ਨਿਸ਼ਾਨ ਸਾਹਿਬ : ਕੈਨੇਡੀਅਨ ਸਿੱਖ ਭਾਈਚਾਰੇ ਲਈ ਇੱਕ ਹੋਰ ਦੁਬਿਧਾ ਦੇ ਬੀਜ?

ਅਪਰੈਲ ਮਹੀਨੇ ਨੂੰ ਕੈਨੇਡਾ ਵਿੱਚ ਸਿੱਖ ਹੈਰੀਟੇਜ ਮੰਥ ਭਾਵ ਸਿੱਖ ਵਿਰਾਸਤ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਇਸਦਾ ਮਕਸਦ ਸਮੁੱਚੇ ਸਿੱਖ ਭਾਈਚਾਰੇ ਦੀਆਂ ਦੇਸ਼ ਮੁਲਕ ਲਈ ਕੀਤੀਆਂ ਘਾਲਣਾਵਾਂ ਦੇ ਜਸ਼ਨ ਮਨਾਉਣਾ ਅਤੇ ਵੱਡੇ ਪੱਧਰ ਉੱਤੇ ਸਮੁੱਚੀ ਕੈਨੇਡੀਅਨ ਕਮਿਉਨਿਟੀ ਵਿੱਚ ਸਿੱਖ ਧਰਮ ਦੇ ਅਮੀਰ ਅਤੇ ਵਿੱਲਖਣ ਵਿਰਸੇ ਬਾਰੇ ਵਧੇਰੇ ਸਮਝ, ਸਿਫ਼ਤ ਅਤੇ ਪਰਵਾਨਗੀ ਵਾਲਾ ਮਾਹੌਲ ਪੈਦਾ ਕਰਨਾ ਹੈ। ਹਾਲਾਂਕਿ ਸਿੱਖ ਹੈਰੀਟੇਜ ਮੰਥ ਦੇ ਸਿਟੀ, ਪ੍ਰੋਵਿੰਸ਼ੀਅਲ ਅਤੇ ਫੈਡਰਲ ਪੱਧਰ ਉੱਤੇ ਮਨਾਏ ਜਾਣ ਨਾਲ ਚੇਤਨਾ ਦੇ ਪੱਧਰ ਉੱਤੇ ਕੈਨੇਡਾ ਵਿੱਚ ਕਾਫੀ ਕੰਮ ਹੋ ਰਿਹਾ ਹੈ ਪਰ ਕਮਿਉਨਿਟੀ ਦੇ ਯਤਨ ਹਾਲੇ ਉਸ ਮੁਕਾਮ ਉੱਤੇ ਨਹੀਂ ਪੁੱਜੇ ਜਿਸ ਪੱਧਰ ਉੱਤੇ ਕੈਨੇਡਾ ਵਿੱਚ ਬਲੈਕ ਕਮਿਉਨਿਟੀ ਹੈਰੀਟੇਜ ਮੰਥ ਦੀਆਂ ਗਤੀਵਿਧੀਆਂ ਹਨ। ਤਾਂ ਵੀ ਬਰੈਂਪਟਨ ਸਿਟੀ ਤੋਂ ਲੈ ਕੇ ਬਰੈਡਫੋਰਡ ਤੋਂ ਲੈ ਕੇ ਓਟਾਵਾ ਤੱਕ ਦੀਆਂ ਕਈ ਮਿਉਂਸਪਲ ਕਾਉਂਸਲਾਂ ਦੇ ਅਹਾਤਿਆਂ ਵਿੱਚ ਸਿੱਖ ਝੰਡੇ ਨੂੰ ਝੁਲਾਏ ਜਾਣ ਦੇ ਸਮਾਚਾਰ ਮਿਲ ਰਹੇ ਹਨ। ਇਵੇਂ ਹੀ ਉਂਟੇਰੀਓ ਪਾਰਲੀਮੈਂਟ ਅਤੇ ਹੋਰ ਪ੍ਰੋਵਿੰਸ਼ੀਅਲ ਪਾਰਲੀਆਮੈਂਟ ਵਿੱਚ ਸਿੱਖ ਕਾਰਜਕਰਤਾਵਾਂ ਵੱਲੋਂ ਸਮਾਗਮ ਰਚਾਏ ਜਾਣ ਦੀਆਂ ਖਬਰਾਂ ਮਿਲਦੀਆਂ ਹਨ।

ਇਹਨਾਂ ਰਸਮਾਂ ਵਿੱਚ (ਮਿਸਾਲ ਵਜੋਂ ਬਰੈਂਪਟਨ ਸਿਟੀ ਹਾਲ, ਉਂਟੇਰੀਓ ਪਾਰਲੀਮੈਂਟ, ਕੁਈਨ ਪਾਰਕ) ਵਿੱਚ ਜਿਸ ਆਕਾਰ ਦੇ ਨਿਸ਼ਾਨ ਸਾਹਿਬ ਨੂੰ ਲਹਿਰਾਇਆ ਜਾਂਦਾ ਹੈ, ਉਹ ਚਕੋਰ ਹੈ ਜੋ ਕਿ ਪ੍ਰਵਾਨਿਤ ਸਿੱਖ ਨਿਸ਼ਾਨ ਸਾਹਿਬ ਨਾਲ ਬਿਲਕੁਲ ਮੇਲ ਨਹੀਂ ਖਾਂਦਾ। ਕੀ ਇਹ ਨਿਸ਼ਾਨ ਸਾਹਿਬ ਕਿਸੇ ਵਿਸ਼ੇਸ਼ ਅਤੇ ਵੱਖਰੀ ਸੋਚ, ਵਿਚਾਰ ਜਾਂ ਜੱਥੇਬੰਦੀ ਦਾ ਪ੍ਰਤੀਕ ਹੈ ਜਾਂ ਮਹਿਜ਼ ਇੱਕ ਨਵੀਂ ਪਿਰਤ। ਕੁੱਝ ਵੀ ਹੋਵੇ ਇਹ ਸਹੀ ਸਮਾਂ ਹੈ ਕਿ ਸਿੱਖ ਸੰਸਥਾਵਾਂ ਚੌਕਸ ਹੋ ਕੇ ਇੱਕ ਕੇਂਦਰੀ ਸਿਧਾਂਤ ਕਾਇਮ ਕਰਨ। ਅਜਿਹਾ ਕਰਨ ਦੀ ਗੈਰਹਾਜ਼ਰੀ ਵਿੱਚ ਸਿੱਖ ਪਹਿਚਾਣ, ਸਿੱਖ ਕੇਂਦਰੀ ਸਿਧਾਂਤਾਂ ਬਾਰੇ ਕੈਨੇਡਾ ਭਰ ਵਿੱਚ ਭਰਮ ਭੁਲੇਖੇ ਪੈਦਾ ਹੋ ਸਕਦੇ ਹਨ। ਸਿੱਖ ਧਰਮ ਦੇ ਪੈਰੋਕਾਰਾਂ ਨੂੰ ਪਹਿਲਾਂ ਹੀ ਵੱਖ ਵੱਖ ਤਿੱਥਾਂ ਤਿਉਹਾਰਾਂ ਦੀਆਂ ਤਾਰੀਕਾਂ ਬਾਰੇ ਪੈਦਾ ਹੋਏ ਭਰਮ ਭੁਲੇਖਿਆਂ ਵਿੱਚੋਂ ਗੁਰਜ਼ਨਾ ਪੈਂਦਾ ਹੈ।

ਗੈਰ-ਰਿਵਾਇਤੀ ਸ਼ਕਲ-ਓ-ਸੂਰਤ ਦੇ ਨਿਸ਼ਾਨ ਸਾਹਿਬ ਲਹਿਰਾਏ ਜਾਣ ਦੀ ਰੀਤ ਸੁਆਲ ਖੜਾ ਕਰਦੀ ਹੈ ਕਿ ਆਖਰ ਨੂੰ ਨਿਸ਼ਾਨ ਸਾਹਿਬ ਜਾਂ ਕੌਮੀ ਝੰਡੇ ਦਾ ਮਹੱਤਵ ਕੀ ਹੈ? ਜੇ ਅਸੀਂ ਵੱਖੋ ਵੱਖਰੇ ਮੁਲਕਾਂ ਦੇ ਕੌਮੀ ਝੰਡਿਆਂ ਦੀ ਗੱਲ ਕਰੀਏ ਤਾਂ ਇੱਕ ਗੱਲ ਸਪੱਸ਼ਟ ਹੈ ਕਿ ਇੱਕ ਮੁਲਕ ਦਾ ਇੱਕ ਹੀ ਝੰਡਾ ਹੁੰਦਾ ਹੈ। ਇਹ ਝੰਡਾ ਉਸ ਮੁਲਕ ਵਿਸ਼ੇਸ਼ ਦੀ ਪ੍ਰਭੂਸੱਤਾ, ਸੁਤੰਤਰ ਹੋਂਦ, ਇਤਿਹਾਸ, ਸੱਭਿਆਚਾਰ ਆਦਿ ਦਾ ਲਖਾਇਕ ਬਣਦਾ ਹੈ। ਕੌਮੀ ਝੰਡਾ ਦੇਸ਼ ਵਾਸੀਆਂ ਵਿੱਚ ਮਾਣ, ਸਨਮਾਨ, ਦੇਸ਼ ਭਗਤੀ ਦੇ ਜਜ਼ਬੇ ਪੈਦਾ ਕਰਦਾ ਹੈ ਜਿਸ ਵਾਸਤੇ ਲੋਕੀ ਆਪਣੀ ਜਾਨ ਤੱਕ ਵਾਰ ਦੇਂਦੇ ਹਨ। ਜਦੋਂ ਇੱਕ ਮੁਲਕ ਵੱਲੋਂ ਦੂਜੇ ਉੱਤੇ ਕਬਜ਼ਾ ਕੀਤਾ ਜਾਂਦਾ ਹੈ ਤਾਂ ਸੱਭ ਤੋਂ ਪਹਿਲਾ ਕਦਮ ਹਾਰੇ ਮੁਲਕ ਦਾ ਕੌਮੀ ਝੰਡੇ ਹਟਾਉਣਾ ਹੁੰਦਾ ਹੈ। ਜੇ ਦੁਨੀਆਵੀ ਹੋਂਦ ਵਾਲੇ ਮੁਲਕਾਂ, ਜਿਹਨਾਂ ਦੀਆਂ ਹੱਦਾਂ ਸਰਹੱਦਾਂ ਕਦੇ ਸਥਾਈ ਨਹੀਂ ਹੁੰਦੀਆਂ, ਦੇ ਝੰਡਿਆਂ ਦਾ ਐਨਾ ਵੱਡਾ ਮਹੱਤਵ ਹੈ ਤਾਂ ਇੱਕ ਅਕਾਲ ਸਿਧਾਂਤ ਦੀ ਪ੍ਰਤੀਨਿੱਧਤਾ ਕਰਨ ਵਾਲੇ ਨਿਸ਼ਾਨ ਸਾਹਿਬ ਵਿੱਚ ਹੇਰ ਫੇਰ ਕਿਸ ਦਿਸ਼ਾ ਵੱਲ ਸੰਕੇਤ ਕਰਦਾ ਹੈ?

ਸਮੁੱਚੇ ਸਿੱਖ ਧਰਮ ਦੀ ਨੁਮਾਇੰਦਗੀ ਕਰਨ ਦੇ ਲਿਹਾਜ ਨਾਲ ਕੀਤੇ ਜਾਣ ਵਾਲੇ ਸਮਾਗਮਾਂ (ਜਿਵੇਂ ਬਰੈਂਪਟਨ ਸਿਟੀ ਹਾਲ ਜਾਂ ਕੁਈਨ ਪਾਰਕ, ਟੋਰਾਂਟੋ ਆਦਿ, ਵਿੱੱਚ ਲਹਿਰਾਏ ਜਾਣ ਵਾਲੇ ਨਿਸ਼ਾਨ ਸਾਹਿਬ ਵਿੱਚ ਤਬਦੀਲੀ ਦਾ ਕਰਮ ਬਾਰੇ ਸਿੱਖ ਜੱਥੇਬੰਦੀਆਂ ਦਾ ਫਰਜ਼ ਬਣਦਾ ਹੈ ਕਿ ਉਹ ਸਬੰਧਿਤ ਵਿਅਕਤੀਆਂ, ਸੰਸਥਾਵਾਂ ਨਾਲ ਰਾਬਤਾ ਕਰਕੇ ਇਸ ਮਸਲੇ ਨੂੰ ਕੌਮੀ ਹਿੱਤਾਂ ਦੇ ਮੱਦੇਨਜ਼ਰ ਵਿਚਾਰਨ। ਉਂਟੇਰੀਓ ਪ੍ਰੋਵਿੰਸ ਵਿੱਚ ਇਹ ਫਰਜ਼ ਉਂਟੇਰੀਓ ਸਿੱਖ ਐਂਡ ਗੁਰਦੁਆਰਾ ਕਾਉਂਸਲ ਅਤੇ ਉਂਟੇਰੀਓ ਗੁਰਦੁਆਰਜ਼ ਕਮੇਟੀ ਉੱਤੇ ਵਿਸ਼ੇਸ਼ ਕਰਕੇ ਅਤੇ ਹਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਉੱਤੇ ਆਮ ਕਰਕੇ ਆਇਦ ਹੁੰਦਾ ਹੈ।

ਇਹ ਤਰਕ ਵੀ ਸੁਣਨ ਵਿੱਚ ਆਇਆ ਹੈ ਕਿ ਸਿਟੀ ਹਾਲ (ਬਰੈਂਪਟਨ ਦੀ ਮਿਸਾਲ ਦਿੱਤੀ ਜਾਂਦੀ ਹੈ) ਵੱਲੋਂ ਕਿਸੇ ਧਰਮ ਦਾ ਝੰਡਾ ਨਹੀਂ ਝੁਲਾਇਆ ਜਾਂਦਾ। ਪਰ ਬਰੈਡਫੋਰਡ ਅਤੇ ਓਟਾਵਾ ਸਿਟੀ ਹਾਲਾਂ ਨੇ ਪ੍ਰਵਾਨਿਤ ਨਿਸ਼ਾਨ ਸਾਹਿਬ ਦੀ ਮਨਜ਼ੂਰੀ ਦਿੱਤੀ ਸੀ। ਜੇ ਧਾਰਮਿਕ ਝੰਡਾ ਨਾ ਪਹਿਨਾਉਣ ਬਾਬਤ ਗੱਲ ਸੱਚ ਹੋਵੇ ਤਾਂ ਪਹੁੰਚ ਅਧਿਕਾਰੀਆਂ ਜਾਂ ਸਰਕਾਰੀ ਸੰਸਥਾਵਾਂ ਨਾਲ ਨਿੱਗਰ ਗੱਲਬਾਤ ਦੇ ਜ਼ਰੀਏ ਹੱਲ ਲੱਭਣ ਵਾਲੀ ਹੋਣੀ ਚਾਹੀਦੀ ਹੈ ਨਾ ਕਿ ਪੈਦਾ ਹੋਣ ਵਾਲੀ ਹਰ ਨਿੱਕੀ ਜਿਹੀ ਰੁਕਾਵਟ ਕਾਰਣ ਸਮੁੱਚੇ ਭਾਈਚਾਰੇ ਦੀ ਦਿਸ਼ਾ ਬਦਲਣ ਦੀ ਖੁੱਲ ਲਈ ਜਾਵੇ। ਜੇ ਅਜਿਹੇ ਰੁਝਾਨਾਂ ਨੂੰ ਰੋਕਣ ਲਈ ਵਕਤ ਸਿਰ ਕਦਮ ਨਾ ਚੁੱਕੇ ਗਏ ਤਾਂ ਸਿੱਖ ਧਰਮ ਵਿੱਚ ਅਜਿਹੀਆਂ ਪਿਰਤਾਂ ਪੈਣ ਦੇ ਰਾਹ ਖੁੱਲ ਸਕਦੇ ਹਨ ਜਿਹਨਾਂ ਦੇ ਅੰਤ ਸਿੱਟੇ ਗੰਭੀਰ ਹੋ ਸਕਦੇ ਹਨ ਜਿਹਨਾਂ ਨੂੰ ਲੈ ਕੇ ਸਿੱਖ ਲੀਡਰਸਿ਼ੱਪ ਅਤੇ ਸਿੱਖ ਭਾਈਚਾਰੇ ਨੂੰ ਸਮਾਂ ਪਾ ਕੇ ਪਛਤਾਉਣਾ ਪੈ ਸਕਦਾ ਹੈ।