ਨੇਤਨਯਾਹੂ ਯੂਰਪੀਨ ਯੂਨੀਅਨ ਤੋਂ ਖਾਲੀ ਹੱਥ ਪਰਤੇ


ਬ੍ਰਸੱਲਜ਼, 12 ਦਸੰਬਰ (ਪੋਸਟ ਬਿਊਰੋ)- ਯੂਰਪ ਦੇ ਵਿਸ਼ੇਸ਼ ਦੌਰੇ ਲਈ ਆਏ ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕੱਲ੍ਹ ਯੂਰਪੀ ਯੂਨੀਅਨ ਤੋਂ ਯੇਰੂਸ਼ਲਮ ਦੇ ਮੁੱਦੇ ਉਤੇ ਰਾਸ਼ਟਰਪਤੀ ਟਰੰਪ ਦੀ ਪਹਿਲ ‘ਤੇ ਹਮਾਇਤ ਮੰਗੀ, ਪਰ ਉਨ੍ਹਾਂ ਨੂੰ ਨਿਰਾਸ਼ ਹੋਣਾ ਪਿਆ। ਯੂਰਪੀ ਯੂਨੀਅਨ ਨੇ ਯੇਰੂਸ਼ਲਮ ਨੂੰ ਇਸਰਾਈਲ ਨੂੰ ਰਾਜਧਾਨੀ ਦੇ ਰੂਪ ‘ਚ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕੋਈ ਨਰਮੀ ਨਹੀਂ ਵਿਖਾਈ।
ਇਸ ਦੌਰੇ ਦੌਰਾਨ ਯੂਰਪੀ ਯੂਨੀਅਨ ਦੇ ਵਿਦੇਸ਼ ਮੰਤਰੀਆਂ ਨਾਲ ਬੈਠਕ ਕਰਨ ਲਈ ਸੰਗਠਨ ਦੇ ਹੈਡਕੁਆਰਟਰ ਬੱ੍ਰਸਲਜ਼ ਆਏ ਹੋਏ ਬੈਂਜਾਮਿਨ ਨੇਤਨਯਾਹੂ ਨੇ ਕਿਹਾ, ‘ਰਾਸ਼ਟਰਪਤੀ ਟਰੰਪ ਦੇ ਫੈਸਲੇ ਨਾਲ ਮੱਧ ਪੂਰਬ ਵਿੱਚ ਸ਼ਾਂਤੀ ਹੋਵੇਗੀ। ਸੱਚ ਨੂੰ ਸਵੀਕਾਰ ਕਰਨ ਨਾਲ ਸ਼ਾਂਤੀ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤਰ੍ਹਾਂ ਯੇਰੂਸ਼ਲਮ ਮਾਮਲੇ ‘ਚ ਹੋਵੇਗਾ।
ਸਾਲ 1967 ਦੇ ਬਾਅਦ ਪੂਰੇ ਯੇਰੂਸ਼ਲਮ ਉੱਤੇ ਇਸਰਾਈਲ ਦਾ ਕਬਜ਼ਾ ਹੈ, ਪਰ ਯੂਰਪੀ ਯੂਨੀਅਨ ਦੇ ਸਾਰੇ 27 ਦੇਸ਼ਾਂ ਵਿੱਚੋਂ ਕੋਈ ਵੀ ਉਨ੍ਹਾਂ ਦੀ ਦਲੀਲ ਨਾਲ ਸਹਿਮਤ ਨਹੀਂ ਹੋਇਆ। ਇਥੋਂ ਤੱਕ ਕਿ ਇਸਰਾਈਲ ਦੇ ਪੱਕੇ ਦੋਸਤ ਦੇਸ਼ ਚੈਕ ਗਣਰਾਜ ਨੇ ਵੀ ਕਹਿ ਦਿੱਤਾ ਹੈ ਕਿ ਟਰੰਪ ਦੇ ਫੈਸਲੇ ਨਾਲ ਸ਼ਾਂਤੀ ਕੋਸ਼ਿਸ਼ਾਂ ਨੂੰ ਧੱਕਾ ਲੱਗਾ ਹੈ। ਫਰਾਂਸ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਯੇਰੂਸ਼ਲਮ ‘ਤੇ ਇਸਰਾਈਲ ਅਤੇ ਫਲਸਤੀਨ ਦਾ ਫੈਸਲਾ ਹੀ ਉਸ ਨੂੰ ਮਨਜ਼ੂਰ ਹੋਵੇਗਾ। ਬਾਅਦ ‘ਚ ਚੈਕ ਗਣਰਾਜ ਦੇ ਵਿਦੇਸ਼ ਮੰਤਰੀ ਲੁਬੋਮੀਰ ਜਾਓਰਾਲੇਕ ਨੇ ਕਿਹਾ ਕਿ ਟਰੰਪ ਦੇ ਦੂਤਘਰ ਟਰਾਂਸਫਰ ਕਰਨ ਦੇ ਨਤੀਜਿਆਂ ਨੂੰ ਲੈ ਕੇ ਡਰਿਆ ਹੋਇਆ ਹਾਂ, ਪਰ ਕੁਝ ਨਹੀਂ ਕਰ ਸਕਦਾ। ਇਰਾਨ ਅਤੇ ਯੂਰਪੀ ਦੇਸ਼ਾਂ ਦੇ ਮਜ਼ਬੂਤ ਵਪਾਰਕ ਰਿਸ਼ਤਿਆਂ ਤੋਂ ਨਾਰਾਜ਼ ਨੇਤਾਨਯਾਹੂ ਨੇ ਕਿਹਾ ਕਿ ਟਰੰਪ ਦੇ ਫੈਸਲੇ ਦਾ ਫਲਸਤੀਨੀ ਵਿਰੋਧ ਕਰਦੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਯੂਰਪ ਗਾਜ਼ਾ ਪੱਟੀ ਤੋਂ ਇਸਰਾਈਲ ‘ਚ ਕੀਤੇ ਜਾਣ ਵਾਲੇ ਰਾਕੇਟ ਹਮਲਿਆਂ ਦੀ ਕਦੇ ਨਿੰਦਾ ਨਹੀਂ ਕਰਦਾ।