ਨਿੱਕੇ ਕਾਰੋਬਾਰੀਆਂ ਨੂੰ ਟੈਕਸਾਂ ਤੋਂ ਥੋੜ੍ਹੀ ਰਾਹਤ ਦੇਣ ਦਾ ਐਲਾਨ ਕਰਨਗੇ ਸੌਸਾ

ਓਨਟਾਰੀਓ, 14 ਨਵੰਬਰ (ਪੋਸਟ ਬਿਊਰੋ) : ਵਿੱਤ ਮੰਤਰੀ ਚਾਰਲਸ ਸੌਸਾ ਵੱਲੋਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵਿੱਤੀ ਅਪਡੇਟ ਮੁਹੱਈਆ ਕਰਵਾਈ ਜਾਵੇਗੀ ਜਿਸ ਨਾਲ ਨਿੱਕੇ ਕਾਰੋਬਾਰੀਆਂ ਨੂੰ ਟੈਕਸ ਤੋਂ ਥੋੜ੍ਹੀ ਰਾਹਤ ਮਿਲੇਗੀ। ਅਜਿਹਾ ਹੋਣ ਦੀ ਸੂਰਤ ਵਿੱਚ ਕਰਮਚਾਰੀਆਂ ਨੂੰ ਵੀ ਉੱਚੇ ਘੱਟ ਤੋਂ ਘੱਟ ਭੱਤੇ ਮੁਹੱਈਆ ਕਰਵਾਏ ਜਾ ਸਕਣਗੇ।
ਮੰਗਲਵਾਰ ਨੂੰ ਦਿੱਤੇ ਜਾਣ ਵਾਲੇ ਸਾਲ ਦੇ ਅੰਤ ਵਾਲੇ ਆਪਣੇ ਇਸ ਬਿਆਨ ਵਿੱਚ ਸੌਸਾ ਵੱਲੋਂ ਇਹ ਐਲਾਨ ਕੀਤਾ ਜਾਵੇਗਾ ਕਿ ਪਹਿਲੀ ਜਨਵਰੀ ਤੋਂ ਨਿੱਕੇ ਕਾਰੋਬਾਰੀਆਂ ਲਈ ਕਾਰਪੋਰੇਟ ਇਨਕਮ ਟੈਕਸ ਦਰਾਂ 4.5 ਦੀ ਸਦੀ ਦੀ ਥਾਂ ਘੱਟ ਕੇ 3.5 ਫੀ ਸਦੀ ਰਹਿ ਜਾਣਗੀਆਂ। ਇਸ ਦਿਨ ਹੀ ਘੱਟ ਤੋਂ ਘੱਟ ਉਜਰਤਾਂ 11.60 ਡਾਲਰ ਪ੍ਰਤੀ ਘੰਟੇ ਦੀ ਥਾਂ 14 ਡਾਲਰ ਹੋ ਜਾਣਗੀਆਂ ਤੇ ਫਿਰ ਇੱਕ ਸਾਲ ਬਾਅਦ ਭਾਵ 2019 ਵਿੱਚ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਹੋ ਜਾਣਗੀਆਂ।
ਸੂਤਰਾਂ ਅਨੁਸਾਰ ਜਿਨ੍ਹਾਂ ਕੰਪਨੀਆਂ ਕੋਲ 100 ਤੋਂ ਘੱਟ ਕਰਮਚਾਰੀ ਹਨ ਉਨ੍ਹਾਂ ਦੀ ਮਦਦ ਲਈ ਸੌਸਾ ਵੱਲੋਂ 500 ਮਿਲੀਅਨ ਡਾਲਰ ਦੀਆਂ ਨਵੀਆਂ ਪੇਸਕਦਮੀਆਂ ਦਾ ਐਲਾਨ ਕੀਤਾ ਜਾਵੇਗਾ। 15 ਤੋਂ 29 ਸਾਲਾਂ ਦਰਮਿਆਨ ਦੇ ਕਾਮਿਆਂ ਨੂੰ ਹਾਇਰ ਕਰਨ ਤੇ ਕੰਮ ਉੱਤੇ ਬਣਾਈ ਰੱਖਣ ਲਈ ਤਿੰਨ ਸਾਲਾਂ ਵਿੱਚ 124 ਮਿਲੀਅਨ ਡਾਲਰ ਇਸ ਵਿੱਚੋਂ ਖਰਚੇ ਜਾਣਗੇ। ਇਸੇ ਦੌਰਾਨ ਕੁੱਝ ਕਾਰੋਬਾਰੀ ਗਰੁੱਪਜ ਵੱਲੋਂ ਇਹ ਤੌਖਲਾ ਵੀ ਪ੍ਰਗਟਾਇਆ ਜਾ ਰਿਹਾ ਹੈ ਕਿ ਘੱਟ ਤੋਂ ਘੱਟ ਉਜਰਤਾਂ ਵਿੱਚ ਵਾਧਾ ਕੀਤੇ ਜਾਣ ਨਾਲ ਪ੍ਰੋਵਿੰਸ ਉੱਤੇ 50,000 ਤੋਂ 90,000 ਨੌਕਰੀਆਂ ਦਾ ਵਾਧੂ ਬੋਝ ਪਵੇਗਾ।
ਖਜਾਨਾ ਸਰਪਲਸ ਹੋਣ ਕਾਰਨ ਸੌਸਾ ਨੇ ਪਿਛਲੇ ਹਫਤੇ ਆਖਿਆ ਸੀ ਕਿ 155 ਮਿਲੀਅਨ ਤਿੰਨ ਸਾਲਾਂ ਦੇ ਅਰਸੇ ਵਿੱਚ ਸੀਨੀਅਰਜ ਸਟਰੈਟੇਜੀ ਉੱਤੇ ਖਰਚੇ ਜਾਣਗੇ। ਇਸ ਤਹਿਤ ਸੀਨੀਅਰਜ ਨੂੰ ਲੋੜੀਂਦੀਆਂ ਦਵਾਈਆਂ ਤੱਕ ਅਸਾਨੀ ਨਾਲ ਪਹੁੰਚ ਕਰਨ ਵਾਲੀ ਨਵੀਂ ਵੈੱਬਸਾਈਟ ਤਿਆਰ ਕੀਤੀ ਜਾਵੇਗੀ, ਉਨ੍ਹਾਂ ਲਈ ਮਨੋਰੰਜਕ ਪ੍ਰੋਗਰਾਮ, ਵਾਲੰਟੀਅਰਜ ਆਪਰਚੂਨਿਟੀਜ, ਟੈਕਸ ਕ੍ਰੈਡਿਟ ਤੇ ਪਾਵਰਜ ਆਫ ਅਟਾਰਨੀ ਵਰਗੇ ਫਾਇਦੇ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਅਗਲੇ ਸਾਲ ਤੋਂ ਬਜੁਰਗਾਂ ਲਈ ਵਿਸੇਸ ਤੌਰ ਉੱਤੇ ਤਿਆਰ ਕੀਤੇ ਹਾਈ ਡੋਜ ਫਲੂ ਸੌਟ ਵੀ ਮੁਫਤ ਲਾਏ ਜਾਣਗੇ।