਲ ਜਾਂਚ ਲਈ ਆਈ। ਜਾਂਚ ਦੇ ਬਾਅਦ ਹੁਣ ਪਰਚਾ ਦਰਜ ਕੀਤਾ ਗਿਆ ਹੈ।