ਨੈਸ਼ਨਲ ਅਸੈਂਬਲੀ ਸਪੀਚ ਤੋਂ ਬਾਅਦ ਫਰੈਂਚ ਦੌਰਾ ਖ਼ਤਮ ਕਰਕੇ ਲੰਡਨ ਜਾਣਗੇ ਟਰੂਡੋ

ਪੈਰਿਸ, 17 ਅਪਰੈਲ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਫਰਾਂਸ ਦੇ ਦੌਰੇ ਨੂੰ ਖ਼ਤਮ ਕਰਕੇ ਮਹਾਰਾਣੀ ਐਲਿਜ਼ਾਬੈੱਥ ਤੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਨਾਲ ਮੁਲਾਕਾਤ ਕਰਨ ਲਈ ਲੰਡਨ ਰਵਾਨਾ ਹੋਣਗੇ।
ਟਰੂਡੋ ਵੱਲੋਂ ਅੱਜ ਸਵੇਰੇ ਫਰੈਂਚ ਨੈਸ਼ਨਲ ਅਸੈਂਬਲੀ ਨੂੰ ਸੰਬੋਧਨ ਕੀਤਾ ਜਾਣਾ ਹੈ। ਅਜਿਹਾ ਕਰਨ ਵਾਲੇ ਉਹ ਪਹਿਲੇ ਕੈਨੇਡੀਅਨ ਪ੍ਰਧਾਨ ਮੰਤਰੀ ਬਣ ਜਾਣਗੇ। ਉਨ੍ਹਾਂ ਵੱਲੋਂ ਰਾਸ਼ਟਰਵਾਦ, ਲੋਕਲੁਭਾਨਵਾਦ ਤੇ ਜ਼ੀਨੋਫੋਬੀਆ ਵਰਗੇ ਮੁੱਦਿਆਂ ਨੂੰ ਛੋਹੇ ਜਾਣ ਦੀ ਸੰਭਾਵਨਾ ਹੈ। ਪਿਛਲੇ ਕੁੱਝ ਸਾਲਾਂ ਵਿੱਚ ਇਹ ਮੁੱਦੇ ਫਰਾਂਸ ਤੇ ਯੂਰਪ ਦੇ ਹੋਰਨਾਂ ਹਿੱਸਿਆਂ ਵਿੱਚ ਚਿੰਤਾ ਦਾ ਗੰਭੀਰ ਵਿਸ਼ਾ ਬਣ ਗਏ ਹਨ। ਸੋਮਵਾਰ ਨੂੰ ਕੈਨੇਡਾ ਤੇ ਫਰਾਂਸ ਨੇ ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਖਿਲਾਫ ਜੰਗ ਨੂੰ ਮੁੜ ਨੰਵਿਆਉਣ ਦਾ ਤਹੱਈਆ ਪ੍ਰਗਟਾਇਆ। ਜਿ਼ਕਰਯੋਗ ਹੈ ਕਿ ਰਾਸ਼ਟਰਪਤੀ ਡੌਨਲਡ ਟਰੰਪ ਆਪਣੇ ਦੇਸ਼ ਨੂੰ ਪੈਰਿਸ ਕਲਾਈਮੇਟ ਅਗਰੀਮੈਂਟ ਤੋਂ ਪਾਸੇ ਕਰ ਚੁੱਕੇ ਹਨ।
ਫਰਾਂਸ ਕੈਨੇਡਾ ਦੀ ਇਹ ਨਵੀਂ ਭਾਈਵਾਲੀ, ਜੋ ਕਿ ਕਾਰਬਨ ਉੱਤੇ ਵਿਸ਼ਵਵਿਆਪੀ ਪੱਧਰ ਉੱਤੇ ਟੈਕਸ ਲਾਉਣ ਦੇ ਹੱਕ ਵਿੱਚ ਹਨ। ਇਹ ਸੱਭ ਜੂਨ ਵਿੱਚ ਕਿਊਬਿਕ ਵਿੱਚ ਹੋਏ ਜੀ7 ਸਿਖਰ ਸੰਮੇਲਨ ਦੌਰਾਨ ਟਰੂਡੋ ਸਰਕਾਰ ਦੀਆਂ ਤਰਜੀਹਾਂ ਅਨੁਸਾਰ ਹੀ ਹੋ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੀ ਇਹੋ ਆਸ ਕਰ ਰਹੀ ਹੈ ਕਿ ਇਹ ਭਾਈਵਾਲੀ ਫਰਾਂਸ ਨੂੰ ਇਹ ਜਤਾਉਣ ਲਈ ਕਾਫੀ ਹੋਵੇਗੀ ਕਿ ਕੈਨੇਡਾ ਵਾਤਾਵਰਣ ਵਿੱਚ ਹੋਣ ਵਾਲੀਆਂ ਤਬਦੀਲੀਆਂ ਪ੍ਰਤੀ ਸੰਜੀਦਾ ਹੈ। ਇਸ ਦੇ ਨਤੀਜੇ ਵਜੋਂ ਕੈਨੇਡਾ ਤੇ ਯੂਰਪੀਅਨ ਯੂਨੀਅਨ ਵਿਚਾਲੇ ਮੁਕਤ ਵਪਾਰ ਸਮਝੌਤਾ ਸਿਰੇ ਚੜ੍ਹ ਸਕਦਾ ਹੈ।