ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਮਹਾਤਮਾ ਗਾਂਧੀ ਨੂੰ ‘ਰਾਸ਼ਟਰ ਪਿਤਾ’ ਦੀ ਉਪਾਧੀ ਦਿੱਤੀ ਸੀ


ਨਵੀਂ ਦਿੱਲੀ, 7 ਜੁਲਾਈ (ਪੋਸਟ ਬਿਊਰੋ)- ਮਹਾਤਮਾ ਗਾਂਧੀ ਨੂੰ ‘ਰਾਸ਼ਟਰ ਪਿਤਾ’ ਕਿਹਾ ਜਾਂਦਾ ਹੈ, ਪਰ ਬਹੁਤ ਘੱਟ ਲੋਕ ਇਹ ਗੱਲ ਜਾਣਦੇ ਹਨ ਕਿ ਉਨ੍ਹਾਂ ਨੂੰ ਇਹ ਉਪਾਧੀ ਕਿਸ ਨੇ ਦਿੱਤੀ ਸੀ? ਮਹਾਤਮਾ ਗਾਂਧੀ ਨੂੰ ਪਹਿਲੀ ਵਾਰ ਸੁਭਾਸ਼ ਚੰਦਰ ਬੋਸ ਨੇ ‘ਰਾਸ਼ਟਰ ਪਿਤਾ’ ਕਹਿ ਕੇ ਸੰਬੋਧਨ ਕੀਤਾ ਸੀ।
ਮਿਲੀ ਜਾਣਕਾਰੀ ਅਨੁਸਾਰ ਚਾਰ ਜੂਨ 1944 ਨੂੰ ਸਿੰਗਾਪੁਰ ਰੇਡੀਓ ਤੋਂ ਇਕ ਸੰਦੇਸ਼ ਪ੍ਰਸਾਰਿਤ ਕਰਦੇ ਹੋਏ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਮਹਾਤਮਾ ਗਾਂਧੀ ਨੂੰ ‘ਰਾਸ਼ਟਰ ਪਿਤਾ ਮਹਾਤਮਾ ਗਾਂਧੀ’ ਕਿਹਾ ਸੀ। ਦੱਸਿਆ ਜਾਂਦਾ ਹੈ ਕਿ ਨੇਤਾ ਜੀ ਅਤੇ ਮਹਾਤਮਾ ਗਾਂਧੀ ਇਕ ਦੂਜੇ ਦਾ ਪੂਰਾ ਸਨਮਾਨ ਕਰਦੇ ਸਨ, ਪਰ ਇਸ ਦੇ ਨਾਲ ਦੋਵਾਂ ਵਿਚਾਲੇ ਕੁਝ ਮੁੱਦਿਆਂ ਨੂੰ ਲੈ ਕੇ ਮਤਭੇਦ ਵੀ ਸਨ। ਦੱਸਿਆ ਜਾਂਦਾ ਹੈ ਕਿ ਨੇਤਾ ਜੀ ਮਹਾਤਮਾ ਗਾਂਧੀ ਦੇ ਇਸ ਵਿਚਾਰ ਨਾਲ ਸਹਿਮਤ ਨਹੀਂ ਸਨ ਕਿ ਅਹਿੰਸਾ ਦੇ ਰਸਤੇ ਉਤੇ ਚੱਲ ਕੇ ਆਜ਼ਾਦੀ ਹਾਸਲ ਕੀਤੀ ਜਾ ਸਕਦੀ ਹੈ। ਦੇਸ਼ ਦੇ ਲੋਕ ਮਹਾਤਮਾ ਗਾਂਧੀ ਨੂੰ ਰਾਸ਼ਟਰ ਪਿਤਾ ਦੇ ਤੌਰ ‘ਤੇ ਜਾਣਦੇ ਹਨ, ਪਰ ਭਾਰਤ ਸਰਕਾਰ ਅਧਿਕਾਰਕ ਤੌਰ ਉਤੇ ਮਹਾਤਮਾ ਗਾਂਧੀ ਨੂੰ ‘ਰਾਸ਼ਟਰ ਪਿਤਾ’ ਐਲਾਨ ਨਹੀਂ ਕਰ ਸਕਦੀ। ਸੰਵਿਧਾਨ ਅੱਗੇ ਭਾਰਤ ਸਰਕਾਰ ਵੀ ਮਜਬੂਰ ਹੈ। ਗ੍ਰਹਿ ਮੰਤਰਾਲੇ ਨੇ ਲਖਨਊ ਦੀ ਆਰ ਟੀ ਆਈ ਵਰਕਰ ਬੱਚੀ ਐਸ਼ਵਰਿਆ ਪਾਰਾਥਰ ਨੂੰ ਦਿੱਤੀ ਸੂਚਨਾ ਵਿੱਚ ਕਿਹਾ ਹੈ ਕਿ ਸਰਕਾਰ ਮਹਾਤਮਾ ਗਾਂਧੀ ਨੂੰ ‘ਰਾਸ਼ਟਰ ਿਪਤਾ’ ਐਲਾਨ ਕਰਨ ਦੇ ਸਬੰਧ ਵਿੱਚ ਕੋਈ ਅਧਿਕਾਰਕ ਸੂਚਨਾ ਜਾਰੀ ਨਹੀਂ ਕਰ ਸਕਦੀ।