ਨੁਕਤਾਚੀਨੀ ਹੋਣ ਪਿੱਛੋਂ ਸਚਿਨ ਤੇਂਦੁਲਕਰ ਨੇ ਵੀ ਪਾਰਲੀਮੈਂਟ ਪਹੁੰਚ ਕੇ ਹਾਜ਼ਰੀ ਭਰੀ

sachin
ਨਵੀਂ ਦਿੱਲੀ, 3 ਅਗਸਤ (ਪੋਸਟ ਬਿਊਰੋ)- ਪਾਰਲੀਮੈਂਟ ਦੇ ਉੱਪਰਲੇ ਹਾਊਸ ਰਾਜ ਸਭਾ ਵਿੱਚ ਘੱਟ ਹਾਜ਼ਰੀ ਦੇ ਕਾਰਨ ਨੁਕਤਾਚੀਨੀ ਦਾ ਸਿ਼ਕਾਰ ਹੋਏ ਕ੍ਰਿਕਟਰ ਸਚਿਨ ਤੇਂਦੁਲਕਰ ਅੱਜ ਵੀਰਵਾਰ ਨੂੰ ਰਾਜ ਸਭਾ ਵਿੱਚ ਦਿਖਾਈ ਦਿੱਤੇ। ਉਨ੍ਹਾਂ ਦੇ ਨਾਲ ਨੁਕਤਾਚੀਨੀ ਦੀ ਸਿ਼ਕਾਰ ਹੋ ਚੁੱਕੀ ਫਿਲਮ ਅਦਾਕਾਰਾ ਰੇਖਾ ਹਾਲੇ ਵੀ ਗ਼ੈਰ ਹਾਜ਼ਰ ਹੈ। ਸਚਿਨ ਤੇਂਦੁਲਕਰ ਰਾਜ ਸਭਾ ਦੇ ਨਾਮਜ਼ਦ ਮੈਂਬਰ ਹਨ। ਦੋ ਦਿਨ ਪਹਿਲਾਂ ਸਮਾਜਵਾਦੀ ਪਾਰਟੀ ਦੇ ਪਾਰਲੀਮੈਂਟ ਮੈਂਬਰ ਨਰੇਸ਼ ਅਗਰਵਾਲ ਨੇ ਲਗਾਤਾਰ ਘੱਟ ਹਾਜ਼ਰੀ ਕਾਰਨ ਸਚਿਨ ਅਤੇ ਰੇਖਾ ਦੀ ਰਾਜ ਸਭਾ ਮੈਂਬਰੀ ਰੱਦ ਕਰਨ ਦੀ ਮੰਗ ਕੀਤੀ ਸੀ।
ਅੱਜ ਰਾਜ ਸਭਾ ਵਿੱਚ ਪਹੁੰਚ ਕੇ ਸਚਿਨ ਨੇ ਕੁਝ ਮੈਂਬਰਾਂ ਨਾਲ ਹੱਥ ਮਿਲਾਇਆ ਤੇ ਆਪਣੀ ਸੀਟ ਉੱਤੇ ਬੈਠ ਗਏ। ਵਰਨਣ ਯੋਗ ਹੈ ਕਿ ਇਸ ਸਮੇਂ ਰਾਜ ਸਭਾ ਵਿੱਚ 12 ਨਾਮਜ਼ਦ ਮੈਂਬਰ ਹਨ, ਜਿਨ੍ਹਾਂ ਵਿੱਚ ਸਚਿਨ ਤੇਂਦੁਲਕਰ, ਰੇਖਾ, ਅਨੁ ਆਗਾ, ਸੰਭਾਜੀ ਛਤਰਪਤੀ, ਸਵਪਨ ਦਾਸਗੁਪਤਾ, ਰੂਪਾ ਗਾਂਗੁਲੀ, ਨਰੇਂਦਰ ਜਾਧਵ, ਐੱਮ ਸੀ ਮੈਰੀਕਾਮ, ਕੇ ਪਾਰਾਸਰਨ, ਗੋਪੀ ਸੁਰੇਸ਼, ਸੁਬਰਾਮਣੀਅਮ ਸਵਾਮੀ ਅਤੇ ਕੇ ਟੀਐੱਸ ਤੁਲਸੀ ਸ਼ਾਮਲ ਹਨ। ਦੋ ਦਿਨ ਪਹਿਲਾਂ ਸਮਾਜਵਾਦੀ ਪਾਰਟੀ ਦੇ ਨਰੇਸ਼ ਅਗਰਵਾਲ ਨੇ ਸਦਨ ਵਿੱਚ ਗ਼ੈਰ ਹਾਜ਼ਰੀ ਦਾ ਮੁੱਦਾ ਉਠਾਇਆ ਸੀ। ਮਾਰਚ ਵਿੱਚ ਵੀ ਉਨ੍ਹਾਂ ਨੇ ਸਦਨ ਵਿੱਚ ਕਿਹਾ ਸੀ ਕਿ ਸੰਵਿਧਾਨਿਕ ਵਿਵਸਥਾ ਹੇਠ ਰਾਜ ਸਭਾ ਵਿੱਚ 12 ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਸੀ ਕ੍ਰਿਕਟ ਅਤੇ ਫਿਲਮਾਂ ਸਮੇਤ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਨਾਮਜ਼ਦ ਕੀਤਾ ਜਾਂਦਾ ਹੈ, ਪਰ ਇਨ੍ਹਾਂ ਵਿੱਚੋਂ ਕਈ ਮੈਂਬਰ ਸਦਨ ਵਿੱਚ ਨਹੀਂਂ ਆ ਰਹੇ। ਉਨ੍ਹਾਂ ਕਿਹਾ ਸੀ ਕਿ ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਉਨ੍ਹਾਂ ਦੀ ਦਿਲਚਸਪੀ ਇਸ ਵਿੱਚ ਨਹੀਂ ਹੈ ਅਤੇ ਜੇ ਉਨ੍ਹਾਂ ਦੀ ਦਿਲਚਸਪੀ ਨਹੀਂ ਤਾਂ ਉਨ੍ਹਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਸਚਿਨ ਤੇਂਦੁਲਕਰ ਅਤੇ ਰੇਖਾ ਦੋਵੇਂ ਜਣੇ ਸਾਲ 2012 ਵਿੱਚ ਰਾਜ ਸਭਾ ਦੇ ਮੈਂਬਰ ਨਾਮਜ਼ਦ ਹੋਏ ਸਨ। ਇਸ ਤੋਂ ਬਾਅਦ ਕਰੀਬ 348 ਦਿਨਾਂ ਵਿੱਚ ਸਚਿਨ ਤੇਂਦੁਲਕਰ ਸਿਰਫ਼ 23 ਦਿਨ ਤੇ ਰੇਖਾ ਸਿਰਫ਼ 18 ਦਿਨ ਸਦਨ ਵਿੱਚ ਹਾਜ਼ਰ ਹੋਈ ਸੀ। ਫਿਲਹਾਲ ਮੌਨਸੂਨ ਇਜਲਾਸ ਵਿੱਚ ਦੋਵੇਂ ਹਾਜ਼ਰ ਨਹੀਂ ਰਹੇ। ਪਿਛਲੇ ਬਜਟ ਇਜਲਾਸ ਵਿੱਚ ਵੀ ਦੋਵੇਂ ਸਿਰਫ਼ ਇਕ-ਇਕ ਦਿਨ ਲਈ ਹੀ ਹਾਜ਼ਰ ਹੋਏ ਸਨ।