ਨੇਪਾਲ ਵਿੱਚ ਦੋਵੇਂ ਕਮਿਊਨਿਸਟ ਪਾਰਟੀਆਂ ਵੱਲੋਂ ਆਪਸ ਵਿੱਚ ਰਲੇਵਾਂ


ਕਾਠਮੰਡੂ, 17 ਮਈ, (ਪੋਸਟ ਬਿਊਰੋ)- ਨੇਪਾਲ ਦੀ ਇੱਕੋ ਇੱਕ ਸਭ ਤੋਂ ਵੱਡੀ ਕਮਿਊਨਿਸਟ ਪਾਰਟੀ ਬਣਨ ਲਈ ਦੋਵੇਂ ਮੁੱਖ ਖੱਬੀਆਂ ਪਾਰਟੀਆਂ ਦਾ ਅੱਜ ਵੀਰਵਾਰ ਨੂੰ ਰਲੇਵਾਂ ਹੋ ਗਿਆ। ਇਸ ਰਲੇਵੇਂ ਲਈ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੀ ਰਾਜ ਕਰਦੀ ਸੀ ਪੀ ਐੱਨ-ਯੂ ਐੱਮ ਐੱਲ ਅਤੇ ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਦਹਿਲ ਪ੍ਰਚੰਡ ਦੀ ਅਗਵਾਈ ਹੇਠਲੀ ਸੀ ਪੀ ਐੱਨ-ਮਾਓਵਾਦੀ ਸੈਂਟਰ ਵਿਚਾਲੇ ਅੱਠ ਮਹੀਨੇ ਪਹਿਲੇ ਸਹਿਮਤੀ ਬਣੀ ਸੀ। ਰਲੇਵੇਂ ਦਾ ਰਸਮੀ ਐਲਾਨ ਪਾਰਟੀ ਏਕੀਕਰਨ ਤਾਲਮੇਲ ਕਮੇਟੀ (ਪੀ ਯੂ ਸੀ ਸੀ) ਦੀ ਮਨਜ਼ੂਰੀ ਮਿਲਣ ਪਿੱਛੋਂ ਅੱਜ ਕੀਤਾ ਗਿਆ।
ਵਰਨਣ ਯੋਗ ਹੈ ਕਿ ਦੋਵਾਂ ਖੱਬੀਆਂ ਪਾਰਟੀਆਂ ਨੇ ਪਿਛਲੇ ਸਾਲ ਦਸੰਬਰ ਵਿੱਚ ਪਾਰਲੀਮੈਂਟਰੀ ਅਤੇ ਸੂਬਾਈ ਚੋਣਾਂ ਵਿੱਚ ਹੱਥ ਮਿਲਾਇਆ ਸੀ ਅਤੇ 275 ਮੈਂਬਰੀ ਪਾਰਲੀਮੈਂਟ ਵਿੱਚ 174 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਸੀ। ਇਸ ਪਿੱਛੋਂ ਕਈ ਮਾਹਰਾਂ ਨੇ ਮੰਨਿਆ ਸੀ ਕਿ ਇਸ ਨਾਲ ਇਸ ਹਿਮਾਲਿਆ ਦੇ ਦੇਸ਼ ਵਿੱਚ ਸਿਆਸੀ ਸਥਿਰਤਾ ਦਾ ਦੌਰ ਸ਼ੁਰੂ ਹੋਵੇਗਾ। ਅੱਜ ਦਾ ਰਲੇਵਾਂ ਹੋਣ ਪਿੱਛੋਂ ਕੇ ਪੀ ਸ਼ਰਮਾ ਓਲੀ ਦੀ ਪ੍ਰਧਾਨਗੀ ਹੇਠ ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ ਉੱਤੇ ਨੇਪਾਲ ਕਮਿਊਨਿਸਟ ਪਾਰਟੀ (ਐੱਨ ਸੀ ਪੀ) ਦੀ ਪਹਿਲੀ ਸਾਂਝੀ ਮੀਟਿੰਗ ਹੋਈ। ਇਸ ਪਿੱਛੋਂ ਐੱਨ ਸੀ ਪੀ ਦੇ ਕੇਂਦਰੀ ਆਗੂਆਂ ਨੂੰ ਅਹੁਦਾ ਅਤੇ ਇਸ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ ਗਈ। ਇਸ ਮੌਕੇ ਓਲੀ ਅਤੇ ਪ੍ਰਚੰਡ ਨੇ ਇਕ-ਦੂਸਰੇ ਨੂੰ ਸਹੁੰ ਚੁਕਾਈ। ਦੋਵਾਂਂ ਖੱਬੀਆਂ ਪਾਰਟੀਆਂ ਵਿਚਕਾਰ ਸਮਝੌਤੇ ਹੇਠ ਓਲੀ ਅਤੇ ਪ੍ਰਚੰਡ ਐੱਨ ਸੀ ਪੀ ਦੀ ਅਗਵਾਈ ਕਰਨਗੇ ਅਤੇ ਇਸ ਨੂੰ ਚਲਾਉਣ ਦੇ ਲਈ ਨੌਂ ਮੈਂਬਰੀ ਸਕੱਤਰੇਤ ਬਣਾਇਆ ਗਿਆ ਹੈ। ਇਸ ਦੇ ਇਲਾਵਾ ਸੀ ਪੀ ਐੱਨ-ਯੂ ਐੱਮ ਐੱਲ ਅਤੇ ਸੀ ਪੀ ਐੱਨ-ਮਾਓਵਾਦੀ ਸੈਂਟਰ ਦੀਆਂ ਸਾਰੀਆਂ ਰਜਿਸਟਰਡ ਜਾਇਦਾਦਾਂ ਵੀ ਨਵੀਂ ਕਮਿਊਨਿਸਟ ਪਾਰਟੀ ਦੇ ਨਾਂਅ ਕਰਨ ਦਾ ਫ਼ੈਸਲਾ ਕਰ ਲਿਆ ਗਿਆ ਹੈ।