ਨੈਟਵਰਕ ਪ੍ਰਾਬਲਮ

-ਜਗਮੀਤ ਸਿੰਘ ਪੰਧੇਰ
ਸਵੇਰੇ-ਸਵੇਰੇ ਮੁੰਡੇ ਵਾਲਿਆਂ ਦਾ ਫੋਨ ਆਇਆ, ‘ਬਹੁਤ-ਬਹੁਤ ਵਧਾਈਆਂ ਜੀ, ਆਪਣੇ ਅਮਨ ਨੂੰ ਸਰਕਾਰੀ ਨੌਕਰੀ ਮਿਲ ਗਈ। ਹੁਣ ਆਪਾਂ ਵਿਆਹ ਦੀ ਤਰੀਕ ਛੇਤੀ ਹੀ ਰੱਖ ਲਈਏ। ਨਾਲੇ ਹੁਣ ਤਾਂ ਤੁਹਾਨੂੰ ਥੋੜ੍ਹੀ ਜਿਹੀ ਖੇਚਲ ਹੋਰ ਕਰਨੀ ਪਊ। ਆਪਾਂ ਨੂੰ ਵਿਆਹ ਮੈਰਿਜ ਪੈਲੇਸ ਵਿੱਚ ਕਰਨਾ ਪ ਤੇ ਬਾਕੀ ਇੰਤਜ਼ਾਮ ਵਧੀਆ ਕਰਨਾ ਪਊਗਾ।’
‘ਅੱਛਾ ਜੀ, ਬਹੁਤ ਵਧੀਆ ਹੋਇਆ ਇਹ ਤਾਂ। ਬਾਕੀ ਤੁਹਾਨੂੰ ਵੀ ਬਹੁਤ-ਬਹੁਤ ਵਧਾਈਆਂ ਜੀ। ਕੱਲ੍ਹ ਇਧਰ ਵੀ ਵੱਡੀ ਖੁਸ਼ੀ ਦੀ ਗੱਲ ਹੋ ਗਈ ਹੈ। ਆਪਣੀ ਬੇਟੀ ਦਾ ਵੀਜ਼ਾ ਆ ਗਿਆ ਕੈਨੇਡਾ ਦਾ। ਵਿਆਹ ਤਾਂ ਪੈਲੇਸ ਵਿੱਚ ਹੀ ਹੋਵੇਗਾ, ਹੁਣ ਘਰੇ ਕਰਦੇ ਤਾਂ ਚੰਗੇ ਨੀ ਲੱਗਦੇ, ਪਰ ਤੁਹਾਡੇ Ḕਤੇ ਬੋਝ ਥੋੜ੍ਹਾ ਜਿਹਾ ਹੋਰ ਵਧ ਗਿਆ ਜੀ। ਪੈਲੇਸ ਦਾ ਖਾਣ ਪੀਣ ਦਾ ਤੇ ਹੋਰ ਬਾਕੀ ਖਰਚ ਦੇ ਨਾਲ ਬਾਹਰ ਭੇਜਣ ਦਾ ਖਰਚ ਵੀ ਹੁਣ ਤੁਹਾਨੂੰ ਹੀ ਕਰਨਾ ਪੈਣਾ। ਬਾਕੀ ਆ ਜਾਓ ਕਿਸੇ ਦਿਨ ਪਾਰਟੀ ਕਰ ਲਵਾਂਗੇ ਨਾਲੇ ਬੈਠ ਕੇ ਆਰਾਮ ਨਾਲ ਸਾਰੀ ਸਕੀਮ ਬਣਾ ਲਵਾਂਗੇ।’ ਕੁੜੀ ਵਾਲਿਆਂ ਵੱਲੋਂ ਖੁਸ਼ੀ ਦੀ ਖਬਰ ਸੁਣ ਕੇ ਮੁੰਡੇ ਵਾਲਿਆਂ ਦੇ ‘ਨੈਟਵਰਕ’ ਵਿੱਚ ਸਮੱਸਿਆ ਆ ਗਈ।