ਨਿਰਭੈਆ ਕੇਸ ਦੇ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਸੁਪਰੀਮ ਕੋਰਟ ਨੇ ਕਾਇਮ ਰੱਖੀ


ਨਵੀਂ ਦਿੱਲੀ, 9 ਜੁਲਾਈ, (ਪੋਸਟ ਬਿਊਰੋ)- ਦਿੱਲੀ ਵਿੱਚ 16 ਦਸੰਬਰ 2012 ਦੀ ਰਾਤ ਵਾਪਰੇ ਨਿਰਭੈਆ ਬਲਾਤਕਾਰ ਕਾਂਡ ਦੇ ਤਿੰਨ ਦੋਸ਼ੀਆਂ ਦੀ ਮੌਤ ਦੀ ਸਜ਼ਾ ਵਿਰੁੱਧ ਉਨ੍ਹਾਂ ਵੱਲੋਂ ਦਾਇਰ ਰੀਵੀਊ ਪਟੀਸ਼ਨਾਂ ਅੱਜ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀਆਂ ਹਨ। ਅਦਾਲਤ ਨੇ ਕਿਹਾ ਕਿ ਇਨ੍ਹਾਂ ਵਿੱਚ ਇਹੋ ਜਿਹੀ ਕੋਈ ਦਲੀਲ ਨਹੀਂ ਦਿੱਤੀ ਗਈ ਕਿ ਅਦਾਲਤ ਇਸ ਬਾਰੇ ਪਿਛਲੇ ਸਾਲ 5 ਮਈ ਨੂੰ ਸੁਣਾਏ ਆਪਣੇ ਫ਼ੈਸਲੇ ਉਤੇ ਮੁੜ ਵਿਚਾਰ ਕਰ ਸਕੇ।
ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਆਰ. ਭਾਨੂਮਤੀ ਅਤੇ ਜਸਟਿਸ ਅਸ਼ੋਕ ਭੂਸ਼ਣ ਦੇ ਬੈਂਚ ਨੇ ਇਸ ਕੇਸ ਦੇ ਦੋਸ਼ੀਆਂ ਮੁਕੇਸ਼ (31), ਪਵਨ ਗੁਪਤਾ (24) ਤੇ ਵਿਨੇ ਸ਼ਰਮਾ (25) ਦੀਆਂ ਨਜ਼ਰਸਾਨੀ ਪਟੀਸ਼ਨਾਂ ਉੱਤੇ ਫੈਸਲਾ ਦੇਂਦੇ ਹੋਏ ਕਿਹਾ ਕਿ ਨਜ਼ਰਸਾਨੀ ਪਟੀਸ਼ਨਾਂ ਵਿੱਚ ਕੋਈ ਨਵਾਂ ਪੱਖ ਜਾਂ ਪਿਛਲੇ ਫ਼ੈਸਲਿਆਂ ਦੀ ਖ਼ਾਮੀ ਦੱਸਣ ਵਿੱਚ ਦੋਸ਼ੀ ਨਾਕਾਮ ਰਹੇ ਹਨ ਤੇ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਉਨ੍ਹਾਂ ਦੀਆਂ ਅਪੀਲਾਂ ਉਤੇ ਅਦਾਲਤ ਪਹਿਲਾਂ ਹੀ ਮੁਕੰਮਲ ਸੁਣਵਾਈ ਕਰ ਚੁੱਕੀ ਹੈ। ਅਦਾਲਤ ਨੇ ਕਿਹਾ, ‘ਇਨ੍ਹਾਂ ਨਜ਼ਰਸਾਨੀ ਪਟੀਸ਼ਨਾਂ ਵਿੱਚ ਏਦਾਂ ਦਾ ਕੋਈ ਆਧਾਰ ਪੇਸ਼ ਨਹੀਂ ਕੀਤਾ ਗਿਆ, ਜਿਸ ਕਾਰਨ ਇਸ ਫ਼ੈਸਲੇ ਦੀ ਨਜ਼ਰਸਾਨੀ ਕੀਤੀ ਜਾਵੇ। ਇਸ ਲਈ ਇਨ੍ਹਾਂ ਨੂੰ ਰੱਦ ਕੀਤਾ ਜਾਂਦਾ ਹੈ।’
ਵਰਨਣ ਯੋਗ ਹੈ ਕਿ 16-17 ਦਸੰਬਰ 2012 ਦੀ ਰਾਤ ਨੂੰ ਦੱਖਣੀ ਦਿੱਲੀ ਦੀਆਂ ਸੜਕਾਂ ਉਤੇ ਚੱਲਦੀ ਬੱਸ ਵਿੱਚ ਇਹ ਘਟਨਾ ਵਾਪਰੀ ਸੀ, ਜਦੋਂ ਆਪਣੇ ਦੋਸਤ ਨਾਲ ਬੱਸ ਵਿੱਚ ਚੜ੍ਹੀ 23 ਸਾਲਾ ਪੈਰਾ ਮੈਡੀਕਲ ਵਿਦਿਆਰਥਣ ਨਾਲ ਬੱਸ ਦੇ ਛੇ ਸਟਾਫ ਮੈਂਬਰਾਂ ਨੇ ਸਮੂਹਿਕ ਬਲਾਤਕਾਰ ਕੀਤਾ ਤੇ ਪੀੜਤਾ ਤੇ ਉਸ ਦੇ ਸਾਥੀ ਦੀ ਕੁੱਟਮਾਰ ਕੀਤੀ ਸੀ। ਪੀੜਤਾ ਦੀ ਬਾਅਦ ਵਿੱਚ ਸਿੰਗਾਪੁਰ ਦੇ ਹਸਪਤਾਲ ਵਿੱਚ ਇਲਾਜ ਦੌਰਾਨ 29 ਦਸੰਬਰ 2012 ਨੂੰ ਮੌਤ ਹੋ ਗਈ ਸੀ।
ਅੱਜ ਦੇ ਅਦਾਲਤੀ ਫ਼ੈਸਲੇ ਪਿੱਛੋਂ ਮ੍ਰਿਤਕਾ ਦੀ ਮਾਤਾ ਆਸ਼ਾ ਦੇਵੀ ਨੇ ਕਿਹਾ, ‘ਸੁਪਰੀਮ ਕੋਰਟ ਨੇ ਇਸ ਫ਼ੈਸਲੇ ਨਾਲ ਅਜਿਹੇ ਘਿਨਾਉਣੇ ਜੁਰਮ ਕਰਨ ਵਾਲਿਆਂ ਲਈ ਸਖ਼ਤ ਸੁਨੇਹਾ ਦਿੱਤਾ ਹੈ। ਇਸ ਨਾਲ ਨਿਆਂ ਪਾਲਿਕਾ ਵਿੱਚ ਸਾਡਾ ਭਰੋਸਾ ਬਹਾਲ ਹੋਇਆ ਹੈ।’ ਭਾਜਪਾ ਤੇ ਕਾਂਗਰਸ ਨੇ ਵੀ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਇਸ ਕੇਸ ਦੇ ਛੇ ਦੋਸ਼ੀਆਂ ਵਿੱਚੋਂ ਇਕ ਬਾਲ ਅਪਰਾਧੀ ਪਹਿਲਾਂ ਬਾਲ ਸੁਧਾਰ ਘਰ ਵਿੱਚ ਤਿੰਨ ਸਾਲ ਦੀ ਸਜ਼ਾ ਭੁਗਤ ਕੇ ਛੁੱਟ ਚੁੱਕਾ ਹੈ। ਰਾਮ ਸਿੰਘ ਨਾਂਅ ਦੇ ਇਕ ਦੋਸ਼ੀ ਨੇ 11 ਮਾਰਚ 2013 ਨੂੰ ਤਿਹਾੜ ਜੇਲ੍ਹ ਵਿੱਚ ਖ਼ੁਦਕੁਸ਼ੀ ਕਰ ਲਈ ਸੀ। ਚੌਥੇ ਦੋਸ਼ੀ ਅਕਸ਼ੈ ਕੁਮਾਰ ਸਿੰਘ (33) ਨੇ ਹਾਲੇ ਮੁੜ ਵਿਚਾਰ ਅਰਜ਼ੀ ਨਹੀਂ ਪਾਈ।