ਨਿੱਕਾ ਜਿਹਾ ਦੀਵਾ

-ਰਵਿੰਦਰ ਰੁਪਾਲ ਕੌਲਗੜ੍ਹ
ਅਖਾੜਾ ਪੂਰਾ ਮਘਿਆ ਹੋਇਆ ਸੀ, ਕਈ ਭਲਵਾਨ ਲੰਗੋਟੇ ਲਾ ਕੇ ਕੁਸ਼ਤੀ ਲੜਨ ਲਈ ਹਾਲੇ ਡੰਡ ਬੈਠਕਾਂ ਕੱਢ ਕੇ ਤਿਆਰ ਹੋ ਰਹੇ ਸਨ ਤੇ ਕਈ ਕੁਸ਼ਤੀ ਲੜ ਚੁੱਕੇ ਸਨ। ਅਖੀਰਲੀ ਕੁਸ਼ਤੀ ਦੇ ਵੱਡੀ ਝੰਡੀ ਵਾਲੇ ਦ ਪਹਿਲਵਾਨ ਕੁਸ਼ਤੀ ਲੜਨ ਤੋਂ ਪਹਿਲਾਂ ਢੋਲੀਆਂ ਨੂੰ ਨਾਲ ਲੈ ਕੇ ਦਰਸ਼ਕਾਂ ਦੇ ਘਰ ਕੋਲ ਦੀ ਗੇੜਾ ਕੱਢ ਰਹੇ ਸਨ। ਦੂਰੋਂ ਨੇੜਿਓਂ, ਅਨੇਕਾਂ ਪਿੰਡਾਂ ਤੋਂ ਛਿੰਝ ਦੇਖਣ ਆਏ ਲੋਕ ਪਹਿਲਵਾਨਾਂ ਦਾ ਖੁਸ਼ੀ-ਖੁਸ਼ੀ ਸਵਾਗਤ ਕਰਦੇ ਹੋਏ, ਦਸ, ਵੀਹ, ਪੰਜਾਹ ਅਤੇ ਸੌ ਰੁਪਏ ਦੇ ਕੇ ਕੁਸ਼ਤੀ ਲੜਨ ਲਈ ਉਨ੍ਹਾਂ ਦਾ ਉਤਸ਼ਾਹ ਵਧਾ ਰਹੇ ਸਨ। ਫਿਰ ਵੀ ਉਨ੍ਹਾਂ ਭਲਵਾਨਾਂ ਨਾਲ ਘੁੰਮਦੇ ਦੋਵੇਂ ਢੋਲੀ, ਢੋਲਾਂ ਉਤੇ ਡੱਗੇ ‘ਤੇ ਡੱਗਾ ਮਾਰਦਿਆਂ ਦਰਸ਼ਕਾਂ ਦੀ ਭੀੜ ਨੂੰ ਕਹਿ ਰਹੇ ਸਨ, ‘ਖੁੱਲ੍ਹ ਕੇ ਕਰੋ ਭਾਈ ਮਾਣ ਤਾਣ ਭਲਵਾਨਾਂ ਦਾ, ਖੁੱਲ੍ਹ ਕੇ।’ ਝੰਡੀ ਵਾਲੇ ਪਹਿਲਵਾਨਾਂ ਦੇ ਲੰਘਣ ਤੋਂ ਬਾਅਦ ਭੀੜ ਵਿੱਚ ਆ ਕੇ ਖੜੇ ਇਕ ਬਜ਼ੁਰਗ ਪਹਿਲਵਾਨ ‘ਮੇਲੀ’ ਦੀਆਂ ਨਜ਼ਰਾਂ ਕਰਤਾਰ ਸਿਹੁੰ ਪਹਿਲਵਾਨ ਨੂੰ ਲੱਭਣ ਲੱਗੀਆਂ। ਏਧਰ ਓਧਰ ਦੇਖਣ ਪਿੱਛੋਂ ਮੇਲੀ ਨੂੰ ਕਰਤਾਰ ਸਿਹੁੰ ਸਟੇਜ ਉਤੇ ਬੈਠਾ ਨਜ਼ਰ ਪਿਆ। ਕਰਤਾਰ ਸਿਹੁੰ ਨੂੰ ਦੇਖਦੇ ਸਾਰ ਉਸ ਨੂੰ ਮਿਲਣ ਲਈ ਅਖਾੜੇ ਵਿਚਦੀ ਸਟੇਜ ਵੱਲ ਨੂੰ ਹੋ ਤੁਰਿਆ।
ਮੇਲੀ ਸੱਜੇ ਹੱਥ ਨਾਲ ਆਪਣੇ ਚਾਦਰੇ ਦੀ ਕੰਨੀ ਫੜੀ ਛਿੰਝ ਦੇ ਕੜੇ ਵਿਚ ਦੀ ਨਿਕਲ ਕੇ ਸਿੱਧਾ ਸਟੇਜ ਵੱਲ ਨੂੰ ਜਾ ਰਿਹਾ ਸੀ। ਉਸ ਦੇ ਜਾਣ ਪਛਾਣ ਵਾਲੇ ਕਈ ਪਹਿਲਵਾਨ ਉਸ ਨੂੰ ਅਖਾੜੇ ਵਿਚ ਦੀ ਤੁਰੇ ਜਾਂਦੇ ਨੂੰ ਦੇਖ ਹੱਥ ਖੜਾ ਕਰਕੇ ਸਤਿ ਸ੍ਰੀ ਅਕਾਲ ਬੁਲਾ ਰਹੇ ਸਨ ਅਤੇ ਛੋਟੀ ਉਮਰ ਦੇ ਮੁੰਡੇ ਉਸ ਵੱਲ ਨੂੰ ਭੱਜ ਕੇ ਆਉਂਦੇ, ਉਸ ਦੇ ਗੋਡੀਂ ਹੱਥ ਲਾ ਕੇ ਆਸ਼ੀਰਵਾਦ ਲੈਂਦੇ ਤੇ ਵਾਪਸ ਆਪਣੀ ਥਾਂ ਉਤੇ ਆ ਬੈਠਦੇ। ਸਟੇਜ ਉਤੇ ਬੈਠੇ ਕਰਤਾਰ ਸਿਹੁੰ ਨੇ ਦੂਰੋਂ ਤੁਰੇ ਆਉਂਦੇ ਮੇਲੀ ਦੀ ਤੋਰ ਪਛਾਣ ਲਈ। ਉਹ ਆਪਣੀ ਕੁਰਸੀ ਤੋਂ ਉਠ ਖੜਾ ਹੋਇਆ ਅਤੇ ਅਗਲੇ ਹੀ ਪਲ ਸਟੇਜ ਤੋਂ ਥੱਲੇ ਉਤਰ ਅੱਗੇ ਹੋ ਕੇ ਮੇਲੀ ਨੂੰ ਜੱਫੀ ਪਾ ਕੇ ਮਿਲਿਆ। ਉਨ੍ਹਾਂ ਨੂੰ ਜੱਫੀ ਪਾਈ ਖੜਿਆ ਨੂੰ ਦੇਖ ਕੇ ਮੰਚ ਸੰਚਾਲਕ ਦਰਸ਼ਕਾਂ ਨੂੰ ਸੰਬੋਧਨ ਹੋਇਆ, ‘ਦੋਸਤੋ, ਏਧਰ ਆਪਸੀ ਪ੍ਰੇਮ ਪਿਆਰ ਵਾਲੀ ਕੁਸ਼ਤੀ ਵੀ ਦੇਖੋ। ਅਸੀਂ ਆਪਣੇ ਕਮੇਟੀ ਵੱਲੋਂ ਰੁੜਕੀਓਂ ਚੱਲ ਕੇ ਆਏ ਮੇਲੀ ਭਲਵਾਨ ਜੀ ਨੂੰ ਜੀ ਆਇਆਂ ਆਖਦੇ ਹਾਂ। ਦੋਵੇਂ ਮਿੱਤਰ ਸਟੇਜ ‘ਤੇ ਪਧਾਰੋ। ਤੁਹਾਡਾ ਸੁਆਗਤ ਹੈ।’
ਵਿੱਚ-ਵਿੱਚ ਕੁਸ਼ਤੀਆਂ ਦਾ ਦੌਰ ਚੱਲ ਰਿਹਾ ਸੀ। ਨਵੇਂ ਪੁਰਾਣੇ ਭਲਵਾਨ ਆਪੋ ਆਪਣੀ ਸਮਰੱਥਾ ਮੁਤਾਬਕ ਤਾਕਤ ਦੇ ਜੌਹਰ ਦਿਖਾ ਰਹੇ ਸਨ। ਕਿਸੇ ਸਮੇਂ ਮੇਲੀ ਭਲਵਾਨ ਅਤੇ ਕਰਤਾਰ ਸਿਹੁੰ ਦਾ ਆਪਸ ਵਿੱਚ ਜੱਫਾ ਪੈਂਦਾ ਹੁੰਦਾ ਸੀ। ਦੋਵੇਂ ਮੱਲ ਅਨੇਕਾਂ ਅਖਾੜਿਆਂ ਵਿੱਚ ਘੁਲੇ ਸਨ, ਪਰ ਢਿਹਾ ਦੋਵਾਂ ਵਿੱਚੋਂ ਕਦੇ ਕੋਈ ਨਹੀਂ ਸੀ। ਕਰਤਾਰ ਸਿਹੁੰ ਘੁਲਦੇ-ਘੁਲਦੇ ਮੇਲੀ ਨੂੰ ਅਕਸਰ ਕਹਿੰਦਾ ਹੁੰਦਾ, ‘ਮੇਲੀਆ, ਜਿੱਦਣ ਤੈਥੋਂ ਢਹਿ ਗਿਆ ਨਾ, ਤਾਂ ਤੂੰ ਸਮਝ ਲੈ ਓਦਣੇ ਘੁਲਣਾ ਬੰਦ।’ ਅੱਗੋਂ ਇਹੀ ਬੋਲ ਮੇਲੀ ਦੇ ਹੁੰਦੇ। ਦੋਵਾਂ ਦੀ ਅੜੀ ਪੱਕੀ ਰਹੀ। ਦੋਵਾਂ ਜਣਿਆਂ ਨੂੰ ਜਦੋਂ ਅਖਾੜੇ ਵਿੱਚ ਕੁਸ਼ਤੀ ਲੜਦੇ ਹੋਏ ਬਹੁਤ ਸਮਾਂ ਲੰਘ ਜਾਣਾ ਤਾਂ ਦਰਸ਼ਕਾਂ ਦੇ ਕਹਿਣ ‘ਤੇ ਦੋਵਾਂ ਪਹਿਲਵਾਨਾਂ ਨੂੰ ਥਾਪੀ ਦੇ ਕੇ ਪਰ੍ਹੇ-ਪਰ੍ਹੇ ਕੀਤਾ ਜਾਂਦਾ ਤੇ ਬਰਾਬਰ ਦਾ ਇਨਾਮ ਦਿੱਤਾ ਜਾਂਦਾ। ਅਨੇਕਾਂ ਛਿੰਝਾਂ ਉਤੇ ਜਦੋਂ ਦੋਵੇਂ ਹੋਰਨਾਂ ਭਲਵਾਨਾਂ ਵਾਂਗ ਕਿਸੇ ਆਪਸੀ ਸਮਝੌਤੇ (ਜਾਂ ਮਿਲੀਭੁਗਤ) ਉਤੇ ਇਕ ਦੂਜੇ ਤੋਂ ਢਹਿਣ ਲਈ ਤਿਆਰ ਨਾ ਹੋਏ ਤਾਂ ਉਨ੍ਹਾਂ ਆਪਸ ਵਿੱਚ ਕੁਸ਼ਤੀ ਲੜਨ ਦੀ ਅੜੀ ਛੱਡ ਕੇ ਆੜੀ ਪਾ ਲਈ। ਇਕ ਦਿਨ ਕਰਤਾਰ ਸਿਹੁੰ ਨੇ ਕਿਹਾ, ‘ਬਥੇਰਾ ਘੁਲ ਲਿਆ ਮੇਲੀਆ ਹੁਣ। ਯਾਰਾ, ਹੁਣ ਅਖਾੜਿਆਂ ਵਿੱਚ ਘੁਲਣ ਨਹੀਂ, ਦਰਸ਼ਕ ਬਣ ਕੇ ਆਇਆ ਕਰਾਂਗੇ।’ ਦੋਵੇਂ ਇਕ ਦੂਜੇ ਨਾਲ ਸਹਿਮਤ ਹੋ ਕੇ ਕੁਸ਼ਤੀ ਲੜਨੀ ਛੱਡ ਗਏ। ਉਸ ਦਿਨ ਦੀ ਆਖਰੀ ਕੁਸ਼ਤੀ ਵੇਲੇ ਉਨ੍ਹਾਂ ਇਹ ਗੱਲ ਮੰਚ ਸੰਚਾਲਕ ਨੂੰ ਦੱਸ ਕੇ ਸਾਰੇ ਦਰਸ਼ਕਾਂ ਵਿੱਚ ਐਲਾਨ ਵੀ ਕਰਾ ਦਿੱਤਾ ਸੀ।
ਸਟੇਜ ਉਤੇ ਲੱਗੀਆਂ ਕੁਰਸੀਆਂ ‘ਤੇ ਦੋਵੇਂ ਪਹਿਲਵਾਨ ਬੈਠੇ। ਨਵੇਂ ਪੁਰਾਣੇ ਪਹਿਲਵਾਨ ਮੁੰਡਿਆਂ ਦੇ ਦਾਅ ਪੇਚ ਦੇਖਣ ਲੱਗੇ। ਕਈ ਮੱਲਾਂ ਦੇ ਪਿੰਡਿਆਂ ਨੂੰ ਮਿੱਟੀ ਤੱਕ ਵੀ ਨਹੀਂ ਸੀ ਲੱਗਦੀ, ਜਦੋਂ ਇਕ ‘ਮੱਲ’ ਦੂਜੇ ਭਲਵਾਨ ਦਾ ਮਿੱਟਾਂ ਸਕਿੰਟਾਂ ਵਿੱਚ ਘੋਗਾ ਚਿੱਤ ਕਰ ਦਿੰਦਾ। ਦੋ-ਦੋ, ਚਾਰ-ਚਾਰ ਮਿੰਟਾਂ ਵਾਲੀਆਂ ਕੁਸ਼ਤੀਆਂ ਦੇਖ ਕੇ ਮੇਲੀ ਕਹਿਣ ਲੱਗਿਆ, ‘ਲੈ ਦੇਖ ਲੈ ਕਰਤਾਰ ਸਿਹਾਂ ਅੱਜ ਕੱਲ੍ਹ ਦੀਆਂ ਕੁਸ਼ਤੀਆਂ। ਜਦੋਂ ਆਪਾਂ ਘੁਲਦੇ ਹੁੰਦੇ ਸਾਂ ਤਾਂ ਘੰਟਿਆਂ ਬੱਧੀ ਸਾਹੋ ਸਾਹੀ ਹੋੇ ਰਹਿਣਾ। ਦਰਸ਼ਕਾਂ ਨੇ ਤਾੜੀਆਂ ਮਾਰੀ ਜਾਣੀਆਂ, ਸ਼ਾਬਾਸ਼ੇ, ਸ਼ਾਬਾਸ਼ੇ ਕਰੀ ਜਾਣਾ। ਹੁਣ ਤਾਂ ਤਾੜੀਆਂ ਵੀ ਨ੍ਹੀਂ ਮਾਰਨ ਦਿੰਦੇ ਮੁੰਡੇ, ਝੱਟ ਹੀ ਪਟੱਕ ਆਰ ਪਾਰ ਦਾ ਫੈਸਲਾ ਕਰਦੇ ਨੇ।’ ਮੇਲੀ ਅਜੇ ਕਰਤਾਰ ਸਿਹੁੰ ਨਾਲ ਇਹ ਗੱਲ ਕਰ ਹੀ ਰਿਹਾ ਸੀ ਕਿ ਸਟੇਜ ਸੈਕਟਰੀ ਨੇ ਬੜੇ ਮਾਣ ਨਾਲ ਕਰਤਾਰ ਸਿੰਘ ਪਹਿਲਵਾਨ ਦਾ ਨਾਂ ਲੈ ਕੇ ਕਿਹਾ, ‘ਇਨ੍ਹਾਂ ਦਾ ਪੋਤਰਾ ਨਵਜੋਤ ਸਿੰਘ ਅੱਜ ਅਖਾੜੇ ਵਿੱਚ ਪਹਿਲੀ ਵਾਰ ਆਪਣੀ ਕੁਸ਼ਤੀ ਦੇ ਕਰਤੱਬ ਦਿਖਾਏਗਾ।’ ਇਹ ਗੱਲ ਸੁਣ ਕੇ ਮੇਲੀ ਨੇ ਕਰਤਾਰ ਸਿਹੁੰ ਦੇ ਹੱਥ ‘ਤੇ ਹੱਥ ਮਾਰਿਆ, ‘ਵਾਹ ਬਈ ਵਾਹ, ਜੋਤ ਨੂੰ ਵੀ ਘੁਲਣ ਲਾ ਲਿਆ। ਤੂੰ ਦੱਸਿਆ ਹੀ ਨਹੀਂ ਕਦੇ?’
‘ਬੱਸ ਦੱਸਣਾ ਕੀ ਸੀ, ਏਨੇ ਸਾਲਾਂ ‘ਚ ਆਪਣਾ ਮੇਲ ਈ ਨਹੀਂ ਹੋਇਆ। ਇਹ ਹਟਿਆ ਨਹੀਂ। ਕਹਿੰਦਾ ਦਾਦਾ ਜੀ, ਮੈਨੂੰ ਵੀ ਸਾਰੇ ਦਾਅ ਪੇਚ ਸਿਖਾਓ। ਮੈਂ ਤੁਹਾਡੀ ਪਾਈ ਹੋਈ ਲੀਹ ਨੂੰ ਚੱਲਦੀ ਰੱਖ ਕੇ ਇਸ ਨੂੰ ਖਾਨਦਾਨੀ ਬਣਾ ਦੇਵਾਂਗਾ। ਰੋਜ਼-ਰੋਜ਼ ਅਖਾੜੇ ‘ਚ ਆ ਬੈਠਦਾ। ਜਿਹੜੇ ਮੁੰਡੇ ਮੇਰੇ ਕੋਲ ਜ਼ੋਰ ਕਰਨ ਆਉਂਦੇ ਉਨ੍ਹਾਂ ਨੂੰ ਦੇਖਦਾ ਰਹਿੰਦਾ। ਆਖਰ ਪੜ੍ਹਨੋਂ ਵੀ ਹਟ ਗਿਆ। ਫਿਰ ਮੈਂ ਕਿਹਾ, ਜੇ ਤੂੰ ਸਕੂਲ ਨਹੀਂ ਜਾਣਾ, ਫਿਰ ਸਿੱਧਾ ਹੋ ਕੇ ਅਖਾੜੇ ‘ਚ ਆ ਜਾ। ਇਸ ਗੱਲ ਨੂੰ ਜਿਵੇਂ ਇਹ ਉਡੀਕਦਾ ਸੀ। ਹੁਣ ਢਾਈ ਕੁ ਸਾਲਾਂ ਤੋਂ ਰੋਜ਼ ਘੁਲਦੈ। ਹਾਲੇ ਤੱਕ ਆਪਣੇ ਵਾਲੀ ਸਰਦਾਰੀ ਕਾਇਮ ਰੱਖੀ ਹੋਈ ਐ। ਸਭ ਦਾਅ ਪੇਚ ਸਿਖਾਏ ਨੇ। ਤੂੰ ਕੁਸ਼ਤੀ ਦੇਖੀਂ ਮੁੰਡੇ ਦੀ।’ ਇਉ ਕਹਿ ਕੇ ਕਰਤਾਰ ਸਿਹੁੰ ਨੇ ਆਪਣੀਆਂ ਮੁੱਛਾਂ ਉਪਰ ਹੱਥ ਫੇਰਿਆ ਕਿ ਏਨੀ ਦੇਰ ‘ਚ ਜੋਤ ਬਿਜਲੀ ਦੇ ਲਿਸ਼ਕਾਰੇ ਵਾਂਗ ਜ਼ਮੀਨ ਨੂੰ ਹੱਥ ਲਾ ਕੇ ਥਾਪੀਆਂ ਮਾਰਦਾ ਹੋਇਆ ਅਖਾੜੇ ਵਿੱਚ ਆ ਖੜਿਆ।
ਮੇਲੀ ਨੇ ਜੋਤ ਨੂੰ ਅੱਜ ਕਈ ਸਾਲਾਂ ਬਾਅਦ ਦੇਖਿਆ ਸੀ। ਮੁੰਡਾ ਦੇਖਣ ਨੂੰ ਚੁਸਤ ਦਰੁਸਤ ਅਤੇ ਫੁਰਤੀਲਾ ਲੱਗ ਰਿਹਾ ਸੀ। ਦੂਜੇ ਪਾਸੇ ਜੋਤ ਨਾਲ ਘੁਲਣ ਵਾਲਾ ਇਕ ਮਾੜਚੂ ਜਿਹਾ ਮੁੰਡਾ ਥਾਪੀ ਮਾਰ ਕੇ ਮੈਦਾਨ ‘ਚ ਆ ਖੜਿਆ। ਉਨ੍ਹਾਂ ਵਿਚਕਾਰ ਖੜੇ ਰੈਫਰੀ ਨੇ ਦੋਵਾਂ ਭਲਵਾਨਾਂ ਦੀਆਂ ਬਾਹਵਾਂ ਖੜੀਆਂ ਕਰਕੇ ਲੋਕਾਂ ਨੂੰ ਜਾਣ ਪਛਾਣ ਕਰਾਈ, ‘ਇਹ ਨਵਜੋਤ ਸਿੰਘ ਇਸੇ ਪਿੰਡ ਤੋਂ ਸਰਦਾਰ ਕਰਤਾਰ ਸਿਹੂੰ ਪਹਿਲਵਾਨ ਦਾ ਪੋਤਾ ਅਤੇ ਇਹ ਮੁੰਡਾ ਖੇੜਿਆਂ ਤੋਂ ਬਾਬੇ ਬੂਟੇ ਦੇ ਅਖਾੜੇ ਦਾ ਚੋਬਰ ਪਹਿਲਵਾਨ ਤਰਸੇਮ ਸੇਮਾ।’ ਰੈਫਰੀ ਨੇ ਉਸ ਦੇ ਕਮਜ਼ੋਰ ਜਿਹੇ ਸਰੀਰ ਨੂੰ ਦੇਖ ਕੇ ਜਿਵੇਂ ਉਸ ‘ਤੇ ਵਿਅੰਗ ਕਸਿਆ ਹੋਵੇ। ਰੈਫਰੀ ਦੇ ਇਉਂ ਕਹਿਣ ਦੀ ਦੇਰ ਸੀ ਕਿ ਦੋਵੇਂ ਮੁੰਡਿਆਂ ਨੇ ਪਿੰਡਿਆਂ ਨੂੰ ਮਿੱਟੀ ਮਲ ਕੇ ਅੱਖ ਝਪਕੇ ਨਾਲ ਕੁਸ਼ਤੀ ਲੜਨੀ ਸ਼ੁਰੂ ਕਰ ਦਿੱਤੀ। ਇਕ ਦਾਅ ਜੋਤ ਮਾਰਦਾ ਅਤੇ ਦੂਜਾ ਸੇਮਾ। ਦੋਵੇਂ ਇਕ ਦੂਜੇ ਦੀ ਪਿੱਠ ਲਾਉਣ ਲਈ ਤਰਲੋਮੱਛੀ ਹੋ ਗਏ। ਉਹ ਹਾਲੇ ਪੰਜ ਸੱਤ ਮਿੰਟ ਹੀ ਘੁਲੇ ਹੋਣੇ ਹਨ ਕਿ ਅਚਾਨਕ ਸੇਮੇ ਨੇ ਜੋਤ ਨੂੰ ਧੋਬੀ ਪਟਕਾ ਮਾਰਿਆ ਅਤੇ ਜੋਤ ਜ਼ਮੀਨ ‘ਤੇ ਪਿੱਠ ਭਾਰ ਡਿੱਗ ਪਿਆ। ਰੈਫਰੀ ਨੇ ਤੁਰੰਤ ਸੀਟੀ ਮਾਰ ਕੇ ਸੇਮੇ ਦੀ ਜਿੱਤ ‘ਚ ਹੱਥ ਖੜਾ ਕਰ ਦਿੱਤਾ ਅਤੇ ਦੋਵਾਂ ਜਣਿਆਂ ਨੂੰ ਥਾਪੀ ਦੇ ਕੇ ਪਰ੍ਹੇ-ਪਰ੍ਹੇ ਕੀਤਾ।
ਇਹ ਸਭ ਕੁਝ ਦੇਖ ਕੇ ਕਰਤਾਰ ਸਿਹੁੰ ਨਿੰਮੋਝੂਣਾ ਜਿਹਾ ਹੋ ਕੇ ਬੈਠ ਗਿਆ। ਉਸ ਦਾ ਆਪਣਾ ਪੋਤਾ, ਉਹ ਵੀ ਆਪਣੇ ਹੀ ਪਿੰਡ ‘ਚ..। ਪੋਤੇ ਦੀ ਕੁਸ਼ਤੀ ਦੇਖਣ ਦਾ ਉਸ ਦਾ ਸਾਰਾ ਚਾਅ ਉਤਰ ਗਿਆ। ‘ਕਰਤਾਰ ਸਿਹਾਂ, ਇਹ ਮੈਂ ਕੀ ਦੇਖਦਾਂ ਬਈ! ਤੇਰੀ ਪਿੱਠ ਨੂੰ ਤਾਂ ਮਿੱਟੀ ਨ੍ਹੀਂ ਲਾਈ ਕਿਸੇ ਨੇ ਅੱਜ ਤੱਕ, ਪਰ ਅੱਜ ਆਪਣਾ ਹੀ ਮੁੰਡਾ..। ਕੀ ਮੁੰਡੇ ਨੂੰ ਖਵਾਉਂਦਾ ਪਿਆਉਂਦਾ ਨ੍ਹੀਂ ਕੁਝ, ਕਿ ਤੇਰੇ ਸਿਖਾਏ ਹੋਏ ਦਾਅ ਪੇਚ ਭੁੱਲ ਗਿਆ?’ ਮੇਲੀ ਨੇ ਕਰਤਾਰ ਸਿਹੁੰ ਤੋਂ ਪੁੱਛਿਆ।
ਮੇਲੀ ਦੀ ਨਿਹੋਰੇ ਵਰਗੀ ਗੱਲ ਸੁਣ ਕੇ ਕਰਤਾਰ ਸਿਹੁੰ ਜਿਵੇਂ ਖੂਹ ਵਿੱਚ ਉਤਰ ਗਿਆ ਹੋਵੇ। ਉਹ ਹਲਕਾ ਜਿਹਾ ਬੋਲਿਆ, ‘ਕਾਹਨੂੰ ਗੁਰਮੇਲ ਸਿਹੁੰ, ਮੁੰਡੇ ਨੂੰ ਖਵਾਉਣਾ ਪਿਆਉਣਾ ਦੀ ਕੋਈ ਕਸਰ ਨ੍ਹੀਂ ਛੱਡਦਾ। ਆਪਣੇ ਵੇਲੇ ਵਰਗੀਆਂ ਖੁਰਾਕਾਂ ਨ੍ਹੀਂ ਰਹਿਗੀਆਂ ਹੁਣ। ਸਭ ਥਾਂ ‘ਤੇ ਮਿਲਾਵਟਾਂ ਹੋਈਆਂ ਨੇ ਅਤੇ ਦਾਅ ਪੇਚ ਮਾਰਨ ਲੱਗਿਆਂ ਭੁਲੇਖਾ ਖਾ ਗਿਆ।’
ਮਾੜੀਆਂ ਖੁਰਾਕਾਂ ਬਾਰੇ ਸੁਣ ਕੇ ਮੇਲੀ ਬੋਲਿਆ, ‘ਇਹ ਤੇਰੀ ਗੱਲ ਲੱਖ ਰੁਪਈਏ ਦੀਏ ਕਰਤਾਰ ਸਿਹੁੰ! ਜੇ ਇਹੋ ਜਿਹੀਆਂ ਖੁਰਾਕਾਂ ਦੇ ਸਿਰਾਂ ਉਤੇ ਭਲਵਾਨ ਇਹੋ ਜਿਹੇ ਮਿੰਟਾਂ ਸਕਿੰਟਾਂ ਵਾਲੇ ਘੋਲ ਦਿਖਾਉਣ ਲੱਗ ਪਏ, ਫੇਰ ਦਰਸ਼ਕਾਂ ਨੂੰ ਕੀ ਨਜ਼ਾਰਾ ਆਉਣੈ ਘੋਲ ਦੇਖਣ ਦਾ? ਉਹ ਤਾਂ ਭਲਵਾਨਾਂ ਘੁਲਦੇ ਹੋਏ, ਉਨ੍ਹਾਂ ਨੂੰ ਇਕ ਦੂਜੇ ਨੂੰ ਢਾਹੁਣ ਲਈ ਅੱਡੀ ਚੋਟੀ ਦਾ ਜ਼ੋਰ ਮਾਰਦੇ ਹੋਏ ਦੇਖਣ ਆਉਂਦੇ ਨੇ ਐਡੀ-ਐਡੀ ਦੂਰੋਂ! ਇਹੋ ਜਿਹੀਆਂ ਕੁਸ਼ਤੀਆਂ ਦੇਖ ਕੇ ਲੋਕਾਂ ਦੀ ਦਿਲਚਸਪੀ ਮਰ ਜਾਣੀ ਐ। ਫਿਰ ਹੌਲੀ-ਹੌਲੀ ਅਖਾੜਿਆਂ ਵਿੱਚ ਦਰਸ਼ਕਾਂ ਦਾ ਆਉਣਾ ਘੱਟ ਹੋ ਜਾਊ, ਕਿਸੇ ਦਿਨ ਨੂੰ ਆਖਰ ਛਿੰਝਾਂ ਲੱਗਣੀਆਂ ਬੰਦ ਹੋ ਜਾਣਗੀਆਂ। ਫਿਰ ਆਪਣੇ ਵਰਗੇ ਪਹਿਲਵਾਨ ਦੋਸ਼ ਕੱਢਣਗੇ ਮਾੜੀਆਂ ਖੁਰਾਕਾਂ ਦਾ। ਇਉਂ ਅੱਗੇ ਲੀਹ ਕਿਵੇਂ ਚੱਲੇਗੀ? ਕਿਤੇ ਕਿਸੇ ਦਿਨ ਛਿੰਝਾਂ ਵਾਲਾ ਦੀਵਾ ਗੁੱਲ ਹੀ ਨਾ ਹੋ ਜਾਵੇ!’ ਮੇਲੀ ਪਹਿਲਵਾਨ ਨੇ ਛਿੰਝਾਂ ਦੇ ਭਵਿੱਖ ਦੀ ਚਿੰਤਾ ਪ੍ਰਗਟਾਉਂਦੇ ਹੋਏ ਬੜੀ ਗੰਭੀਰਤਾ ਨਾਲ ਕਰਤਾਰ ਸਿਹੁੰ ਤੋਂ ਪੁੱਛਿਆ।
‘ਲੀਹ..? ਲੀਹ ਤਾਂ ਚੱਲੇਗੀ ਗੁਰਮੇਲ ਸਿਹੁੰ। ਇਹ ਗੁਰੂਆਂ, ਪੀਰਾਂ ਦੇ ਵੇਲਿਆਂ ਤੋਂ ਪਈ ਹੋਈ ਪਿਰਤ ਕਦੇ ਬੰਦ ਨਹੀਂ ਹੋਵੇਗੀ। ਇਸੇ ਆਸ ਨਾਲ ਮੈਂ ਆਪਣਾ ਫਰਜ਼ ਨਿਭਾਉਂਦੇ ਹੋਏ ਨਿੱਕਾ ਜਿਹਾ ਦੀਵਾ ਹੋਰ ਬਾਲ ਦਿੱਤਾ ਹੈ। ਅੱਜ ਵਾਲੀ ਨਵਜੋਤ ਦੀ ਹਾਰ ਇਸ ਨੂੰ ਨਮੋਸ਼ੀ ਨਹੀਂ ਦੇਵੇਗੀ, ਸਗੋਂ ਇਸ ਦੇ ਜਿੱਤਣ ਦਾ ਅਹਿਸਾਸ ਪੈਦਾ ਕਰੇਗੀ। ਫਿਰ ਇਹ ਦੀਵਾ ਕਦੇ ਨਹੀਂ ਬੁਝੇਗਾ ਗੁਰਮੇਲ ਸਿਹੁੰ।’ ਨਵਜੋਤ ਦੀ ਹਾਰ ਦੇ ਬਾਵਜੂਦ ਕਰਤਾਰ ਸਿਹੁੰ ਦੇ ਚਿਹਰੇ ‘ਤੇ ਰੌਣਕ ਪਰਤ ਆਈ!