ਨੇਵੀ ਵਾਸਤੇ ਬਰਾਕ ਮਿਜ਼ਾਈਲ ਖਰੀਦਣ ਲਈ ਭਾਰਤ ਸਰਕਾਰ ਵੱਲੋਂ ਹਰੀ ਝੰਡੀ

barack missile
ਨਵੀਂ ਦਿੱਲੀ, 3 ਅਪਰੈਲ, (ਪੋਸਟ ਬਿਊਰੋ)- ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੇ ਆਪਣੀ ਸਮੁੰਦਰੀ ਫੌਜ ਦੇ ਜੰਗੀ ਜਹਾਜ਼ਾਂ ਵਿੱਚ ਫਿੱਟ ਕਰਨ ਲਈ ਧਰਤੀ ਤੋਂ ਹਵਾ ਵਿੱਚ ਮਾਤ ਪਾਉਣ ਦੇ ਸਮਰੱਥ ਬਰਾਕ ਮਿਜ਼ਾਈਲਾਂ ਦੀ ਨਵੀਂ ਖੇਪ ਦੀ ਖਰੀਦ ਨੂੰ ਸੋਮਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ, ਤਾਂ ਕਿ ਹਿੰਦ ਮਹਾਸਾਗਰ ਖੇਤਰ ਵਿੱਚ ਬਦਲੀਆਂ ਸੁਰੱਖਿਆ ਜ਼ਰੂਰਤਾਂ ਦੇ ਮੱਦੇਨਜ਼ਰ ਭਾਰਤ ਦੀ ਸਮੁੰਦਰੀ ਸਮਰੱਥਾ ਨੂੰ ਵਧਾਇਆ ਜਾ ਸਕੇ।
ਰੱਖਿਆ ਮੰਤਰੀ ਅਰੁਣ ਜੇਤਲੀ ਦੀ ਅਗਵਾਈ ਵਿੱਚ ਡਿਫੈਂਸ ਕੌਂਸਲ (ਡੀ ਸੀ) ਦੀ ਬੈਠਕ ਵਿੱਚ 860 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਖਰੀਦ ਕੀਤੇ ਜਾਣ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਗਈ। ਇਸ ਵਿੱਚ ਬਰਾਕ ਮਿਜ਼ਾਈਲਾਂ ਦੀ ਖਰੀਦ ਵੀ ਸ਼ਾਮਲ ਹੈ। ਰੱਖਿਆ ਮੰਤਰਾਲੇ ਦੇ ਸੂਤਰਾਂ ਮੁਤਾਬਕ ਇਨ੍ਹਾਂ ਮਿਜ਼ਾਈਲਾਂ ਨੂੰ ਇਜ਼ਰਾਈਲ ਦੇ ਰਾਫੇਲ ਐਡਵਾਂਸ ਡਿਫੈਂਸ ਸਿਸਟਮ ਲਿਮਟਿਡ ਤੋਂ ‘ਬਾਈ ਗਲੋਬਲ’ ਦੇ ਤਹਿਤ ਖਰੀਦਿਆ ਜਾਵੇਗਾ। ਸਮੁੰਦਰੀ ਫੌਜ ਦੇ ਲਗਭਗ ਸਾਰੇ ਜਹਾਜ਼ ਇਨ੍ਹਾਂ ਮਿਜ਼ਾਈਲਾਂ ਨਾਲ ਲੈਸ ਹੋਣਗੇ।
ਇਸ ਦੇ ਨਾਲ ਹੀ ਸਰਕਾਰ ਨੇ ਸਮੁੰਦਰਾਂ ਵਿੱਚ ਵਛਾਏ ਗਏ ਵਿਸਫੋਟਕਾਂ ਨਾਲ ਨਜਿੱਠਣ ਲਈ ਅੰਡਰ-ਵਾਟਰ ਰੋਬਟ ਜਿਹੇ ਜੰਤਰਾਂ ਦੀ ਖਰੀਦ ਲਈ ਐਕਸੈਪਟੈਂਸ ਆਫ ਨੈਸੇਸਿਟੀ (ਏ ਓ ਐੱਨ) ਨੂੰ ਵੀ ਨਾਲ ਮਨਜ਼ੂਰੀ ਦੇ ਦਿੱਤੀ ਹੈ। ਇਸ ਜੰਤਰ ਨੂੰ 311 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਨਾਲ ‘ਬਾਈ ਗਲੋਬਲ’ ਕਲਾਸ ਦੇ ਨਾਲ ਰਿਪੀਟ ਵਜੋਂ ਖਰੀਦਿਆ ਜਾ ਰਿਹਾ ਹੈ। ਅਰੁਣ ਜੇਤਲੀ ਦੇ 14 ਮਾਰਚ ਨੂੰ ਰੱਖਿਆ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਡੀ ਏ ਸੀ ਦੀ ਇਹ ਪਹਿਲੀ ਬੈਠਕ ਸੀ। ਇਸ ਵਿੱਚ ਜੇਤਲੀ ਨੇ ਵੱਖ-ਵੱਖ ਖਰੀਦ ਸੁਝਾਵਾਂ ਦਾ ਜਾਇਜ਼ਾ ਲਿਆ ਅਤੇ ਪੈਂਡਿੰਗ ਖਰੀਦ ਮਾਮਲਿਆਂ ਨੂੰ ਤੇਜ਼ੀ ਨਾਲ ਹਰੀ ਝੰਡੀ ਦੇਣ ਅਤੇ ਕਰੀਬੀ ਨਿਗਰਾਨੀ ਲਈ ਨਿਰਦੇਸ਼ ਜਾਰੀ ਕੀਤਾ।