ਨਿੱਕੀ ਹੇਲੀ ਨੇ ਬਸ਼ਰ ਅਲ ਅਸਦ ਦਾ ਸਿੱਧਾ ਵਿਰੋਧ ਕਰ ਦਿੱਤਾ

nicky haley
ਵਾਸ਼ਿੰਗਟਨ, 10 ਅਪ੍ਰੈਲ (ਪੋਸਟ ਬਿਊਰੋ)- ਭਾਰਤੀ ਮੂਲ ਦੀ ਅਮਰੀਕੀ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਹੈ ਕਿ ਜਦੋਂ ਤੱਕ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਸੱਤਾ ਵਿੱਚ ਬਣੇ ਰਹਿੰਦੇ ਹਨ, ਉਦੋਂ ਤੱਕ ਸੀਰੀਆ ਵਿੱਚ ਚੱਲਦੇ ਘਰੇਲੂ ਸੰਘਰਸ਼ ਦਾ ਸਿਆਸੀ ਹੱਲ ਸੰਭਵ ਹੀ ਨਹੀਂ ਹੈ।
ਨਿੱਕੀ ਹੇਲੀ ਦੇ ਇਸ ਬਿਆਨ ਤੋਂ ਸਾਫ ਹੋ ਗਿਆ ਹੈ ਕਿ ਅਸਦ ਬਾਰੇ ਅਮਰੀਕਾ ਦਾ ਰੁਖ ਸਖਤ ਹੋ ਗਿਆ ਹੈ। ਤਾਜ਼ਾ ਸੰਕੇਤ ਇਹੀ ਦੱਸਦੇ ਹਨ ਕਿ ਅਸਦ ਬਾਰੇ ਟਰੰਪ ਪ੍ਰਸ਼ਾਸਨ ਆਪਣੀ ਪੁਰਾਣੀ ਰਣਨੀਤੀ ਉੱਤੇ ਮੁੜ ਵਿਚਾਰ ਕਰ ਰਿਹਾ ਹੈ। ਜਿ਼ਕਰ ਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਪਹਿਲਾਂ ਡੋਨਾਡਲ ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਆਲੋਚਨਾ ਕਰਦੇ ਹੋਏ ਕਈ ਵਾਰ ਕਿਹਾ ਸੀ ਕਿ ਅਮਰੀਕਾ ਨੂੰ ਇਹ ਚਾਹੀਦਾ ਹੈ ਕਿ ਉਹ ਅਸਦ ਨੂੰ ਸੱਤਾ ਤੋਂ ਹਟਾਉਣ ਵਿੱਚ ਆਪਣੇ ਸਾਧਨ ਬਰਬਾਦ ਨਾ ਕਰੇ, ਸਗੋਂ ਇਸਲਾਮਿਕ ਸਟੇਟ (ਆਈ ਐੱਸ) ਦੇ ਅੰਤ ਨੂੰ ਪਹਿਲ ਦੇਵੇ। ਟਰੰਪ ਨੇ ਚੋਣ ਮੁਹਿੰਮ ਵਿੱਚ ਕਈ ਵਾਰ ਕਿਹਾ ਸੀ ਕਿ ਅਸਦ ਨੂੰ ਸੱਤਾ ਤੋਂ ਲਾਹੁਣਾ ਉਨ੍ਹਾਂ ਦੀ ਪਹਿਲ ਨਹੀਂ, ਪਰ ਹੁਣ ਟਰੰਪ ਬਿਲਕੁੱਲ ਵੱਖਰੀ ਲਾਈਨ ਅਪਣਾਉਂਦੇ ਨਜ਼ਰ ਆ ਰਹੇ ਹਨ।
ਕੱਲ੍ਹ ਇਕ ਇੰਟਰਵਿਊ ਦੌਰਾਨ ਨਿੱਕੀ ਹੈਲੀ ਨੇ ਕਿਹਾ ਕਿ ਆਈ ਐੱਸ ਅਤੇ ਉਸ ਦੇ ਸਹਿਯੋਗੀ ਸੰਗਠਨਾਂ ਨੂੰ ਹਰਾਉਣਾ, ਸੀਰੀਆ ਤੋਂ ਈਰਾਨ ਦਾ ਪ੍ਰਭਾਵ ਖਤਮ ਕਰਨਾ ਅਤੇ ਰਾਸ਼ਟਰਪਤੀ ਅਸਦ ਨੂੰ ਸੱਤਾ ਤੋਂ ਹਟਾਉਣਾ ਟਰੰਪ ਦੇ ਰਾਜ ਦੀ ਪਹਿਲੀ ਤਰਜੀਹ ਹੈ। ਨਿੱਕੀ ਦੇ ਇਸ ਇੰਟਰਵਿਊ ਦਾ ਪ੍ਰਸਾਰਨ ਐਤਵਾਰ ਕੀਤਾ ਗਿਆ। ਉਨ੍ਹਾਂ ਨੇ ਕਿਹਾ, ‘ਅਸਦ ਦੇ ਹੁੰਦੇ ਹੋਏ ਸੀਰੀਆ ਵਿੱਚ ਸ਼ਾਂਤੀ ਕਾਇਮ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ।’
ਵਰਨਣ ਯੋਗ ਹੈ ਕਿ ਸੀਰੀਆ ਦੇ ਇਦਲਿਬ ਵਿੱਚ ਕੈਮੀਕਲ ਹਮਲਾ ਕੀਤਾ ਗਿਆ, ਜਿਸ ਵਿੱਚ 100 ਤੋਂ ਵਧ ਲੋਕ ਮਾਰੇ ਗਏ ਸਨ। ਮ੍ਰਿਤਕਾਂ ਵਿੱਚ ਬੱਚੇ ਵੀ ਸਨ। ਇਸ ਕੈਮੀਕਲ ਹਮਲੇ ਦਾ ਦੋਸ਼ ਅਸਦ ਸਰਕਾਰ ਉੱਤੇ ਲੱਗਾ ਹੈ। ਹਮਲੇ ਕਾਰਨ ਮਾਰੇ ਗਏ ਲੋਕਾਂ ਅਤੇ ਬੱਚਿਆਂ ਦੀਆਂ ਤਸਵੀਰਾਂ ਦੇਖ ਕੇ ਅਮਰੀਕਾ ਨੇ ਸੀਰੀਆ ਦੀ ਫੌਜ ਦੇ ਇਕ ਏਅਰਬੇਸ ਉੱਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ। ਇਸ ਤੋਂ ਬਾਅਦ ਅਮਰੀਕਾ ਨੇ ਸਾਫ ਕਿਹਾ ਕਿ ਅਸਦ ਵਲੋਂ ਕੈਮੀਕਲ ਹਮਲਾ ਕੀਤੇ ਜਾਣ ਕਾਰਨ ਹੀ ਉਸ ਨੇ ਇਹ ਕਦਮ ਚੁੱਕਿਆ ਹੈ। ਇਸ ਤੋਂ ਸਾਫ ਹੋ ਗਿਆ ਕਿ ਅਸਦ ਬਾਰੇ ਅਮਰੀਕਾ ਨੇ ਆਪਣਾ ਰੁਖ ਪੂਰੀ ਤਰ੍ਹਾਂ ਨਾਲ ਬਦਲ ਲਿਆ ਹੈ।