ਨੂਰਾਂ ਸਿਸਟਰਜ਼ ਦੀ ਬਾ-ਕਮਾਲ ਪੇਸ਼ਕਾਰੀ

ਬਰੈਂਪਟਨ/ਨਵੰਬਰ 11, 2012-(ਪੋਸਟ ਬਿਊਰੋ)-ਬਰੈਂਪਟਨ ਦੇ ਚਿੰਗੂਜੀ ਸਕੂਲ ਦਾ ਪੰਜਾਬੀ ਵਿਰਸੇ ਨਾਲ ਸੁਗੰਧਤ ਥੀਏਟਰ। ਚੰਗੀ ਗਾਇਕੀ ਨੂੰ ਮਾਨਣ ਅਤੇ ਦਾਦ ਦੇਣ ਵਾਲੇ ਜੀਟੀਏ ਵਿਚ ਵੱਸਦੇ ਪੰਜਾਬੀਆਂ ਦਾ ਭਰਵਾਂ ਇਕੱਠ। ਪਰਿਵਾਰਾਂ ਸਮੇਤ ਸ਼ਾਮਲ ਇਹਨਾਂ ਪੰਜਾਬੀਆਂ ਵਿਚ ਆਪਣੇ ਵਿਰਸੇ ਨਾਲ ਜੁੜਨ ਅਤੇ ਸੰਗੀਤ ਤੇ ਸੁਰ ਨਾਲ ਲਬਰੇਜ਼ ਸੂਫੀ ਗਾਇਕੀ ਨੂੰ ਸੁਣਨ ਦਾ ਚਾਅ। 14 ਸਾਲ ਅਤੇ 16 ਸਾਲ ਦੀਆਂ ਜੋਤੀ ਅਤੇ ਸੁਲਤਾਨਾ ਨੂਰਾਂ ਵਲੋਂ ਕੈਨੇਡਾ ਵਿਚ ਪਲੇਠੀ ਪੇਸ਼ਕਾਰੀ ਨੂੰ ਪੰਜਾਬੀਆਂ ਦਾ ਭਰਵਾਂ ਹੁੰਗਰਾ ਇਹ ਸਾਬਤ ਕਰਦਾ ਸੀ ਕਿ ਇਕਬਾਲ ਮਾਹਲ ਦੀ ਪੇਸ਼ਕਾਰੀ ਵਿਚ ਕੁਝ ਵੱਖਰਾਪਣ ਅਤੇ ਨਵੇਕਲਾ ਜਰੂਰ ਹੈ ਜਿਸਦੀ ਪੰਜਾਬੀਅ ਸਰੋਤਿਆਂ ਨੂੰ ਆਸ ਹੁੰਦੀ ਹੈ। ਨੱਕੋ-ਨੱਕ ਭਰੇ ਹਾਲ ਵਿਚ ਜਦ ਸੁਰਜੀਤ ਪਾਤਰ ਨੇ ਬੀਬੀ ਨੂਰਾਂ ਦੀਆਂ ਪੜਦੋਹਤੀਆਂ ਬਾਰੇ ਆਪਣੇ ਸੁੰਦਰ ਲਫਜਾਂ ਵਿਚ ਸੂਫੀ ਗਾਇਕੀ ਨੂੰ ਅਕੀਦਤ ਭੇਂਟ ਕੀਤੀ ਤਾਂ ਇਹ ਹਰਫ਼ ਦਰ ਹਰਫ ਉਹਨਾਂ ਦੀ ਅਦਾਇਗੀ ਅਤੇ ਸੰਗੀਤ ਪ੍ਰਤੀ ਪ੍ਰਤੀਬੱਧਤਾ `ਤੇ ਪੂਰੇ ਉਤਰੀ। ਸਾਢੇ ਤਿੰਨ ਘੰਟੇ ਚੱਲ ਇਸ ਪੋ੍ਰਗਰਾਮ ਵਿਚ ਜੋਤੀ ਅਤੇ ਸੁਲਤਾਨਾ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਵਾਰ ਵਾਰ ਤਾੜੀਆਂ ਮਾਰਨ ਅਤੇ ਹੌਂਸਲਾ ਅਫਜਾਈ ਕਰਨ ਲਈ ਮਜਬੂਰ ਕੀਤਾ। ਸਾਰੇ ਪੋ੍ਰਗਰਾਮ ਦੌਰਾਨ ਸਰੋਤੇ ਸੂਫੀਆਨਾ ਕਲਾਮਾਂ ਅੰਦਰ ਲਹਿੰਦੇ ਰਹੇ ਅਤੇ ਇਕ ਚੰਗੇਰੇ ਸੰਗੀਤ ਦਾ ਲੁੱਤਫ ਮਾਣਦੇ ਰਹੇ। ਜੋਤੀ ਦੀ ਅਵਾਜ ਵਿਚ ਰੇਸ਼ਮਾ ਵਰਗੀ ਹੂਕ, ਸੰਗੀਤ ਦੀ ਸਮਝ ਅਤੇ ਮਾਸੂਮੀਅਤ ਭਰੀ ਪੇਸ਼ਕਾਰੀ ਕਾਰਨ ਸਰੋਤੇ ਉਸਨੂੰ ਭਵਿੱਖੀ ਰੇਸ਼ਮਾ ਦੇ ਰੂਪ ਵਿਚ ਚਿੱਤਵ ਰਹੇ ਸਨ। ਇਸ ਦੌਰਾਨ ਹਾਸੇ ਵੀ ਗੂੰਜਦੇ ਰਹੇ, ਤਾੜੀਆਂ ਵੀ ਵਜਦੀਆਂ ਰਹੀ ਪਰ ਅੱਖਾਂ ਵਿਚ ਸਿੱਲ ਵੀ ਉਤਰਦੀ ਰਹੀ। ਭਰੂਣ ਹੱਤਿਆ ਬਾਰੇ ਗੀਤ ਦੌਰਾਨ ਜੋਤੀ ਅਤੇ ਸੁਲਤਾਨਾ ਵਲੋਂ ਰੂ੍ਹਹ `ਚ ਉਤਰ ਕੇ ਸਿੱਲੀਆਂ ਅੱਖਾਂ ਨਾਲ ਗੀਤ ਗਾਉਣਾ, ਇਹ ਦਰਸਾਉਂਦਾ ਸੀ ਕਿ ਉਹ ਆਪਣੀ ਗਾਇਕੀ ਅਤੇ ਇਸਦੀ ਰੂਹ ਨੂੰ ਆਪਣੇ ਅੰਦਰ ਕਿਵੇਂ ਉਤਾਰਦੀਆਂ ਹਨ। ਇਸ ਨਾਲ ਹਰ ਸਰੋਤੇ ਦੀ ਅੱਖ ਵੀ ਨਮ ਹੋ ਗਈ ਸੀ।
ਇਸ ਬਹੁਤ ਹੀ ਰੰਗੀਨ ਸ਼ਾਮ ਵਿਚ ਜਿਥੇ ਸਟੇਜ ਦੀ ਕਾਰਵਾਈ ਨੀਟਾ ਬਲਵਿੰਦਰ ਅਤੇ ਨਤਾਸ਼ਾ ਮਾਹਲ ਵਲੋਂ ਨਿਭਾਈ ਗਈ, ਉਥੇ ਇਕਬਾਲ ਮਾਹਲ ਜੀ ਦੇ ਪਿਤਾ ਸ. ਰਣਜੀਤ ਸਿੰਘ ਮਾਹਲ ਨੇ ਇਹਨਾਂ ਬੱਚੀਆਂ ਨੂੰ ਬੁੱਕੇ ਦੇ ਕੇ ਜੀ ਆਇਆਂ ਵੀ ਕਿਹਾ ਅਤੇ ਬਾਅਦ ਵਿਚ ਸਾਰੇ ਮਾਹਲ ਪਰਿਵਾਰ ਵਲੋਂ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ। ਇਕ ਵਿਲੱਖਣ ਗੱਲ ਇਹ ਸੀ ਕਿ ਸਾਰੇ ਸਪਾਂਸਰਾਂ ਨੂੰ ਜੋਤੀ ਅਤੇ ਸੁਲਤਾਨਾ ਨੂਰਾਂ ਵਲੋਂ ਸਨਮਾਨ ਚਿੰਨ੍ਹ ਦਿਵਾਏੇ ਗਏ ਜੋ ਇਹਨਾਂ ਬੱਚੀਆਂ ਦੀ ਹੌਂਸਲਾ ਅਫਜਾਈ ਲਈ ਬੜੇ ਮਹੱਤਵਪੂਰਨ ਸਾਬਤ ਹੋਣਗੇ। ਪੰਜਾਬੀ ਆਰਟ ਐਸੋਸੀਏਸ਼ਨ ਟੋਰਾਂਟੋ ਦੇ ਪ੍ਰਧਾਨ ਬਲਜਿੰਦਰ ਲੇਲਣਾ ਅਤੇ ਸਮੁੱਚੀ ਟੀਮ ਵਲੋਂ ਇਸ ਸਮਾਗਮ ਨੂੰ ਸਫਲਤਾ ਪੁਰਵਕ ਨੇਪਰੇ ਚਾੜਨ ਲਈ ਪਾਇਆ ਗਿਆ ਯੋਗਦਾਨ ਜਿੱਕਰਯੋਗ ਸੀ। ਇਕਬਾਲ ਮਾਹਲ ਨੇ ਸਮੂਹ ਪੰਜਾਬੀ ਮੀਡੀਆ, ਸਪਾਂਸਰਾਂ ਅਤੇ ਪੰਜਾਬੀ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਜੋ ਉਹਨਾਂ ਦੀ ਹਾਕ ਦਾ ਹੁੰਗਾਰਾ ਭਰਦੇ ਹਨ। ਜੋਤੀ ਅਤੇ ਸੁਲਤਾਨਾ ਨੂਰਾਂ ਬਾਰੇ ਹਾਲ ਤੋਂ ਬਾਹਰ ਆਉਂਦੇ ਸਰੋਤਿਆਂ ਦੀ ਆਮ ਰਾਏ ਸੀ ਕਿ ਇਕਬਾਲ ਮਾਹਲ ਨੇ ਅਜੇਹੇ ਹੀਰਿਆਂ ਦੀ ਪਰਖ ਕਰਕੇ ਕੈਨੇਡਾ ਤੋਂ ਗਾਇਕੀ ਦੇ ਖੇਤਰ ਵਿਚ ਉਤਾਰਿਆ ਹੈ ਜਿਹੜੀਆਂ ਸਫਲਤਾ ਦੇ ਨਵੇਂ ਦਿਸਹੱਦੇ ਕਾਇਮ ਕਰਦੀਆਂ, ਪੰਜਾਬੀ ਸੂਫੀ ਗਾਇਕੀ ਦੀ ਝੋਲੀ ਵਿਚ ਬਹੁਤ ਚੰਗੇਰਾ ਧਰਨਗੀਆਂ ਅਤੇ ਪੰਜਾਬੀ ਸੰਗੀਤ ਦਾ ਮਾਣ ਬਣਗੀਆਂ। ਸੂਫੀ ਰੰਗਤ ਵਿਚ ਰੰਗੇ ਗੀਤ ‘ ਅੱਖੀਆਂ ਨੂੰ ਕਿਵੇਂ ਡੱਕੀਏ’, ‘ਕੁੱਲੀ ਰਾਹ ਵਿਚ ਪਾਈ ਅਸਾਂ ਤੇਰੇ, ਆਉਂਦਾ ਜਾਂਦਾ ਤੱਕਦਾ ਰਹੀਂ’, ‘ਅੱਲਾ ਹੂ ਦਾ ਅਵਾਜਾ ਆਵੇ, ਕੁਲੀ ਨੀ ਫਕੀਰ ਦੀ ਵਿਚੋਂ’ ‘ਟੁੰਗ ਟੁੰਗ’ ‘ਮੇਰਾ ਰਾਂਝਾ ਪੱਲ੍ਹੇ ਦੇ ਵਿਚ ਪਾ ਦੇ’, ‘ਆ ਜਾ ਵੇ ਆਜਾ ਮਾਹੀ, ਤੱਤੜੀ ਦੇ ਵਿਹੜੇ’,ਆਦਿ ਬਹੁਤ ਸਾਰੇ ਗੀਤਾਂ ਵਿਚ ਸੁਰ-ਬੱਧ ਸੰਗੀਤ, ਅਲਫ਼ਾਜ਼ਾਂ ਦੀ ਪੇਸ਼ਕਾਰੀ ਅਤੇ ਅਦਾਇਗੀ ਵਿਚ ਬਾ-ਕਮਾਲ ਮੁਹਾਰਤ, ਸਰੋਤਿਆ ਦੇ ਚੇਤਿਆਂ ਵਿਚ ਸਦਾ ਵੱਸਦੀ ਰਹੇਗੀ। ਇਸ ਬਹੁਤ ਹੀ ਸਫਲ਼ ਸ਼ੋਅ ਲਈ ਇਕਬਾਲ ਮਾਹਲ, ਮਨਜੀਤ ਮਾਹਲ, ਬੇਟੀ ਨਤਾਸ਼ਾ ਮਾਹਲ, ਸਹਿਯੋਗੀ ਅਤੇ ਇਕਬਾਲ ਮਾਹਲ ਦੀ ਪਾਰਖੂ ਅੱਖ ਵਧਾਈ ਦੀ ਪਾਤਰ ਹੈ।