ਨੀਲਾ ਝੱਖੜ

-ਰੁਪਿੰਦਰ ਸਿੰਘ ਚੁਗਾਵਾਂ ਗਿੱਲ
ਨੀਲਾ ਪਸ਼ੂਆਂ ਹੇਠ ਸੁੱਟਣ ਵਾਲੀ ਮਿੱਟੀ ਦੀ ਟਰਾਲੀ ਭਰਨ ਵਾਸਤੇ ਆਇਆ ਸੀ, ਪਰ ਉਸ ਨੂੰ ਨੇੜੇ ਤੇੜੇ ਕੋਈ ਮਿੱਟੀ ਪੁੱਟਣ ਵਾਲੀ ਮਸ਼ੀਨ ਦਿਖਾਈ ਨਾ ਦਿੱਤੀ ਤਾਂ ਉਹ ਕੋਈ ਅਜਿਹਾ ਟਿੱਬਾ ਵੇਖਣ ਲੱਗਿਆ ਜਿਸ ਦੇ ਨਾਲ ਲਾ ਕੇ ਹੱਥੀਂ ਟਰਾਲੀ ਭਰੀ ਜਾ ਸਕੇ। ਟਿੱਬਾ ਵੇਖਦੇ-ਵੇਖਦੇ ਉਹ ਸਿਵੀਆਂ ਨੇੜੇ ਉਸ ਜਗ੍ਹਾ ਪਹੁੰਚ ਗਿਆ, ਜਿਥੇ ਹਵਾਈ ਸੈਨਾ ਦੇ ਜੰਗੀ ਜਹਾਜ਼ਾਂ ਦੇ ਨਿਸ਼ਾਨੇ ਲਾਉਣ ਵਾਲੀ ਸੈਂਕੜੇ ਏਕੜ ਜਗ੍ਹਾ ਦੁਆਲੇ ਕੰਡਿਆਲੀ ਤਾਰ ਲੱਗੀ ਹੋਈ ਹੈ। ਉਸ ਨੇ ਤਾਰ ਦੇ ਨਾਲ ਇਕ ਟਿੱਬਾ ਵੇਖ ਕੇ ਟਰਾਲੀ ਲਾ ਦਿੱਤੀ। ਨੀਲੇ ਨੇ ਟਿੱਬੇ ਉਤੇ ਜਾ ਕੇ ਅੰਗੜਾਈ ਲਈ ਤੇ ਲੰਮਾ ਸਮਾਂ ਟਰੈਕਟਰ ਚਲਾਉਣ ਕਾਰਨ ਅੰਬੇ ਸਰੀਰ ਵਿੱਚੋਂ ਅਕੜਾਅ ਦੂਰ ਕੀਤਾ।
ਅੱਸੂ ਦਾ ਮਹੀਨਾ ਅੱਧਾ ਲੰਘ ਚੁੱਕਾ ਸੀ। ਸੂਰਜ ਦਾ ਗੁੱਸਾ ਕੁਝ ਘੱਟ ਗਿਆ ਸੀ। ਹੁੰਮਸ ਭਰੇ ਪੁਰੇ ਦੀ ਥਾਂ ਪੱਛਮ ਵੱਲੋਂ ਰੁਮਕਦੀ ਖੁਸ਼ਕ ਹਵਾ ਨੇ ਲੈ ਲਈ ਸੀ। ਟਿੱਬੇ ਉਪਰੋਂ ਤਾਰ ਦੇ ਦੂਰ ਤੱਕ ਵਿਖਾਈ ਦਿੰਦੀ ਰੇਤਲੀ ਜ਼ਮੀਨ ਅਤੇ ਉਸ ਵਿੱਚ ਉਗੇ ਸਰਕੜੇ ਦੀ ਵੀਰਾਨੀ ਅਤੇ ਮੌਨ ਵਾਲੇ ਸੁੰਨ ਜਿਹੇ ਮਾਹੌਲ ਕਾਰਨ ਉਹ ਥੋੜ੍ਹਾ ਉਦਾਸ ਹੋ ਗਿਆ। ਟਿੱਬੇ ਉਪਰ ਬੈਠਾ ਤਾਰ ਦੇ ਅੰਦਰ ਖੜੇ ਆਵਾਰਾ ਪਸ਼ੂਆਂ ਨੂੰ ਵੇਖਣ ਲੱਗਾ। ਲੋਕ ਆਸ ਮੁਕਾ ਚੁੱਕੀਆਂ ਗਊਆਂ ਅਤੇ ਬੇਲੋੜੇ ਵੱਛਿਆਂ ਨੂੰ ਤਾਰ ਦੇ ਅੰਦਰਵਾਰ ਛੱਡ ਜਾਂਦੇ ਹਨ ਤਾਂ ਜੋ ਇਨ੍ਹਾਂ ਉਤੇ ਖਰਚ ਨਾ ਕਰਨਾ ਪਵੇ ਅਤੇ ਇਹ ਫਸਲਾਂ ਵੀ ਨਾ ਉਜਾੜਨ।
ਨੀਲੇ ਦੀ ਨਜ਼ਰ ਦੋ ਤਿੰਨ ਮਹੀਨਿਆਂ ਦੇ ਇਕ ਵੱਛੇ ‘ਤੇ ਪਈ। ਭੋਲੀਆਂ-ਭਾਲੀਆਂ ਅੱਖਾਂ ਵਾਲਾ ਉਹ ਵੱਛਾ ਬਹੁਤ ਮਾਸੂਮ ਲੱਗ ਰਿਹਾ ਸੀ ਤੇ ਡਰਿਆ ਜਿਹਾ ਖੜਾ ਸੀ। ਇੰਜ ਲੱਗਦਾ ਸੀ ਜਿਵੇਂ ਅੱਜ ਹੀ ਕੋਈ ਛੱਡ ਕੇ ਗਿਆ ਹੋਵੇ। ਵੱਛੇ ਨੂੰ ਵੇਖ ਕੇ ਨੀਲੇ ਨੂੰ ਦਸ ਸਾਲ ਪੁਰਾਣੀ ਆਪਣੀ ਹਾਲਤ ਯਾਦ ਆ ਗਈ, ਜਦੋਂ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਅਚਾਨਕ ਉਸ ਦਾ ਪਿਤਾ ਚੱਲ ਵਸਿਆ ਸੀ ਤਾਂ ਉਹ ਇਸ ਵੱਛੇ ਵਾਂਗੂੰ ਡਰਿਆ-ਜਿਹਾ ਆਪਣੇ ਆਪ ਨੂੰ ਇਸ ਭਰੀ ਭੁਕੰਨੀ ਦੁਨੀਆ ਵਿੱਚ ਇਕੱਲਾ ਮਹਿਸੂਸ ਕਰ ਰਿਹਾ ਸੀ। ਉਸ ਨੂੰ ਪਿਉ ਦੀ ਮੌਤ ਦੇ ਦੁੱਖ ਦੇ ਨਾਲ ਭੋਗ ਵਾਸਤੇ ਪੈਸੇ ਦਾ ਪ੍ਰਬੰਧ ਕਰਨ ਦੀ ਚਿੰਤਾ ਨੇ ਵੀ ਘੇਰ ਲਿਆ ਸੀ। ਉਸ ਨੂੰ ਆਪਣੀ ਧੌਣ ਕਬੀਲਦਾਰੀ ਦੇ ਭਾਰੇ ਜੂਲੇ ਥੱਲੇ ਦਬੀ ਮਹਿਸੂਸ ਹੋ ਰਹੀ ਸੀ।
ਜਦੋਂ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨਾਲ ਨੀਲੇ ਦਾ ਵਾਹ ਪਿਆ ਤਾਂ ਉਹ ਹਾਲੇ ਖੇਡਣ ਮੱਲਣ ਵਾਲੇ ਦੌਰ ਵਿੱਚੋਂ ਲੰਘ ਰਿਹਾ ਸੀ। ਘਰ ਦੇ ਕੰਮ ਨੂੰ ਉਸ ਨੇ ਕਦੇ ਹੱਥ ਨਹੀਂ ਸੀ ਲਾਇਆ। ਖਾਣਾ ਤੇ ਕਬੱਡੀ ਖੇਡਣਾ ਦੋ ਹੀ ਕੰਮ ਸਨ। ਇਸੇ ਕਾਰਨ ਉਸ ਨੂੰ ਨਿਆਣ ਮੱਤ ਸਮਝ ਕਿਸੇ ਨੇ ਪੈਸੇ ਉਧਾਰੇ ਨਾ ਦਿੱਤੇ। ਕੀ ਰਿਸ਼ਤੇਦਾਰ ਅਤੇ ਕੀ ਉਸ ਦੇ ਪਿਉ ਦੇ ਦੋਸਤ ਮਿੱਤਰ, ਸਭ ਅੱਖਾਂ ਫੇਰ ਗਏ ਸਨ। ਅਚਾਨਕ ਪਈ ਇਸ ਬਿਪਤਾ ਕਾਰਨ ਦਿਨਾਂ ਵਿੱਚ ਹੀ ਉਸ ਦੇ ਕਣਕ-ਵੰਨੇ ਰੰਗ ‘ਤੇ ਪਿਲੱਤਣ ਫਿਰ ਗਈ ਸੀ। ਉਸ ਦੀਆਂ ਡੂੰਘੀਆਂ ਲਿਸ਼ਕਦੀਆਂ ਅਤੇ ਆਸਾਂ ਨਾਲ ਭਰੀਆਂ ਅੱਖਾਂ ਥੱਕੀਆਂ-ਥੱਕੀਆਂ ਲੱਗਣ ਲੱਗੀਆਂ ਸਨ। ਉਸ ਦੀ ਬੇਪਰਵਾਹ ਤੇ ਮਸਤ ਚਾਲ, ਜਿਸ ਦੀ ਸਹਿਜਤਾ ਵਿੱਚ ਬਾਜ਼ ਵਰਗੀ ਫੁਰਤੀ ਲੁਕੀ ਹੋਈ ਸੀ, ਵੀ ਬਿਮਾਰੀ ਤੋਂ ਉਠੇ ਬੰਦੇ ਵਰਗੀ ਹੋ ਗਈ ਸੀ। ਥੋੜ੍ਹੇ ਦਿਨਾਂ ਵਿੱਚ ਉਸ ਨੂੰ ਲੱਗਣ ਲੱਗਿਆ ਜਿਵੇਂ ਉਸ ਨੇ ਕਈ ਸਾਲ ਇਕੱਠੇ ਹੀ ਪਾਰ ਕਰ ਲਏ ਹੋਣ।
ਨੀਲਾ ਸੋਚਦਾ-ਸੋਚਦਾ ਟਿੱਬੇ ਉਪਰ ਬੈਠ ਗਿਆ ਤੇ ਹੱਥਾਂ ਨਾਲ ਰੇਤੇ ਦੀਆਂ ਛੋਟੀਆਂ-ਛੋਟੀਆਂ ਢੀਮਾਂ ਭੰਨਦਾ ਉਹ ਰਣਬੀਰ ਬਾਰੇ ਸੋਚਣ ਲੱਗਾ, ਜਿਸ ਨੇ ਉਸ ਨੂੰ ਘੋਰ ਨਿਰਾਸ਼ਾ ਵਿੱਚੋਂ ਬਾਹਰ ਕੱਢਿਆ ਸੀ। ਨੀਲਾ ਉਨ੍ਹਾਂ ਪਲਾਂ ਬਾਰੇ ਸੋਚ ਕੇ ਜੋਸ਼ ਨਾਲ ਭਰ ਜਾਂਦਾ ਸੀ। ਦਰਅਸਲ, ਜਦੋਂ ਉਸ ਨੂੰ ਕਿਤੋਂ ਵੀ ਪੈਸੇ ਨਾ ਮਿਲੇ ਤਾਂ ਉਦਾਸੀ ਵਿੱਚ ਡੁੱਬੇ ਨੂੰ ਯਾਦ ਆਇਆ ਕਿ ਇਕ ਵਾਰ ਉਸ ਦੇ ਪਿਉ ਨੇ ਗੱਲਾਂ ਕਰਦਿਆਂ ਸਹਿਵਨ ਆਖਿਆ ਸੀ ਕਿ ਰਣਬੀਰ ਕੰਮ ਆਉਣ ਵਾਲਾ ਬੰਦਾ ਹੈ। ਸੋ ਨੀਲਾ ਉਸੇ ਵੇਲੇ ਰਣਬੀਰ ਦੇ ਘਰ ਵੱਲ ਨੂੰ ਤੁਰ ਪਿਆ ਸੀ। ਉਸ ਨੂੰ ਆਇਆ ਵੇਖ ਕੇ ਕੋਲ ਪਈ ਕੁਰਸੀ ‘ਤੇ ਨੀਲੇ ਨੂੰ ਬਿਠਾ ਆਪ ਰਣਬੀਰ ਮੰਜੇ ਉਪਰ ਬੈਠ ਗਿਆ। ਨੀਲਾ ਸੰਕੋਚ ਜਿਹੇ ਨਾਲ ਬੈਠ ਗਿਆ ਸੀ। ਉਸ ਨੇ ਨੀਲੇ ਦੇ ਅਧੀਨਗੀ ਵਾਲੇ ਵਰਤਾਅ ਕਾਰਨ ਅੰਦਾਜ਼ਾ ਲਾ ਲਿਆ ਕਿ ਉਹ ਕੋਈ ਗਰਜ਼ ਲੈ ਕੇ ਆਇਆ ਹੈ। ਥੋੜ੍ਹਾ ਜਿਹਾ ਸਹਿਜ ਹੋਣ ਤੋਂ ਬਾਅਦ ਨੀਲੇ ਨੇ ਗੱਲ ਸ਼ੁਰੂ ਕੀਤੀ, ‘ਚਾਚਾ, ਮੈਂ ਇਕ ਕੰਮ ਆਇਆ ਸੀ ਤੇਰੇ ਕੋਲ।’
ਰਣਬੀਰ ਨੇ ਉਤਸੁਕਤਾ ਨਾਲ ਪੁੱਛਿਆ, ‘ਹਾਂ ਦੱਸ, ਜੱਕਦਾ ਕਿਉਂ ਐ?’
ਨੀਲੇ ਨੇ ਅੰਦਰੋਂ ਹੌਸਲਾ ਇਕੱਠਾ ਕਰਕੇ ਗੱਲ ਸ਼ੁਰੂ ਕੀਤੀ, ‘ਪਾਪਾ ਦੇ ਭੋਗ ਵਿੱਚ ਚਾਰ ਦਿਨ ਰਹਿਗੇ, ਘਰੇ ਕੋਈ ਪੈਸਾ ਨ੍ਹੀਂ, ਆੜ੍ਹਤੀਏ ਨੇ ਵੀ ਰੋ ਪਿੱਟ ਕੇ ਪੰਜ ਹਜ਼ਾਰ ਈ ਦਿੱਤਾ, ਤੂੰ ਆਪ ਵੇਖ ਲੈ, ਪੰਜ ਨਾਲ ਕੀ ਬਣੂੰ।’
ਰਣਬੀਰ ਨੇ ਪੁੱਛਿਆ, ‘ਕਿੰਨੇ ਨਾਲ ਸਰੂ?’
ਉਸ ਦੀ ਗੱਲ ਸੁਣ ਕੇ ਉਹ ਹੌਸਲੇ ਨਾਲ ਬੋਲਿਆ, ‘ਘੱਟੋ-ਘੱਟ ਵੀਹ ਕੁ ਹਜ਼ਾਰ ਤਾਂ ਲੱਗ ਈ ਜਾਊ, ਇਕੱਠ ਵੀ ਵਾਹਵਾ ਹੋ ਜਾਣੈ।’ ਨੀਲਾ ਹੁਣ ਠਰੰ੍ਹਮੇ ਅਤੇ ਵਿਸ਼ਵਾਸ ਨਾਲ ਬੋਲ ਰਿਹਾ ਸੀ। ਉਸ ਦੀ ਆਵਾਜ਼ ਵਿੱਚੋਂ ਥਿੜਕਣ ਜਿਹੀ ਮੁੱਕ ਗਈ ਸੀ।
‘ਲੈ ਜਾਈਂ ਸਵੇਰੇ,’ ਰਣਬੀਰ ਦੇ ਇਨ੍ਹਾਂ ਬੋਲਾਂ ਨਾਲ ਨੀਲਾ ਇਕਦਮ ਪਿਆਰ ਅਤੇ ਧੰਨਵਾਦੀ ਭਾਵ ਨਾਲ ਭਰ ਗਿਆ ਸੀ। ਉਸ ਦੇ ਚਿਹਰੇ ਉਪਰ ਕੁਝ ਰੌਂਅ ਪਰਤਣ ਲੱਗੀ।
ਉਸ ਨੂੰ ਸ਼ਰਬਤ ਵਾਲਾ ਗਿਲਾਸ ਫੜਾਉਂਦਿਆਂ ਰਣਬੀਰ ਆਖਣ ਲੱਗਾ, ‘ਨੀਲਿਆ, ਬਾਈ ਅਰਜਨ ਵਾਲਾ ਘਾਟਾ ਬਹੁਤ ਵੱਡੈ। ਸਾਡੀ ਜ਼ਿੰਮੇਵਾਰੀ ਹੁਣ ਤੇਰੇ ‘ਤੇ ਐ। ਵੇਖ ਇਹ ਕੋਈ ਤੇਰੇ ‘ਕੱਲੇ ਨਾਲ ਨ੍ਹੀਂ ਹੋਈ। ਸਾਰੀ ਦੁਨੀਆ ਨਾਲ ਹੁੰਦੀ ਆਈ ਐ। ਭਾਣਾ ਮੰਨਣ ਤੋਂ ਬਿਨਾਂ ਕੋਈ ਚਾਰਾ ਨ੍ਹੀਂ। ਏਸ ਮੁਸੀਬਤ ਨਾਲ ਤੈਨੂੰ ਹੀ ਨਜਿੱਠਣਾ ਪੈਣੈ।’
ਉਹ ਇਹ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਰਿਹਾ ਸੀ ਅਤੇ ਥੋੜ੍ਹਾ ਜਿਹਾ ਅੱਗੇ ਨੂੰ ਝੁਕ ਕੇ ਬੈਠਾ ਸੀ। ਰਣਬੀਰ ਨੇ ਗੱਲ ਜਾਰੀ ਰੱਖੀ, ‘ਜਿੰਨੀ ਛੇਤੀ ਲੱਕ ਬੰਨ੍ਹ ਕੇ ਲੱਗ ਜਾਏਂਗਾ, ਓਨਾ ਹੀ ਚੰਗਾ ਰਹੇਂਗਾ। ਢੇਰੀ ਢਾਹੁਣ ਨਾਲ ਤਾਂ ਸਗੋਂ ਹੋਰ ਨੁਕਸਾਨ ਹੋਊ। ਮੈਨੂੰ ਪਤੈ ਤੂੰ ਕਦੇ ਕੰਮ ਨ੍ਹੀਂ ਕੀਤਾ। ਇਹ ਐਵੇਂ ਵੇਖਣ ਨੂੰ ਹੀ ਔਖਾ ਲੱਗਦੈ, ਜਦੋਂ ਦਿਲ ਲਾ ਕੇ ਕਰਨ ਲੱਗ ਪਈਏ ਤਾਂ ਇਹ ਸਕੂਨ ਦੇਣ ਲੱਗ ਪੈਂਦੈ। ਬੱਸ ਲੱਗ ਜਾ ਤਕੜਾ ਹੋ ਕੇ।’
ਨੀਲੇ ਨੇ ਉਸ ਦੀ ਗੱਲ ਲੜ ਬੰਨ੍ਹ ਲਈ ਸੀ। ਇਸੇ ਕਾਰਨ ਅੱਜ ਉਹ ਪੂਰਾ ਸੌਖਾ ਸੀ।
ਦੂਰੋਂ ਕਿਸੇ ਆਵਾਰਾ ਪਸ਼ੂ ਦੀ ਆਵਾਜ਼ ਸੁਣ ਕੇ ਨੀਲਾ ਬੀਤੇ ਦੀਆਂ ਯਾਦਾਂ ਵਿੱਚੋਂ ਬਾਹਰ ਨਿਕਲਿਆ। ਉਸ ਨੇ ਇੰਨੇ ਛੋਟੇ ਵੱਛੇ ਨੂੰ ਇਥੇ ਛੱਡ ਕੇ ਜਾਣ ਵਾਲੇ ਨੂੰ ਇਕ ਮੋਟੀ ਗਾਲ੍ਹ ਕੱਢੀ ਅਤੇ ਕਹੀ ਨਾਲ ਟਰਾਲੀ ਵਿੱਚ ਮਿੱਟੀ ਸੁੱਟਣ ਲੱਗਿਆ। ਮਿੱਟੀ ਦੀ ਟਰਾਲੀ ਭਰ ਕੇ ਜਦੋਂ ਉਹ ਪਿੰਡ ਪਹੁੰਚੇ ਤਾਂ ਸੂਰਜ ਸੰਤਰੀ ਰੰਗ ਦਾ ਵੱਡਾ ਸਾਰਾ ਸੂਹਾ ਗੋਲਾ ਬਣ ਕੇ ਦੂਰ ਖੇਤਾਂ ਦੇ ਪਿੱਛੇ ਧਰਤੀ ਨਾਲ ਲੱਗਾ ਪਿਆ ਸੀ।
ਦਸ ਸਾਲ ਪਹਿਲਾਂ ਰਣਬੀਰ ਵੱਲੋਂ ਕੀਤੀ ਮਦਦ ਕਾਰਨ ਨੀਲੇ ਤੇ ਰਣਬੀਰ ਵਿੱਚ ਇਕ ਸਾਂਝ ਜਿਹੀ ਬਣ ਗਈ ਸੀ। ਉਹ ਰਣਬੀਰ ਦੇ ਘਰੋਂ ਕੋਈ ਵੀ ਸੰਦ ਬਿਨਾਂ ਪੁੱਛੇ ਲਿਜਾ ਸਕਦਾ ਸੀ ਅਤੇ ਜਦੋਂ ਰਣਬੀਰ ਨੂੰ ਕੋਈ ਕੰਮ ਹੁੰਦਾ ਤਾਂ ਉਸ ਨੂੰ ਹੋਕਰਾ ਮਾਰਨ ਦੀ ਲੋੜ ਨਾ ਪੈਂਦੀ, ਨੀਲਾ ਪਹਿਲਾਂ ਹੀ ਹਾਜ਼ਰ ਹੋ ਜਾਂਦਾ। ਉਹ ਰਣਬੀਰ ਦਾ ਅਹਿਸਾਨ ਨਹੀਂ ਸੀ ਭੁੱਲਿਆ ਤੇ ਮਿੱਟੀ ਦੀ ਟਰਾਲੀ ਵੀ ਉਸ ਦੇ ਘਰ ਹੀ ਲਾਹੁਣੀ ਸੀ। ਰਣਬੀਰ ਨੇ ਆਖਿਆ ਕਿ ਮਿੱਟੀ ਸਵੇਰੇ ਲਾਹ ਲਵਾਂਗੇ, ਪਰ ਨੀਲਾ ਕਿੱਥੇ ਮੰਨਣ ਵਾਲਾ ਸੀ। ਉਸ ਨੇ ਟਰਾਲੀ ਵਿਹਲੀ ਕਰਕੇ ਹੀ ਪਾਣੀ ਪੀਤਾ।
ਉਹ ਇੰਨਾ ਹਿੰਮਤੀ ਤੇ ਜਰਵਾਣਾ ਸੀ ਕਿ ਕੰਮ ਉਸ ਦੇ ਮੂਹਰੇ ਉਡਿਆ ਫਿਰਦਾ ਸੀ। ਇਸੇ ਕਾਰਨ ਲੋਕਾਂ ਨੇ ਉਸ ਨੂੰ ਝੱਖੜ ਕਹਿਣਾ ਸ਼ੁਰੂ ਕਰ ਦਿੱਤਾ ਸੀ, ਜਿਸ ਨੂੰ ਸੁਣ ਕੇ ਉਹ ਅੰਦਰੋਂ ਖੁਸ਼ ਹੁੰਦਾ ਸੀ। ਮਿੱਟੀ ਲਾਹੁਣ ਮਗਰੋਂ ਨੀਲਾ ਅਤੇ ਰਣਬੀਰ ਬਾਹਰਲੇ ਘਰ ਬੈਠਕ ਵਿੱਚ ਬੈਠ ਕੇ ਥਕੇਵਾਂ ਲਾਹੁਣ ਲੱਗੇ। ਰਣਬੀਰ ਦੇ ਮੋਹ ਅਤੇ ਸਤਿਕਾਰ ਵਿੱਚ ਭਿੱਜੇ ਨੀਲੇ ਦਾ ਨਸ਼ਾ ਦੂਣਾ ਹੋਇਆ ਪਿਆ ਸੀ। ਜਦੋਂ ਰਣਬੀਰ ਉਸ ਨੂੰ ਬਾਹਰ ਛੱਡਣ ਆਇਆ ਤਾਂ ਉਹ ਆਖਣ ਲੱਗਾ, ‘ਚਾਚਾ, ਮੈਂ ਤਾਂ ਤੇਰੇ ਚਰਨਾਂ ਦੀ ਧੂੜ ਆਂ, ਜਦੋਂ ਮਰਜ਼ੀ ਜਾਨ ਮੰਗ ਲਈ।’
ਰਣਬੀਰ ਨੇ ਉਸ ਨੂੰ ਜੱਫੀ ‘ਚ ਲੈ ਲਿਆ। ਰਣਬੀਰ ਨੇ ਭਾਵੇਂ ਘੱਟ ਪੀਤੀ ਸੀ, ਪਰ ਅਜਿਹੇ ਜਜ਼ਬਾਤੀ ਮਾਹੌਲ ਵਿੱਚ ਉਹ ਵੀ ਸਰੂਰ ਦੇ ਦਰਿਆ ਵਿੱਚ ਤਾਰੀਆਂ ਲਾ ਰਿਹਾ ਸੀ। ‘ਮਹਾਰਾਜ ਈ ਸਾਰਾ ਕੁਝ ਕਰਨ ਵਾਲੈ।’ ਰਣਬੀਰ ਨੇ ਇੰਨਾ ਹੀ ਆਖਿਆ ਸੀ। ਉਨ੍ਹਾਂ ਦੀ ਸਾਰੀ ਗੱਲਬਾਤ ਰਣਬੀਰ ਦੀ ਤਾਈ ਬਚਨ ਕੌਰ ਦਰਵਾਜ਼ੇ ਵਿੱਚ ਖੜੀ ਸੁਣ ਰਹੀ ਸੀ। ਬਚਨੋ ਦਾ ਰਿਸ਼ਤਾ ਨੀਲੇ ਦੀ ਦਾਦੀ ਨੇ ਕਰਵਾਇਆ ਸੀ। ਇਸੇ ਕਾਰਨ ਨੀਲਾ ਉਸ ਨੂੰ ਭੂਆ ਕਹਿੰਦਾ ਸੀ। ਬਚਨੋ ਥੋੜ੍ਹਾ ਚਿਰ ਪਹਿਲਾਂ ਕੈਨੇਡਾ ਤੋਂ ਵਾਪਸ ਆਈ ਸੀ। ਨੀਲੇ ਨਾਲ ਉਸ ਦੀ ਘੱਟ ਬਣਦੀ ਸੀ। ਉਸ ਨੂੰ ਬਾਹਰਲੇ ਸਾਕ ਦਾ ਲਾਰਾ ਲਾ ਕੇ ਬਚਨੋ ਉਸ ਤੋਂ ਖੇਤੀਬਾੜੀ ਦਾ ਮਾੜਾ ਮੋਟਾ ਕੰਮ ਕਰਵਾਉਂਦੀ ਰਹੀ ਸੀ।
ਬਚਨੋ ਦਾ ਕੱਦ ਮਧਰਾ ਅਤੇ ਰੰਗ ਗੋਰਾ ਸੀ। ਉਸ ਦੀਆਂ ਲਗਭਗ ਬਿਨਾਂ ਭਰਵੱਟਿਆਂ ਤੋਂ ਛੋਟੀਆਂ-ਛੋਟੀਆਂ ਅੱਖਾਂ ਹਰ ਵੇਲੇ ਕਿਸੇ ਦਾ ਮਜ਼ਾਕ ਉਡਾਉਂਦੀਆਂ ਲੱਗਦੀਆਂ ਸਨ। ਉਸ ਵਿੱਚ ਭਲਾਈ ਨੂੰ ਛੱਡ ਕੇ ਸਾਰੇ ਗੁਣ ਸਨ। ਕਿਸੇ ਦੀ ਗੱਲ ਬਣਾਉਣੀ, ਜ਼ਖਮਾਂ ‘ਤੇ ਲੂਣ ਛਿੜਕਣਾ, ਕਿਸੇ ਨੂੰ ਨੀਵਾਂ ਵਿਖਾਉਣਾ ਅਤੇ ਚੁਗਲੀ ਕਰਨਾ ਤਾਂ ਉਹ ਆਪਣੇ ਹੱਕ ਸਮਝਦੀ ਸੀ। ਚੁਗਲੀ ਕਰਕੇ ਉਹ ਕਹਿੰਦੀ, ‘ਸੱਚੀ ਗੱਲ ਤਾਂ ਭਾਈ ਕਹੀ ਜਾਂਦੀ ਐ।’ ਜਦੋਂ ਤੋਂ ਉਸ ਦੀਆਂ ਧੀਆਂ ਕੈਨੇਡਾ ਗਈਆਂ ਹਨ, ਉਹ ਹੋਰ ਵੀ ਹੰਕਾਰ ਗਈ ਸੀ।
ਅਗਲੇ ਦਿਨ ਬਚਨੋ ਰਣਬੀਰ ਦੇ ਘਰ ਆਈ ਤਾਂ ਉਸ ਦੀ ਮਾਂ ਨੂੰ ਸੁਆਹ ਨਾਲ ਭਾਂਡੇ ਮਾਂਜਦੀ ਨੂੰ ਵੇਖ ਕੇ ਕਹਿਣ ਲੱਗੀ, ‘ਮੇਰਾ ਤਾਂ ਜੀਅ ਕਾਹਲਾ ਪੈਂਦੇ ਤੇਰੇ ਹੱਥਾਂ ਵੱਲ ਵੇਖ ਕੇ। ਤੁਸੀਂ ਹਾਲੇ ਸੁਆਹ ਵਿੱਚੋਂ ਈ ਨ੍ਹੀਂ ਨਿਕਲੀਆਂ।’
ਰਣਬੀਰ ਕੁਝ ਬੋਲਣ ਲੱਗਾ ਤਾਂ ਉਸ ਦੀ ਸੰਤ ਸੁਭਾਅ ਦੀ ਮਾਂ ਨੇ ਇਸ਼ਾਰੇ ਨਾਲ ਉਸ ਨੂੰ ਰੋਕ ਦਿੱਤਾ। ਉਹ ਅੰਦਰੋਂ ਦੁਖੀ ਹੁੰਦਾ ਚੁੱਪ ਕਰ ਗਿਆ। ਬਚਨੋ ਰਣਬੀਰ ਨੂੰ ਆਖਣ ਲੱਗੀ, ‘ਵੇ ਰਾਤ ਕੌਣ ਸੀ? ਥੋੜ੍ਹੀ ਪੀ ਲਿਆ ਕਰੋ। ਪੈਰ ਨ੍ਹੀਂ ਸੀ ਲੱਗਦੇ। ਸ਼ਰਾਬੀ ਹੋਏ ਕੀ ਖੇਖਣ ਕਰਦੇ ਸੀ। ਅੱਧੀ ਰਾਤ ਨੂੰ ਤੂੰ ਮੇਰਾ ਚਾਚਾ ਮੈਂ ਤੇਰਾ ਚਾਚਾ।’ ਬਚਨੋ ਰਾਤ ਵਾਲੀਆਂ ਗੱਲਾਂ ਦੀ ਨਕਲ ਲਾਹ ਕੇ ਦੱਸ ਰਹੀ ਸੀ।
ਰਣਬੀਰ ਨੂੰ ਗੁੱਸਾ ਤਾਂ ਬਹੁਤ ਚੜ੍ਹਿਆ ਸੀ, ਪਰ ਉਹ ਏਨਾ ਹੀ ਆਖ ਸਕਿਆ, ‘ਤੇਰਾ ਭਤੀਜਾ ਹੀ ਸੀ।’
ਤਾਈ ਬੁੱਲ੍ਹ ਕੱਢਦੀ ਹੋਈ ਬੋਲੀ, ‘ਕੌਣ? ਨੀਲਾ? ਇਹੋ ਜਿਹੇ ਭਤੀਜੇ ਨੂੰ ਮੈਂ ਬਾਰ ਮੂਹਰੇ ਦੀ ਨ੍ਹੀਂ ਲੰਘਣ ਦਿੰਦੀ। ਉਹਦੀ ਕਰਤੂਤ ਦਾ ਨ੍ਹੀਂ ਪਤਾ ਤੈਨੂੰ। ਉਹਨੂੰ ਤਾਂ ਕੋਈ ਘਰੇ ਨ੍ਹੀਂ ਵਾੜਦਾ। ਤੈਨੂੰ ਵੀ ਬੱਸ ਇਹੋ ਜਿਹੇ ਮਿਲਦੇ ਐ।’
ਸੁਣ ਕੇ ਰਣਬੀਰ ਨੂੰ ਬਹੁਤ ਬੁਰਾ ਲੱਗਾ, ਪਰ ਉਹ ਬੋਲਦਾ ਵੀ ਕੀ। ਦਰਅਸਲ ਦੋ ਕੁ ਸਾਲ ਪਹਿਲਾਂ ਨੀਲੇ ਨੇ ਪਿੰਡ ਦੀ ਦੋਹਤੀ ਨਾਲ ਵਿਆਹ ਕਰਾ ਲਿਆ ਸੀ। ਰਣਬੀਰ ਨੂੰ ਉਸ ‘ਤੇ ਵੀ ਜ਼ਰਾ ਕੁ ਗੁੱਸਾ ਆਇਆ।
ਰਣਬੀਰ ਅਤੇ ਨੀਲਾ ਆਥਣ ਵੇਲੇ ਅਕਸਰ ਪਿੰਡ ਦੀ ਫਿਰਨੀ ‘ਤੇ ਬਣੇ ਸ਼ੈਡ ‘ਤੇ ਮਿਲ ਪੈਂਦੇ ਸਨ, ਜਿਥੇ ਲੋਕ ਕੰਮਾਂ ਤੋਂ ਵਿਹਲੇ ਹੋ ਕੇ ਬਿੰਦ ਝੱਟ ਗੱਲਾਂ ਕਰ ਲੈਂਦੇ ਸਨ। ਰਣਬੀਰ ਨੀਲੇ ਦੇ ਬੇਬਾਕ ਗੱਲ ਕਹਿਣ ਦੇ ਢੰਗ, ਜਿਸ ਵਿੱਚੋਂ ਦਲੇਰੀ ਝਲਕਦੀ ਸੀ, ਦਾ ਬਹੁਤ ਕਾਇਲ ਸੀ, ਪਰ ਅੱਜ ਜਦੋਂ ਨੀਲੇ ਨੇ ਕੋਈ ਹਾਸੇ ਵਾਲੀ ਗੱਲ ਸੁਣਾਈ ਤਾਂ ਰਣਬੀਰ ਪਹਿਲਾਂ ਵਾਂਗ ਨਾ ਖੁੱਲ੍ਹ ਕੇ ਹੱਸਿਆ ਅਤੇ ਨਾ ਹੀ ਉਸ ਵੱਲ ਬਹੁਤਾ ਧਿਆਨ ਦਿੱਤਾ। ਨੀਲੇ ਨੇ ਇਸ ਨੂੰ ਸਰਸਰੀ ਲਿਆ, ਪਰ ਅਗਲੇ ਦਿਨ ਰਣਬੀਰ ਦੇ ਨੌਕਰ ਨੇ ਤਾਈ ਬਚਨੋ ਵਾਲੀ ਸਾਰੀ ਗੱਲਬਾਤ ਨੀਲੇ ਨੂੰ ਦੱਸ ਦਿੱਤੀ। ਉਸ ਨੂੰ ਸਮਝਣ ਵਿੱਚ ਦੇਰ ਨਾ ਲੱਗੀ ਕਿ ਰਣਬੀਰ ਕੱਲ੍ਹ ਕਿਉਂ ਵਟਿਆ-ਵਟਿਆ ਜਿਹਾ ਸੀ।
ਉਹ ਸਿੱਧਾ ਰਣਬੀਰ ਦੇ ਘਰ ਗਿਆ, ਪਰ ਉਹ ਘਰ ਨਹੀਂ ਸੀ। ਉਸ ਨੂੰ ਟੇਕ ਨਾ ਆਈ। ਉਹ ਰਣਬੀਰ ਦੇ ਖੇਤ ਵੱਲ ਟੁਰ ਪਿਆ। ਰਣਬੀਰ ਮੰਜੇ ਉਪਰ ਪਿਆ ਸੀ। ਨੀਲੇ ਨੂੰ ਆਉਂਦਿਆਂ ਵੇਖ ਉਹ ਕੂਹਣੀ ਭਾਰ ਹੋ ਕੇ ਅੱਠ ਬੈਠਾ ਜਿਹਾ ਹੋ ਗਿਆ ਅਤੇ ਉਸ ਦੇ ਬੈਠਣ ਲਈ ਜਗ੍ਹਾ ਬਣਾ ਦਿੱਤੀ, ਪਰ ਨੀਲਾ ਸਾਹਮਣੇ ਵੱਟ ਉਪਰ ਬੈਠ ਗਿਆ।
‘ਕਿਧਰ ਫਿਰਦੈ?’ ਰਣਬੀਰ ਨੇ ਸਵਾਲੀਆ ਨਜ਼ਰਾਂ ਨਾਲ ਤੱਕਦਿਆਂ ਪੁੱਛਿਆ।
‘ਤੇਰੇ ਕੋਲ ਹੀ ਆਇਆ ਸੀ ਰੋਟਾਵੇਟਰ ਪੁੱਛਣ, ਪੱਠੇ ਬੀਜਣੇ ਐ।’ ਨੀਲੇ ਨੇ ਕਿਹਾ।
ਰਣਬੀਰ ਨੇ ਬਿਨਾਂ ਉਸ ਵੱਲ ਵੇਖਿਆਂ ਕਿਹਾ, ‘ਸ਼ੰਕਰ ਤੋਂ ਪੁਆ ਲੈਣਾ ਸੀ, ਪੁੱਛਣ ਵਾਲੀ ਕੀ ਗੱਲ ਸੀ?’
ਇਸ ‘ਤੇ ਨੀਲਾ ਤਨਜ਼ ਕੱਸਦਿਆਂ ਬੋਲਿਆ, ‘ਮੈਂ ਸੋਚਿਆ ਪੁੱਛ ਲਵਾਂ ਕਿਤੇ ਤਾਈ ਨੇ ਆਖ ਦਿੱਤਾ ਹੋਵੇ ਦੇਣਾ ਨ੍ਹੀਂ।’
ਰਣਬੀਰ ਉਠ ਕੇ ਬੈਠ ਗਿਆ ਅਤੇ ਹੱਸਦਾ ਹੋਇਆ ਬੋਲਿਆ, ‘ਕੀ ਬੋਲੀ ਜਾਨੈ?’
ਨੀਲੇ ਦੇ ਅੰਦਰੋਂ ਪ੍ਰਚੰਡ ਹੋਇਆ ਗੁੱਸਾ ਨਿਕਲਣਾ ਸ਼ੁਰੂ ਹੋਇਆ, ‘ਚਾਚਾ, ਫੱਫੇਕੁੱਟਣੀ ਦਾ ਮੈਨੂੰ ਗੁੱਸਾ ਨ੍ਹੀਂ। ਉਹ ਤਾਂ ਹੈ ਈ ਇਹੀ ਜਿਹੀ, ਪਰ ਤੂੰ ਵੀ ਉਹਦੀਆਂ ਗੱਲਾਂ ‘ਚ ਆ ਗਿਆ।’
ਰਣਬੀਰ ਨੇ ਅਣਜਾਣ ਬਣਦਿਆਂ ਫਿਰ ਕਿਹਾ, ‘ਕੀ ਬੋਲੀ ਜਾਨੈਂ?’
ਨੀਲਾ ਰੋਣਹਾਕਾ ਹੋਇਆ ਪਿਆ ਸੀ। ਆਖਣ ਲੱਗਾ, ‘ਨਹੀਂ ਚਾਚਾ, ਤੂੰ ਬੋਲਿਆ ਨ੍ਹੀਂ ਚੱਜ ਨਾਲ ਆਥਣੇ। ਮੈਂ ਦੱਸਦਾਂ ਤੈਨੂੰ ਕਿਉਂ ਕਰਵਾਇਆ ਸੀ ਵਿਆਹ। ਇਹਦੇ ਮਾਂ ਪਿਉ ਨਿੱਕੀ ਹੁੰਦੀ ਦੇ ਮਰ ਗਏ ਸੀ। ਚਾਚੀ ਨੇ ਪਾਲੀ ਸੀ। ਸਵੇਰੇ ਗੋਹਾ ਕੂੜਾ ਸੁੱਟ ਕੇ ਸਕੂਲ ਜਾਂਦੀ ਤੇ ਆ ਕੇ ਫੇਰ ਸਾਰਾ ਕੰਮ ਕਰਦੀ। ਤੈਨੂੰ ਕੀ-ਕੀ ਦੱਸਾਂ? ਕਿੰਨ੍ਹਾਂ ਦੋਜ਼ਖਾਂ ‘ਚੋ ਲੰਘਿਆ ਇਹਦਾ ਜੀਵਨ। ਫੇਰ ਇਹਦੀ ਚਾਚੀ ਕਿਸੇ ਵੱਡੀ ਉਮਰ ਦੇ ਦੁਹਾਜੂ ਰਿਸ਼ਤੇਦਾਰ ਨਾਲ ਮੜ੍ਹਨ ਨੂੰ ਫਿਰਦੀ ਸੀ ਤੇ ਮੈਂ ਕਿਵੇਂ..’ ਨੀਲਾ ਸਾਹ ਲੈ ਕੇ ਫਿਰ ਸ਼ੁਰੂ ਹੋ ਗਿਆ, ‘ਇਹ ਕਮਲੀ ਤਾਂ ਆਵਦੇ ਵਰਗੇ ਸਮਝਦੀ ਐ ਸਾਰਿਆਂ ਨੂੰ। ਜੇ ਮੈਂ ਧੋਖਾ ਦੇ ਕੇ ਪਾਸੇ ਹੋ ਜਾਂਦਾ ਤਾਂ ਫੇਰ ਮੈਂ ਚੰਗਾ ਸੀ? ਮੈਂ ਵਿਆਹ ਕਰਵਾਇਆ ਤੇ ਇੱਜ਼ਤ ਦਿੱਤੀ ਐ। ਫੁੱਲਾਂ ਵਾਂਗੂੰ ਰੱਖਦਾਂ। ਤੇ ਇਹਨੇ ਫੱਫੇਕੁੱਟਣੀ ਨੇ ਕੀ ਕੀਤਾ ਪਤੈ ਤੈਨੂੰ?’
ਰਣਬੀਰ ਨੇ ਉਤਸੁਕਤਾ ਨਾਲ ਨੀਲੇ ਵੱਲ ਵੇਖਦਿਆਂ ਪੁੱਛਿਆ, ‘ਕਿਵੇਂ?’
ਨੀਲਾ ਸਹਿਜ ਹੋ ਚੁੱਕਾ ਸੀ। ਉਹ ਕਹਿਣ ਲੱਗਿਆ, ‘ਇਹਨੇ ਤਾਂ ਸਿਰਾ ਈ ਕਰਤਾ, ਕਨੇਡਾ ਜਾਣ ਵਾਸਤੇ ਸਕੀ ਭੈਣ ਦੇ ਮੁੰਡੇ ਨਾਲ ਵਿਆਹ ਕੀਤਾ ਆਪਣੀ ਧੀ ਦਾ।’
ਰਣਬੀਰ ਦਾ ਮੂੁੰਹ ਖੁੱਲ੍ਹਾ ਰਹਿ ਗਿਆ, ‘ਹੈਂ? ਸੱਚੀਂ?’
ਨੀਲੇ ਦਾ ਗੁੱਸਾ ਕੁਝ ਘਟ ਗਿਆ ਸੀ, ‘ਤੂੰ ਇਹਦਾ ਹਾਲ ਵੇਖੀਂ ਕੀ ਹੁੰਦਾ। ਮਹਾਰਾਜ ਮੂਹਰੇ ਖੜ੍ਹ ਕੇ ਝੂਠ ਬੋਲਿਆ, ਝੂਠਾ ਵਿਆਹ ਕੀਤਾ। ਅੱਧੀ ਕੁ ਸਜ਼ਾ ਤਾਂ ਮਿਲਗੀ, ਇਹ ਆਪਣੀ ਧੀ ਦਾ ਵਿਆਹ ਕਿਸੇ ਤਕੜੇ ਘਰ ਕਰਨਾ ਚਾਹੁੰਦੀ ਸੀ। ਉਹਨੇ ਉਥੇ ਵਿਆਹ ਕਰਾ ਲਿਆ ਕਿਸੇ ਦੂਜੇ ਧਰਮ ਦੇ ਮੁੰਡੇ ਨਾਲ ਤੇ ਦੂਜੀ ਕੁੜੀ ਵੀ ਦੱਸਦੇ ਐ ਕਿ ਇਹਦੇ ਕਹਿਣੇ ‘ਚ ਨ੍ਹੀਂ। ਤਾਹੀਂ ਤਾਂ ਮਹੀਨੇ ਮਗਰੋਂ ਮੁੜ ਆਈ। ਮੈਂ ਤਾਂ ਸੋਚਿਆ ਸੀ ਗੰਦ ਨਿਕਲਿਆ, ਪਰ ਇਹ ਫੇਰ ਦੱਦ ਲੱਗਗੀ।’
ਰਣਬੀਰ ਚੌਕੜੀ ਮਾਰ ਕੇ ਮੰਜੇ ‘ਤੇ ਬੈਠਾ ਸੀ ਅਤੇ ਪੱਕਾ ਕਰਨਾ ਚਾਹੁੰਦਾ ਸੀ, ‘ਨਹੀਂ, ਨਹੀਂ, ਤੈਨੂੰ ਕਿਵੇਂ ਪਤੈ?’
ਨੀਲੇ ਨੇ ਵਿਅੰਗ ਨਾਲ ਸਿਰ ਮਾਰਦਿਆਂ ਕਿਹਾ, ‘ਮੈਨੂੰ ਕੀ ਭੁੱਲਿਐ? ਭੂਆ ਤਾਂ ਮੇਰੀ ਈ ਐ।’
ਬਚਨੋ ਤਾਈ ਦੀ ਅਸਲੀਅਤ ਪਤਾ ਲੱਗਣ ‘ਤੇ ਰਣਬੀਰ ਨੂੰ ਸਕੂਨ ਜਿਹਾ ਮਿਲਿਆ ਤਾਂ ਉਸ ਨੇ ਨੀਲੇ ਨੂੰ ਕਿਹਾ, ‘ਚੱਲ ਤੇਰੇ ਨਾਲ ਰੋਟਾਵੇਟਰ ਪੁਆਵਾਂ।’
ਦੋਵੇਂ ਜਣੇ ਘਰ ਨੂੰ ਤੁਰ ਪਏ। ਜਦੋਂ ਘਰ ਪੁੱਜੇ ਤਾਂ ਤਾਈ ਬਚਨੋ ਮੰਜੇ ‘ਤੇ ਬੈਠੀ ਰਣਬੀਰ ਦੀ ਮਾਂ ਨੂੰ ਕੈਨੇਡਾ ਦੀਆਂ ਗੱਲਾਂ ਸੁਣਾ ਰਹੀ ਸੀ। ਨੀਲੇ ਨੂੰ ਵੇਖ ਕੇ ਬਚਨੋ ਨੇ ਤਿਉੜੀਆਂ ਪਾ ਲਈਆਂ। ਨੀਲਾ ਕਿਹੜਾ ਘੱਟ ਸੀ। ਉਸ ਨੇ ਮੰਜੇ ‘ਤੇ ਪਿਆ ਅਖਬਾਰ ਚੁੱਕਿਆ ਤੇ ਪੜ੍ਹਨ ਦਾ ਢੋਂਗ ਕਰਨ ਲੱਗਾ, ‘ਕਨੇਡਾ ਜਾਣ ਵਾਸਤੇ ਭੈਣ ਭਰਾ ਨੇ ਵਿਆਹ ਕਰਵਾਇਆ।’
ਰਣਬੀਰ ਦੀ ਮਾਂ ਹੱਥ ਜੋੜ ਕੇ ਕਹਿਣ ਲੱਗੀ, ‘ਵੇ ਸੱਚੀਂ? ਵਾਹਗੁਰੂ-ਵਾਹਗੁਰੂ ਕਲਜੁਗ ਐ ਭਾਈ।’
ਨੀਲਾ ਹੱਸਦਾ ਹੋਇਆ ਕਹਿਣ ਲੱਗਾ, ‘ਤੇ ਹੋਰ ਬੇਬੇ, ਇਨ੍ਹਾਂ ਨੂੰ ਕਿੱਥੇ ਡਰ ਮਹਾਰਾਜ ਦਾ। ਕੋਈ ਨਾ ਏਥੇ ਈ ਹਿਸਾਬ ਹੋਣੇ ਨੇ। ਮੰਜੇ ‘ਤੇ ਪਏ ਚੂਕਣਗੇ ਤੇ ਕਿਸੇ ਨੇ ਪਾਣੀ ਨ੍ਹੀਂ ਦੇਣਾ। ਸਕੀਆਂ ਭੈਣਾਂ ਦੇ ਮੁੰਡਿਆਂ ਨਾਲ ਵਿਆਹ ਕਰੀ ਜਾਂਦੇ ਐ।’ ਰਣਬੀਰ ਨੇ ਵੇਖਿਆ ਕਿ ਤਾਈ ਦਾ ਲਾਲੀ ਵਾਲਾ ਗੋਰਾ ਰੰਗ ਇਕਦਮ ਚਿੱਟ ਹੋ ਗਿਆ ਤੇ ਫਿਰ ਜਿਵੇਂ ਰੰਗ ਉਡ ਹੀ ਗਿਆ।
‘ਮੈਂ ਵੀ ਜਾਂਦੀ ਆਂ ਭਾਂਡੇ ਮਾਂਜਣ ਵਾਲੇ ਪਏ ਨੇ।’ ਆਖ ਕੇ ਤਾਈ ਘਰ ਚਲੀ ਗਈ।
ਰਣਬੀਰ ਦੀ ਮਾਂ ਨੂੰ ਕੁਝ ਸਮਝ ਨਾ ਲੱਗੀ ਅਤੇ ਉਹ ਹੈਰਾਨ ਹੋਈ ਨੀਲੇ ਵੱਲ ਵੇਖਣ ਲੱਗੀ ਤਾਂ ਉਹ ਆਖਣ ਲੱਗਾ, ‘ਲੈ ਬੇਬੇ ਆਵਦੀ ਜਠਾਣੀ ਨੂੰ ਭਾਵੇਂ ਹੁਣ ਅੱਖਾਂ ‘ਚ ਪਾਈ ਫਿਰੀਂ, ਜੇ ਭੋਰਾ ਰੜਕਗੀ ਤਾਂ ਮੈਨੂੰ ਕਹਿ ਦੇਈ।’