ਨੀਂਦ ਦੀ ਕੀਮਤ ਵਸੂਲਣ ਵਾਲੇ

-ਨੂਰ ਸੰਤੋਖਪੁਰੀ
ਕਿਹਦਾ-ਕਿਹਦਾ ਨਾਂ ਲੈ ਲਿਆ ਜਾਵੇ ਕਿ ਕੌਣ ਜ਼ਾਲਮ, ਦੁਸ਼ਮਣ, ਪੱਥਰ ਦਿਲ ਸਾਡੀ ਮਿੱਠੀ-ਪਿਆਰੀ ਨੀਂਦ ਦੀ ਕੀਮਤ ਵਸੂਲ ਕਰਦਾ ਹੈ? ਕਿਹੜਾ ਪਿਆਰਾ ਤੇ ਆਪਣਾ ਵਸੂਲ ਨਹੀਂ ਕਰਦਾ, ਸਗੋਂ ਸਾਡੀ ਨੀਂਦ ਦੀ ਕੀਮਤ ਅਦਾ ਕਰਦਾ ਹੈ। ਸਾਡੀ ਨੀਂਦ ਚੁਰਾਉਣ ਵਾਲੇ ਤੇ ਨੀਂਦ ਦੀ ਕੀਮਤ ਵਸੂਲਣ ਵਾਲੇ ਅਣਗਿਣਤ ਹਨ। ਕੁਝ ਸਣੇ ਵਿਆਜ ਵਸੂਲ ਕਰਦੇ ਨੇ। ਉਹ ਕੋਈ ਲਿਹਾਜ਼ ਨਹੀਂ ਕਰਦੇ। ਰਿਆਇਤ ਨਹੀਂ ਦਿੰਦੇ।
ਪਹਿਲਾਂ ਗੱਲ ਪ੍ਰੇਮੀਆਂ ਅਤੇ ਪ੍ਰੇਮਿਕਾਵਾਂ ਦੀ ਕਰ ਲਈਏ, ਫਿਰ ਆਪਣੀ ਸਭ ਦੀ। ਜੇ ਪ੍ਰੇਮਿਕਾਵਾਂ ਆਪੋ-ਆਪਣੇ ਪ੍ਰੇਮੀਆਂ ਦੀਆਂ ਅੱਖਾਂ ‘ਚੋਂ ਨੀਂਦ ਚੋਰੀ ਕਰ ਲੈਂਦੀਆਂ ਨੇ ਤਾਂ ਉਨ੍ਹਾਂ ਦੇ ਪ੍ਰੇਮੀ ਵੀ ਉਨ੍ਹਾਂ ਦੀ ਨੀਂਦ ਉੱਤੇ ਡਾਕਾ ਮਾਰਦੇ ਨੇ। ਮਹਿੰਗੇ ਤੋਹਫਿਆਂ ਦਾ ਲੈਣ-ਦੇਣ ਕਰ ਕੇ ਪਿਆਰੀ-ਪਿਆਰੀ ਨੀਂਦ ਦੀ ਕੀਮਤ ਅਦਾ ਕਰਨੀ ਪੈਂਦੀ ਹੈ। ਪਿਆਰ ਮਿਲੇ, ਨਾ ਮਿਲੇ, ਇਸ ਦੀ ਕੋਈ ਗਾਰੰਟੀ ਨਹੀਂ ਮਿਲਦੀ। ਜਿਨ੍ਹਾਂ ਨੇ ਪਿਆਰ-ਮੁਹੱਬਤ ਨੂੰ ਫੈਸ਼ਨ ਸਮਝਿਆ ਹੁੰਦਾ ਹੈ, ਉਨ੍ਹਾਂ ਨੂੰ ਤਾਂ ਗਾਰੰਟੀ ਉਕਾ ਨਹੀਓਂ ਮਿਲਦੀ। ਹਾਂ, ਤੇ ਨੀਂਦ ਦੀ ਕੀਮਤ ਵਸੂਲਣ ਵਾਲੇ ਬੜੇ ‘ਉਹ’, ਬੜੇ ਹਰਜਾਈ ਹੁੰਦੇ ਹਨ। ਜੋ ਕੋਈ ਆਪਣੀ ਨੀਂਦ ਤੇ ਮਨ ਦੇ ਚੈਨ ਦਾ ਮੁੱਲ ਨਹੀਂ ਤਾਰਦਾ, ਉਹ ਰਾਤ-ਰਾਤ ਭਰ ਹਉਕੇ ਭਰਦਾ ਹੈ।
ਇੱਕ-ਦੂਜੇ ਦਾ ਦਿਲ, ਮਨ ਦਾ ਚੈਨ ਤੇ ਅੱਖਾਂ ਦੀ ਨੀਂਦ ਚੁਰਾਉਣ ਵਾਲੇ ਆਸ਼ਕਾਂ ਤੇ ਮਸ਼ੂਕਾਂ ਵਾਂਗ ਘਰਾਂ, ਦੁਕਾਨਾਂ, ਕਾਰਖਾਨਿਆਂ, ਦਫਤਰਾਂ ਆਦਿ ‘ਚੋਂ ਤਰ੍ਹਾਂ-ਤਰ੍ਹਾਂ ਦਾ ਸਾਮਾਨ, ਧਨ, ਗਹਿਣੇ, ਕੱਪੜੇ ਵਗੈਰਾ ਚੁਰਾਉਣ ਵਾਲੇ ਚੋਰ ਵੀ ਲੋਕਾਂ ਦੀ ਗੂੜ੍ਹੀ ਨੀਂਦ ਦੀ ਕੀਮਤ ਵਸੂਲਦੇ ਹਨ। ਬੜੀ ਹੁਸ਼ਿ੍ਆਰੀ ਨਾਲ ਵਸੂਲਦੇ ਹਨ। ਅੱਵਲ ਤਾਂ ਲੋਕਾਂ ਨੂੰ ਛੱਤੀ ਤਰ੍ਹਾਂ ਦੀਆਂ ਫਿਕਰਾਂ-ਚਿੰਤਾਵਾਂ ਕਾਰਨ ਛੇਤੀ ਨੀਂਦ ਆਉਂਦੀ ਨਹੀਂ। ਜੇ ਆ ਜਾਵੇ ਤਾਂ ਚੋਰ, ਲੁਟੇਰੇ ਉਨ੍ਹਾਂ ਦਾ ਤਰ੍ਹਾਂ-ਤਰ੍ਹਾਂ ਦਾ ਸਾਮਾਨ ਚੋਰੀ ਕਰ ਕੇ, ਲੁੱਟ ਕੇ, ਉਨ੍ਹਾਂ ਦੀ ਨੀਂਦ ਦੀ ਕੀਮਤ ਉਨ੍ਹਾਂ ਤੋਂ ਵਸੂਲਦੇ ਨੇ। ਜੇ ਚੋਰ ਕਿਸੇ ਦਾ ਮੂਲ ਧਨ ਸਣੇ ਵਿਆਜ ਚੋਰੀ ਕਰ ਕੇ ਲੈ ਜਾਣ ਤਾਂ ਸਮਝੋ ਕਿ ਉਹ ਉਸ ਦੀ ਨੀਂਦ ਦੀ ਕੀਮਤ ਸਣੇ ਵਿਆਜ ਵਸੂਲ ਕੇ ਰਫੂ ਚੱਕਰ ਹੋਏ ਨੇ। ਜਿੰਨੀ ਵੱਧ ਮਹਿੰਗੀ ਚੀਜ਼, ਓਨੀ ਵੱਧ ਕੀਮਤ ਤਾਰਨੀ ਪੈਂਦੀ ਹੈ। ਜਿਹੜੇ ਲੋਕ ਆਪਣੀ ਨੀਂਦ ਦੀ ਕੀਮਤ ਚੋਰਾਂ, ਲੁਟੇਰਿਆਂ, ਡਾਕੂਆਂ, ਨੇਤਣੀਆਂ, ਨੇਤਾਵਾਂ ਨੂੰ ਵਸੂਲ ਕਰਨ ਤੋਂ ਰੋਕਣਾ ਚਾਹੁੰਦੇ ਹੋਣ, ਉਨ੍ਹਾਂ ਨੂੰ ਬਾ-ਹੁਸ਼ਿਆਰ ਹੋਣਾ ਪਏਗਾ।
ਘੁਰਾੜੇ ਮਾਰਨ ਵਾਲੇ ਖੁਦ ਪੈਰ ਪਸਾਰ ਕੇ ਸੌਂ ਜਾਂਦੇ ਹਨ, ਪਰ ਆਪਣੇ ਲਾਗੇ (ਨੇੜੇ) ਸੌਣ ਵਾਲਿਆਂ ਨੂੰ ਜਗਾਈ ਰੱਖਦੇ ਨੇ। ਜੇ ਮੀਆਂ-ਬੀਵੀ ਦੋਵੇਂ ਘੁਰਾੜਾ-ਰਾਗ ਪੰਚਮ ਸੁਰ ‘ਚ ਗਾਉਣ ਵਾਲੇ ਹੋਣ ਤਾਂ ਉਨ੍ਹਾਂ ਦੇ ਪਾਲਤੂ ਕੁੱਤਿਆਂ ਜਾਂ ਹੋਰ ਜਾਨਵਰਾਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਉਨ੍ਹਾਂ ਨੂੰ ਨਹੀਂ, ਗਲੀਆਂ, ਬਾਜ਼ਾਰਾਂ ‘ਚ ਆਵਾਰਾ ਘੁੰਮਣ ਵਾਲੇ ਕੁੱਤੇ-ਕੁੱਤੀਆਂ ਨੂੰ ਵੀ ਹੁੰਦੀ ਹੈ। ਉਹ ਵੀ ਦਿਨ ‘ਚ ਸੌਂ ਕੇ ਆਪਣੀ ਨੀਂਦ ਦਾ ਕੋਟਾ ਪੂਰਾ ਕਰ ਲੈਂਦੇ ਨੇ ਤੇ ਫਿਰ ਪੂਰੀ ਰਾਤ ‘ਭਊਂ-ਭਊਂ’ ਭੌਂਕ ਕੇ ਲੋਕਾਂ ਦੇ ਧੀਰਜ ਦਾ ਇਮਤਿਹਾਨ ਲੈਂਦੇ ਨੇ। ਇਨ੍ਹਾਂ ਆਵਾਰਾ ਕੁੱਤਿਆਂ ਨੂੰ ਚੀਜ਼ਾਂ ਖੁਆ-ਪਿਆ ਕੇ ਲੋਕਾਂ ਨੂੰ ਆਪਣੀ ਨੀਂਦ ਦੀ ਕੀਮਤ ਅਦਾ ਕਰਦੇ ਰਹਿਣਾ ਚਾਹੀਦਾ ਹੈ। ਹੋਰ ਸਾਰੇ ਲਾਲਚੀ ਕਿਸਮ ਦੇ ਕੁੱਤਿਆਂ ਨੂੰ ਵੀ ਆਪਣੀ ਨੀਂਦ, ਅਮਨ, ਚੈਨ ਦੀ ਕੀਮਤ ਆਪਾਂ ਸਭ ਨੂੰ ਤਾਰਨੀ ਪੈਂਦੀ ਹੈ। ਕਿਸੇ ਜਗ੍ਹਾ ਕੋਈ ਨੇਤਾ ਸਟੇਜ ‘ਤੇ ਚੜ੍ਹਿਆ ਉੱਚੀ-ਉੱਚੀ ਭਾਸ਼ਣ ਦੇਈ ਜਾ ਰਿਹਾ ਸੀ ਤੇ ਸਰੋਤਿਆਂ ‘ਚ ਬੈਠੇ ਕੁਝ ਕੁੱਤੇ ਮੂੰਹ ਚੁੱਕੀ ਉਸ ਵੱਲ ਵੇਖੀ ਜਾ ਰਹੇ ਸਨ। ਅਸਾਂ ਉਨ੍ਹਾਂ ਨੂੰ ਕਿਹਾ, ‘‘ਓਏ, ਜਾਓ, ਦੌੜੋ ਇਥੋਂ! ਸਾਨੂੰ ਇਹਦੀ ਕੋਈ ਗੱਲ ਸਮਝ ਪਈ ਨਹੀਂ ਆਂਵਦੀ, ਤੁਹਾਨੂੰ ਕਿਵੇਂ ਆ ਜਾਊਗੀ?”
ਇਹ ਸੁਣ ਕੇ ਕੁੱਤਿਆਂ ਦਾ ਆਗੂ ਕੁੱਤਾ ਬੋਲਾ, ‘‘ਇਹ ਨੇਤਾ ਬੜਾ ਨਿਰਦਈ ਤੇ ਜ਼ਾਲਮ ਬੰਦਾ ਏ। ਇਹ ਭਾਸ਼ਣ ਦੇ-ਦੇ ਕੇ ਸਾਡੀ ਨੀਂਦ ਵਿੱਚ ਖਲਲ ਪਾ ਰਿਹਾ ਏ ਤੇ ਤੁਹਾਨੂੰ ਤਾਂ ਡਾਢਾ ਤੰਗ-ਪ੍ਰੇਸ਼ਾਨ ਕਰਦਾ ਹੋਊਗਾ।”
ਆਮਦਨ ਟੈਕਸ ਵਸੂਲਣ ਵਾਲੇ ਅਫਸਰਾਨ ਤੇ ਮੁਲਾਜ਼ਮ ਵੀ ਨੀਂਦ ਦੀ ਕੀਮਤ ਵਸੂਲਣ ਵਾਲਿਆਂ ਵਿੱਚ ਸ਼ੁਮਾਰ ਨੇ। ਜੀ ਐੱਸ ਟੀ ਵਸੂਲਣ ਵਾਲੇ ਵੀ। ਲੋਕਾਂ ਨੂੰ ਆਮਦਨ ਟੈਕਸ ਅਦਾ ਕਰਨ ਲਈ ਪ੍ਰੇਰਤ ਤੇ ਉਤਸ਼ਾਹਤ ਕਰਨ ਹਿੱਤ ਇੰਨੇ ਦਿਲ ਕੰਬਾਉਣ ਵਾਲੇ ਇਸ਼ਤਿਹਾਰ ਹੁੰਦੇ ਹਨ ਕਿ ਇਨ੍ਹਾਂ ਨੂੰ ਪੜ੍ਹਨ-ਸੁਣਨ ਵਾਲਿਆਂ ਦੀ ਨੀਂਦ ਖੰਭ ਲਾ ਕੇ ਉਡ ਜਾਂਦੀ ਹੈ। ਉਨ੍ਹਾਂ ਨੂੰ ਦਿਨ ਦੀ ਰੋਸ਼ਨੀ ਵਿੱਚ ਵੀ ਜੇਲ੍ਹ ਦਾ ਹਨੇਰਾ, ਜੁਰਮਾਨੇ ਦਾ ਡਰ ਭੈਅਭੀਤ ਕਰ ਦਿੰਦਾ ਹੈ। ਆਮਦਨ ਟੈਕਸ ਵਿਭਾਗ ਦੀ ਚਿਤਾਵਨੀ ‘ਚ ਕਰ ਚੋਰੀ ਕਰਨ ਵਾਲਿਆਂ ਨੂੰ ਕਾਨੂੰਨੀ ਕਾਰਵਾਈ ਦੀ ਧਮਕ (ਗਰਜ਼) ਸੁਣਾਈ ਦਿੰਦੀ ਹੈ। ਇਸ ਵਿਭਾਗ ਦੇ ਸਿਰ ‘ਤੇ ਸਰਕਾਰੀ ਖਜ਼ਾਨਾ ਭਰਨ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ।
ਵਤਨ ਦੇ ਰਖਵਾਲੇ ਤੇ ਪਹਿਰੇਦਾਰ ਸੈਨਿਕ, ਮਿਹਨਤਕਸ਼ ਮਜ਼ਦੂਰ, ਕਿਸਾਨ, ਵਿਗਿਆਨੀ, ਸੱਚੇ ਸਮਾਜ ਸੇਵਕ, ਸੁਧਾਰਕ, ਬੁੱਧੀਜੀਵੀ, ਨਿਡਰ ਤੇ ਇਮਾਨਦਾਰ ਪੱਤਰਕਾਰ, ਸੱਚੇ ਰਹਿਬਰ ਕਦੇ ਕਿਸੇ ਤੋਂ ਆਪਣੀ ਨੀਂਦ ਦੀ ਕੀਮਤ ਨਹੀਂ ਵਸੂਲਦੇ, ਸਗੋਂ ਇਹ ਸਾਰੇ ਆਪਣੇ ਸੁੱਖ ਨੀਂਦ, ਆਰਾਮ ਦੀ ਕੁਰਬਾਨੀ ਦੇ ਕੇ ਸਾਡੇ ਸਭ ਦੇ ਸੁੱਖ, ਚੈਨ, ਨੀਂਦ ਦੀ ਕੀਮਤ ਅਦਾ ਕਰਦੇ ਹਨ। ਕਈ ਆਪਣੀਆਂ ਜਾਨਾਂ ਕੁਰਬਾਨ ਕਰ ਕੇ ਕਰਦੇ ਹਨ। ਸਭ ਤੋਂ ਪਿਆਰੀ ਤੇ ਦਿਲ ਦੇ ਕਰੀਬ ਰਹਿਣ ਵਾਲੀ ਮਾਂ ਕਦੇ ਆਪਣੇ ਬੱਚਿਆਂ ਤੋਂ ਨੀਂਦ ਦੀ ਕੀਮਤ ਵਸੂਲ ਨਹੀਂ ਕਰਦੀ, ਉਹ ਬੱਚਿਆਂ ਵਾਸਤੇ ਆਪਣੀ ਨੀਂਦ, ਆਪਣਾ ਸੁੱਖ ਤੇ ਆਰਾਮ, ਚੈਨ ਕੁਰਬਾਨ ਕਰ ਦਿੰਦੀ ਹੈ। ਬਾਪ ਵੀ ਆਪਣੇ ਬੱਚਿਆਂ ਦਾ ਜੀਵਨ ਤੇ ਭਵਿੱਖ ਸੰਵਾਰਨ ਵਾਸਤੇ ਦਿਨ-ਰਾਤ ਮਿਹਨਤ ਕਰਦਾ ਹੈ ਤਾਂ ਕਿ ਬੱਚੇ ਬੇਫਿਕਰ ਹੋ ਕੇ ਸੌਂ ਸਕਣ ਤਾਂ ਕਿ ਰਾਜ਼ੀ-ਖੁਸ਼ੀ ਆਪਣਾ ਜੀਵਨ ਗੁਜ਼ਾਰ ਸਕਣ।