ਨਿਤੀਸ਼ ਕੁਮਾਰ ਭਾਜਪਾ ਦੇ ਨਵੇਂ ਪੋਸਟਰ ਬੁਆਏ

-ਪੂਨਮ ਆਈ ਕੌਸ਼ਿਸ਼
‘ਨਾ ਨਾ ਕਰਤੇ ਪਿਆਰ ਤੁਮਹੀਂ ਸੇ ਕਰ ਬੈਠੇ…’ ਬਾਲੀਵੁੱਡ ਦੇ ਇਸ ਗਾਣੇ ਦੀ ਧੁਨ ਜਨਤਾ ਦਲ (ਯੂ) ਦੇ ਨੇਤਾ ਨਿਤੀਸ਼ ਕੁਮਾਰ ਜ਼ਰੂਰ ਗੁਣਗੁਣਾ ਰਹੇ ਹੋਣਗੇ, ਕਿਉਂਕਿ ਉਹ ਮੁੜ ਆਪਣੇ ਪੁਰਾਣੇ ਸਹਿਯੋਗੀ ਭਾਰਤੀ ਜਨਤਾ ਪਾਰਟੀ ਨਾਲ ਪਿਆਰ ਕਰ ਬੈਠੇ ਹਨ। ਅਸਲ ‘ਚ ਇਹ ਕੌੜੀ-ਮਿੱਠੀ ਘਰ-ਵਾਪਸੀ ਹੈ। ਇਸ ਦਾ ਅੰਦਾਜ਼ਾ 2015 ਵਿੱਚ ਹੀ ਲੱਗ ਗਿਆ ਸੀ ਤੇ ਇਹ ਕਿਆਸ ਲਾਏ ਜਾ ਰਹੇ ਸਨ ਕਿ ਬਿਹਾਰ ਵਿੱਚ ਨਿਤੀਸ਼-ਲਾਲੂ-ਕਾਂਗਰਸ ਦਾ ਗਠਜੋੜ ਕਿੰਨੇ ਦਿਨਾਂ ‘ਚ ਟੁੱਟੇਗਾ? ਇਸ ਦੀ ਵਜ੍ਹਾ ਇਹ ਸੀ ਕਿ ਇਸ ਮਹਾਗਠਜੋੜ ਦੇ ਦੋ ਪ੍ਰਮੁੱਖ ਨੇਤਾਵਾਂ ਦੀ ਸਿਆਸੀ ਪਰਵਰਿਸ਼ ਲਗਭਗ ਇੱਕੋ ਜਿਹੀ ਹੈ, ਹਾਲਾਂਕਿ ਦੋਵਾਂ ਦਾ ਸੁਭਾਅ ਤੇ ਸ਼ਾਸਨ ਦਾ ਰਿਕਾਰਡ ਵੱਖ-ਵੱਖ ਹੈ।
ਜਿੱਥੇ ਨਿਤੀਸ਼ ਦਾ ਏਜੰਡਾ ਵਿਕਾਸ ਹੈ, ਉਥੇ ਲਾਲੂ ਦਾ ਏਜੰਡਾ ‘ਜੰਗਲ ਰਾਜ’ ਹੈ। ਲਾਲੂ ਨੇ ਨਿਤੀਸ਼ ਮੰਤਰੀ ਮੰਡਲ ਵਿੱਚ ਆਪਣੇ ਦੋ ਬੇਟਿਆਂ ਨੂੰ ਜਗ੍ਹਾ ਦਿਵਾਈ, ਜਿਨ੍ਹਾਂ ਦੇ ਕੰਟਰੋਲ ਹੇਠ ਅੱਠ ਮੰਤਰਾਲੇ ਸਨ। ਆਪਣੀ ਲਾਡਲੀ ਧੀ ਨੂੰ ਉਨ੍ਹਾਂ ਨੇ ਰਾਜ ਸਭਾ ਪੁਚਾਇਆ। ਲਾਲੂ ਨੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਕਿ ਉਹ ਆਪਣੇ ਪਰਵਾਰ ਦਾ ਖਿਆਲ ਰੱਖਣਗੇ। ਦੋਵਾਂ ਪਾਰਟੀਆਂ ਦੀਆਂ ਦਿਸ਼ਾਵਾਂ ਦੇ ਫਰਕ ਕਾਰਨ ਸ਼ਾਸਨ ਪ੍ਰਭਾਵਤ ਹੋ ਰਿਹਾ ਸੀ। ਲਾਲੂ ਦੇ ਬੇਟੇ ਅਤੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵਿਰੁੱਧ ਭਿ੍ਰਸ਼ਟਾਚਾਰ ਦੇ ਕੇਸਾਂ ਨੇ ਮਹਾਗਠਜੋੜ ਦੇ ਇਸ ਕੱਫਣ ਵਿੱਚ ਆਖਰੀ ਕਿੱਲ ਠੋਕ ਦਿੱਤਾ।
ਬਿਹਾਰ ਵਿੱਚ ਅੱਧੀ ਰਾਤ ਨੂੰ ਹੋਈ ਡਰਾਮੇਬਾਜ਼ੀ ਦੀ ਸਕ੍ਰਿਪਟ ਦਿੱਲੀ ਵਿੱਚ ਲਿਖੀ ਗਈ ਤੇ ਉਸ ਦਾ ਮੰਚਨ ਪਟਨਾ ‘ਚ ਕੀਤਾ ਗਿਆ। ਭਾਜਪਾ, ਜਨਤਾ ਦਲ (ਯੂ) ਦੇ ਕੁਝ ਸੀਨੀਅਰ ਨੇਤਾਵਾਂ ਨੂੰ ਇਸ ਬਾਰੇ ਜਾਣਕਾਰੀ ਸੀ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚੋਲੇ ਦੇ ਰਾਹੀਂ ਲਗਾਤਾਰ ਇੱਕ ਦੂਜੇ ਦੇ ਸੰਪਰਕ ਵਿੱਚ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਨਿਤੀਸ਼ ਕੁਮਾਰ ਦੀ ਜੇਤਲੀ ਨਾਲ ਗੁਪਤ ਮੀਟਿੰਗ ਹੋਈ ਸੀ। ਇਸ ਤੋਂ ਇਲਾਵਾ ਸੁਸ਼ੀਲ ਮੋਦੀ ਵੀ ਅਮਿਤ ਸ਼ਾਹ ਦੇ ਸੰਪਰਕ ਵਿੱਚ ਸਨ।
ਇਸ ਗਠਜੋੜ ਦੇ ਟੁੱਟਣ ਦਾ ਭਾਜਪਾ ਦੀ ਅਗਵਾਈ ਵਾਲੇ ਐਨ ਡੀ ਏ ਗੱਠਜੋੜ ‘ਤੇ ਦੂਰਰਸ ਅਸਰ ਪਵੇਗਾ ਅਤੇ ਵਿਰੋਧੀ ਪਾਰਟੀਆਂ ਖਿੰਡਰ ਜਾਣਗੀਆਂ। ਬਿਹਾਰ ਵਿੱਚ ਜੋ ਹੋਇਆ, ਉਸ ਦਾ ਲਾਭ ਸਿਰਫ ਭਾਜਪਾ ਨੂੰ ਮਿਲਿਆ। ਮੋਦੀ ਨੇ ਇੱਕ ਤੀਰ ਨਾਲ ਦੋ ਸ਼ਿਕਾਰ ਕੀਤੇ ਹਨ। ਇਸ ਗਠਜੋੜ ਨਾਲ ਬਿਹਾਰ ਵਿੱਚ ਉਨ੍ਹਾਂ ਦੇ ਪੈਰ ਜੰਮ ਗਏ ਅਤੇ 2019 ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਬਣਨ ਦੀਆਂ ਨਿਤੀਸ਼ ਕੁਮਾਰ ਦੀਆਂ ਇੱਛਾਵਾਂ ਉੱਤੇ ਰੋਕ ਲੱਗ ਗਈ। ਇਹੋ ਨਹੀਂ, ਭਾਜਪਾ ਦੀ ਸੇਵਾ ਲਈ ਉਹ ਇੱਕ ਨਵੇਂ ‘ਪੋਸਟਰ ਬੁਆਏ’ ਬਣ ਗਏ ਹਨ।
ਮੋਦੀ ਅਤੇ ਨਿਤੀਸ਼ ਨਾਲ ਕੰਮ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਦੋਵਾਂ ਵਿੱਚ ਕਈ ਸਮਾਨਤਾਵਾਂ ਹਨ। ਦੋਵੇਂ ਬੇਰਹਿਮ, ਪਰ ਲਚਕੀਲੇ, ਈਮਾਨਦਾਰ ਅਤੇ ਮਿਹਨਤੀ ਹਨ। ਦੋਵੇਂ ਗਰੀਬ ਘਰਾਂ ਤੋਂ ਹਨ, ਦੋਵਾਂ ‘ਤੇ ਅਕਸਰ ਹੰਕਾਰੀ ਤੇ ਤਾਨਾਸ਼ਾਹ ਹੋਣ ਦਾ ਦੋਸ਼ ਲੱਗਦਾ ਰਹਿੰਦਾ ਹੈ। ਉਨ੍ਹਾਂ ਦੀ ਸਿਆਸਤ ਚਾਹੇ ਵੱਖ-ਵੱਖ ਹੋਵੇ, ਪਰ ਦੋਵਾਂ ਦੇ ਮੇਲ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਨਿਤੀਸ਼ ਕੁਮਾਰ ਦੇ ਇਸ ਕਦਮ ਤੋਂ ਪਿੱਛੋਂ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਹੱਕੀ-ਬੱਕੀ ਰਹਿ ਗਈ ਹੈ। ਇਸ ਨਾਲ ਵਿਰੋਧੀ ਧਿਰ ਦੀ ਏਕਤਾ ਵਿੱਚ ਸੰਨ੍ਹ ਲੱਗ ਗਈ ਹੈ ਤੇ ਇਸ ਨਾਲ ਹੁਣ 2019 ਦੀਆਂ ਆਮ ਚੋਣਾਂ ਵਿੱਚ ਭਾਜਪਾ ਦਾ ਮੁਕਾਬਲਾ ਕਰਨ ਦੀ ਕਾਂਗਰਸ ਦੀ ਸਮਰੱਥਾ ‘ਤੇ ਸਵਾਲ ਉਠਣ ਲੱਗੇ ਹਨ।
ਯੂ ਪੀ ਤੋਂ ਬਾਅਦ ਬਿਹਾਰ ਵਰਗੇ ਸਿਆਸੀ ਨਜ਼ਰੀਏ ਤੋਂ ਅਹਿਮ ਸੂਬੇ ਨੂੰ ਗੁਆਉਣਾ ਸੋਨੀਆ ਗਾਂਧੀ ਲਈ ਇੱਕ ਬਹੁਤ ਵੱਡਾ ਝਟਕਾ ਹੈ, ਕਿਉਂਕਿ ਉਹ ਫਿਰਕੂ ਭਾਜਪਾ ਵਿਰੁੱਧ ਬਿਹਾਰ ਦੀ ਤਰਜ਼ ‘ਤੇ ਕੌਮੀ ਪੱਧਰ ਦਾ ਇੱਕ ਮਹਾਗਠਜੋੜ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਹੁਣ ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਧਿਰ 2019 ਦੀਆਂ ਆਮ ਚੋਣਾਂ ਵਿੱਚ ਆਪਣੇ ਸਭ ਤੋਂ ਸਾਫ ਸੁਥਰੇ ਨੇਤਾ ਤੋਂ ਬਿਨਾਂ ਉਤਰਨਾ ਪਵੇਗਾ।
ਇਸ ਸਮੇਂ ਭਾਜਪਾ ਦੇਸ਼ ਦੇ 29 ਰਾਜਾਂ ਵਿੱਚੋਂ 17 ਵਿੱਚ ਸੱਤਾ ਵਿੱਚ ਹੈ। ਨਿਤੀਸ਼-ਮੋਦੀ ਦੇ ਇੱਕ ਹੋਣ ਨਾਲ 2019 ਵਿੱਚ ਰਾਹੁਲ ਗਾਂਧੀ ਦੇ ਇੱਕ ਭਰੋਸੇ ਯੋਗ ਬਦਲ ਬਣਨ ਦੀਆਂ ਸੰਭਾਵਨਾਵਾਂ ਹੋਰ ਘਟ ਗਈਆਂ ਹਨ, ਕਿਉਂਕਿ ਪਿਛਲੇ ਇੱਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਉਹ ਸਿਆਸਤ ਨਹੀਂ ਸਿੱਖ ਸਕੇ। ਇੱਕ ਕਾਂਗਰਸੀ ਨੇਤਾ ਨੇ ਸ਼ਿਕਾਇਤੀ ਲਹਿਜ਼ੇ ਵਿੱਚ ਕਿਹਾ ਹੈ ਕਿ ਨਿਤੀਸ਼-ਮੋਦੀ ਦੀ ਮਿੱਤਰਤਾ ਉੱਤੇ ਚਿਤਾਵਨੀ ਦੇਣ ਤੋਂ ਬਾਅਦ ਵੀ ਰਾਹੁਲ ਨੇ ਕੁਝ ਨਹੀਂ ਕੀਤਾ, ਪਰ ਕੁਝ ਨੇਤਾ ਬਿਹਾਰ ਦੀ ਇਸ ਘਟਨਾ ਨੂੰ ਰਾਹੁਲ ਲਈ ਚੰਗੀ ਵੀ ਮੰਨਦੇ ਹਨ।
ਇਹ ਸੱਚ ਹੈ ਕਿ 17 ਸਾਲਾਂ ਤੱਕ ਭਾਜਪਾ ਨਾਲ ਰਹਿਣ ਤੋਂ ਬਾਅਦ ਸੰਘ ਮੁਕਤ ਭਾਰਤ ਦਾ ਨਾਅਰਾ ਦੇ ਕੇ ਅਤੇ ਮੋਦੀ ਦੀ ਆਲੋਚਨਾ ਕਰ ਕੇ ਨਿਤੀਸ਼ ਕੁਮਾਰ ਨੇ ਆਪਣਾ ਇੱਕ ਨਵਾਂ ਅਕਸ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਲਾਲੂ ਦੇ ਭਿ੍ਰਸ਼ਟਾਚਾਰ ਨੇ ਉਨ੍ਹਾਂ ਕੋਲ ‘ਘਰ ਵਾਪਸੀ’ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਛੱਡਿਆ। ਵਿਰੋਧੀ ਧਿਰ ਦੇ ਖਿੰਡਰਨ ਤੋਂ ਬਾਅਦ ਉਹ ਸਮਝ ਗਏ ਹਨ ਕਿ ਮੋਦੀ ਲਹਿਰ ਦੋ ਸਾਲਾਂ ਬਾਅਦ ਵੀ ਜਾਰੀ ਰਹੇਗੀ।
ਨਿਤੀਸ਼ ਦੇ ਆਲੋਚਕ ਉਨ੍ਹਾਂ ਨੂੰ ਦਲ-ਬਦਲੂ ਅਤੇ ਮੌਕਾਪ੍ਰਸਤ ਨੇਤਾ ਕਹਿ ਰਹੇ ਹਨ, ਪਰ ਨਿਤੀਸ਼ ਦੇ ਸਮਰਥਕ ਕਹਿੰਦੇ ਹਨ ਕਿ ਹਿੰਦੂਵਾਦੀ ਬ੍ਰਿਗੇਡ ਨਾਲ ਗਠਜੋੜ ਵਿੱਚ ਉਹ ਪਹਿਲਾਂ ਵੀ ਸਹਿਜ ਰਹੇ ਹਨ, ਫਿਰ ਵੀ ਉਨ੍ਹਾਂ ਦੀ ਭਾਜਪਾ ਵਿੱਚ ਵਾਪਸੀ ਨਾਲ ਉਨ੍ਹਾਂ ਦੇ ਅਕਸ ਤੇ ਭਰੋਸੇਯੋਗਤਾ ਨੂੰ ਕੁਝ ਠੇਸ ਲੱਗੀ ਹੈ। ਹੋ ਸਕਦਾ ਹੈ ਹੁਣ ਨਿਤੀਸ਼ ਨੂੰ ਕੌਮੀ ਪੱਧਰ ‘ਤੇ ਉਹ ਮੌਕੇ ਨਾ ਮਿਲਣ, ਜੋ ਉਨ੍ਹਾਂ ਨੂੰ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਵਿੱਚ ਰਹਿੰਦਿਆਂ ਮਿਲ ਸਕਦੇ ਸਨ।
ਦੂਜੇ ਪਾਸੇ ਵਿਕਾਸ ਅਤੇ ਚੰਗੇ ਸ਼ਾਸਨ ਦੇ ਮਾਮਲੇ ਵਿੱਚ ਮੋਦੀ-ਨਿਤੀਸ਼ ਦੀ ਸੋਚ ਇੱਕੋ ਜਿਹੀ ਹੈ। ਬਿਹਾਰ ਦੇ ਮੁੱਖ ਮੰਤਰੀ ਮੁੜ ਬਿਹਾਰ ਲਈ ਵਿਸ਼ੇਸ਼ ਦਰਜੇ ਦੀ ਮੰਗ ਕਰ ਸਕਦੇ ਹਨ ਅਤੇ ਹੁਣ ਇਹ ਵੀ ਸੰਭਵ ਹੈ ਕਿ ਮੋਦੀ ਦੀਆਂ ਕੁਝ ਪਸੰਦੀਦਾ ਯੋਜਨਾਵਾਂ ਬਿਹਾਰ ‘ਚ ਪੂਰੀ ਤਰ੍ਹਾਂ ਸਫਲ ਹੋ ਜਾਣ, ਕਿਉਂਕਿ ਹੁਣ ਕੇਂਦਰ ਅਤੇ ਸੂਬੇ ਵਿੱਚ ਇੱਕੋ ਸਰਕਾਰ ਹੈ।
ਭਾਜਪਾ ਵਰਕਰਾਂ ਦੇ ਵੱਡੇ ਜਨ-ਆਧਾਰ ਵਿਰੁੱਧ ਨਿਤੀਸ਼ ਦਾ ਜਾਤੀ ਧੜਾ ਓਨਾ ਮਜ਼ਬੂਤ ਨਹੀਂ। ਐਨ ਡੀ ਏ ਵਿੱਚ ਵਾਪਸੀ ਕਰ ਕੇ ਨਿਤੀਸ਼ ਨੇ ਆਪਣੀਆਂ ਕੁਝ ਮੁਸਲਿਮ ਵੋਟਾਂ ਗੁਆਈਆਂ ਹਨ। ਹੁਣ ਦੇਖਣਾ ਇਹ ਹੈ ਕੀ ਮਹਾ-ਦਲਿਤ ਅਤੇ ਅਤਿ-ਪੱਛੜਿਆ ਵਰਗ ਉਨ੍ਹਾਂ ਨਾਲ ਜੁੜੇ ਰਹਿੰਦੇ ਹਨ ਜਾਂ ਨਹੀਂ?
ਲਾਲੂ ਬਾਰੇ ਅਜੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। ਜਨਤਾ ਦਲ (ਯੂ)-ਭਾਜਪਾ ਦੇ ਇਸ ਨਵੇਂ ਗਠਜੋੜ ਨਾਲ ਸੂਬੇ ਵਿੱਚ ਲਾਲੂ ਨਾਲ ਸਿਆਸੀ ਸੰਘਰਸ਼ ਸ਼ੁਰੂ ਹੋ ਸਕਦਾ ਹੈ ਕਿਉਂਕਿ ਲਾਲੂ ਮੰਨਦੇ ਹਨ ਕਿ ਨਿਤੀਸ਼ ਨੇ ਉਨ੍ਹਾਂ ਨੂੰ ਧੋਖਾ ਦਿੱਤਾ ਹੈ। ਹੁਣ ਲਾਲੂ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰ ਨਿਤੀਸ਼ ਦੇ ਇਸ ਧੋਖੇ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਗੇ। ਨਵੰਬਰ 2015 ਵਿੱਚ ਜਨਤਾ ਦਲ (ਯੂ)-ਰਾਸ਼ਟਰੀ ਜਨਤਾ ਦਲ ਦੀ ਸਰਕਾਰ ਬਣਨ ਵੇਲੇ ਹੀ ਸਪੱਸ਼ਟ ਹੋ ਗਿਆ ਸੀ ਕਿ ਬਿਹਾਰ ਦੀ ਮਹਾਗਠਜੋੜ ਸਰਕਾਰ ਜ਼ਿਆਦਾ ਦੇਰ ਨਹੀਂ ਟਿਕੇਗੀ। ਇਸ ਨਾਲ ਨਿਤੀਸ਼ ਨਾ ਸਿਰਫ ਅਸਹਿਜ ਸਨ, ਸਗੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਖੁੱਲ੍ਹ ਕੇ ਵੀ ਕੰਮ ਵੀ ਨਹੀਂ ਕਰਨ ਦਿੱਤਾ ਜਾ ਰਿਹਾ ਸੀ।
ਨਿਤੀਸ਼ ਕੁਮਾਰ ਦਾ ਕੰਮ ਕਰਨ ਵਾਲੇ ਸਾਫ-ਸੁਥਰੇ ਪ੍ਰਸ਼ਾਸਕ, ਵਾਲਾ ਅਕਸ ਹਰ ਕਦਮ ‘ਤੇ ਧੁੰਦਲਾ ਹੋ ਰਿਹਾ ਸੀ ਕਿਉਂਕਿ ਰਾਸ਼ਟਰੀ ਜਨਤਾ ਦਲ ਦੇ ਵਰਕਰ ਗੁੰਡਾਗਰਦੀ ਉੱਤੇ ਉਤਰ ਆਏ ਸਨ। ਲਾਲੂ ਥਾਣੇਦਾਰਾਂ ਨੂੰ ਸਿੱਧੇ ਆਪਣੇ ਕੋਲ ਬੁਲਾ ਰਹੇ ਸਨ ਤੇ ਇੱਕ ਸਮਾਨਾਂਤਰ ਸਰਕਾਰ ਚਲਾ ਰਹੇ ਸਨ, ਜਦ ਕਿ ਜਨਤਾ ਦਲ (ਯੂ)-ਭਾਜਪਾ ਦੇ ਸ਼ਾਸਨ ਦੌਰਾਨ (2005 ਤੋਂ 2015 ਤੱਕ) ਅਜਿਹੀਆਂ ਘਟਨਾਵਾਂ ਦੇਖਣ ਨੂੰ ਨਹੀਂ ਮਿਲੀਆਂ ਸਨ। ਇਸ ਤੋਂ ਇਲਾਵਾ ਲਾਲੂ ਨੇ ਬਸਪਾ ਪ੍ਰਧਾਨ ਮਾਇਆਵਤੀ ਅਤੇ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਨਾਲ ਵੀ ਸੰਪਰਕ ਬਣਾਉਣੇ ਸ਼ੁਰੂ ਕਰ ਦਿੱਤੇ ਸਨ ਤਾਂ ਕਿ ਉਨ੍ਹਾਂ ਦੀ ਸਥਿਤੀ ਮਜ਼ਬੂਤ ਹੋਵੇ। ਇਸ ਨਾਲ ਨਿਤੀਸ਼ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋਈ। ਲਾਲੂ ਜਾਣਦੇ ਸਨ ਕਿ ਉਨ੍ਹਾਂ ਨੂੰ ਆਪਣੇ ‘ਤੇ ਲੱਗੇ ਦਾਗ ਮਿਟਾਉਣੇ ਪੈਣਗੇ, ਕਿਉਂਕਿ 2021 ਤੱਕ ਉਹ ਚੋਣ ਨਹੀਂ ਲੜ ਸਕਦੇ। ਇਸੇ ਕਰ ਕੇ ਉਦੋਂ ਤੱਕ ਰਾਸ਼ਟਰੀ ਜਨਤਾ ਦਲ ਦੀ ਹੋਂਦ ਰੱਖਣ ਲਈ ਲਾਲੂ ਨੇ ਆਪਣੇ ਬੇਟੇ ਤੇਜਸਵੀ ਨੂੰ ਅੱਗੇ ਕਰ ਦਿੱਤਾ।
ਬਿਨਾਂ ਸ਼ੱਕ ਭਾਜਪਾ-ਜਨਤਾ ਦਲ (ਯੂ) ਵਿਚਾਲੇ ਮੁੜ ਗਠਜੋੜ ਹੋਣ ਨਾਲ ਕੌਮੀ ਪੱਧਰ ‘ਤੇ ਤਬਦੀਲੀ ਆ ਸਕਦੀ ਹੈ। ਦੇਸ਼ ਵਿੱਚ ਨੌਜਵਾਨਾਂ ਦੀਆਂ ਇੱਛਾਵਾਂ ਬਦਲੀਆਂ ਹਨ ਅਤੇ ਅੱਜ ਦੇ ਨੌਜਵਾਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਓਬਾਮਾ ਵਾਂਗ ‘ਯੈਸ ਵੂਈ ਕੈਨ’ ਦੀ ਸਿਆਸਤ ਚਾਹੁੰਦੇ ਹਨ। ਫਿਰ ਵੀ ਇਸ ਗਠਜੋੜ ਦਾ ਰਾਹ ਸੁਖਾਲਾ ਨਹੀਂ ਹੈ। ਅੱਜ ਦੇ 24 ਗੁਣਾ 7 ਡਿਜੀਟਲ ਦੌਰ ਵਿੱਚ ਸਭ ਦੀਆਂ ਨਜ਼ਰਾਂ ਪ੍ਰਸ਼ਾਸਨ ‘ਤੇ ਲੱਗੀਆਂ ਰਹਿੰਦੀਆਂ ਹਨ ਤੇ ਨਵੀਂ ਪੀੜ੍ਹੀ ਉਸ ਦਿ੍ਰਸ਼ ਵਿੱਚ ਮੋਦੀ ਸਰਕਾਰ ਤੋਂ ਸੰਤੁਸ਼ਟ ਨਹੀਂ ਹੋ ਸਕਦੀ, ਜਿੱਥੇ ਰੋਜ਼ਗਾਰ ਦੇ ਮੌਕਿਆਂ ਦੀ ਸਿਰਜਣਾ ਨਾ ਹੋ ਰਹੀ ਹੋਵੇ, ਦਿਹਾਤੀ ਤੇ ਖੇਤੀ ਸੰਕਟ ਦੂਰ ਨਾ ਹੋ ਰਿਹਾ ਹੋਵੇ। ਕੁੱਲ ਮਿਲਾ ਕੇ ਬਿਹਾਰ ਦੀ ਇਸ ਚੰਗਿਆੜੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਿਆਸਤ ਵਿੱਚ ਕਦੇ ਵੀ ‘ਫੁਲਸਟਾਪ’ ਨਹੀਂ ਲੱਗਦਾ। ਮੋਦੀ ਅਤੇ ਨਿਤੀਸ਼ ਦੇ ਸੰਬੰਧ ਵਿੱਚ ਕੇਂਦਰ ਤੇ ਸੂਬੇ ਵਿੱਚ ਦੋਵਾਂ ਸਰਕਾਰਾਂ ਦੀ ਸਫਲਤਾ ਤੈਅ ਕਰਨਗੇ। ਤੁਹਾਡਾ ਇਸ ਬਾਰੇ ਕੀ ਸੋਚਣਾ ਹੈ?