ਨਿਤੀਸ਼ ਕੁਮਾਰ ਫਿਰ ‘ਪਲਟੀ’ ਮਾਰਨ ਦੀ ਤਾਕ ‘ਚ


-ਐਨ ਕੇ ਸਿੰਘ
15 ਅਪ੍ਰੈਲ ਨੂੰ ਪਟਨਾ ਵਿੱਚ ‘ਦੀਨ ਬਚਾਓ ਦੇਸ਼ ਬਚਾਓ’ ਰੈਲੀ ਹੋਈ ਸੀ, ਉਸ ‘ਚ ਬਿਹਾਰ ਹੀ ਨਹੀਂ, ਸਗੋਂ ਆਸ ਪਾਸ ਦੇ ਕਈ ਰਾਜਾਂ ਦੇ ਮੁਸਲਮਾਨ ਅਤੇ ਦਲਿਤ ਸ਼ਾਮਲ ਹੋਏ ਸਨ। ਉਸ ਰੈਲੀ ‘ਚ ਮੰਚ ਤੋਂ ਆਯੋਜਕਾਂ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਖੂਬ ਤਾਰੀਫ ਕੀਤੀ, ਪਰ ਸੂਬੇ ‘ਚ ਹੋਏ ਫਿਰਕੂ ਝਗੜਿਆਂ ਦਾ ਇਕ ਵਾਰ ਵੀ ਜ਼ਿਕਰ ਨਹੀਂ ਕੀਤਾ। ਮੰਨਿਆ ਜਾ ਰਿਹਾ ਹੈ ਕਿ ਇਹ ਰੈਲੀ ਨਿਤੀਸ਼ ਕੁਮਾਰ ਦੀ ਸ਼ਹਿ ‘ਤੇ ਹੀ ਹੋਈ ਸੀ ਅਤੇ ਸਰਕਾਰੀ ਅਮਲੇ ਨੇ ਇਸ ਦੇ ਲਈ ਗੱਡੀਆਂ ਤੱਕ ਪੇਸ਼ ਕਰਵਾਈਆਂ ਸਨ। ਗੈਰ ਰਸਮੀ ਤੌਰ ‘ਤੇ ਜ਼ਿਲਾ ਟਰਾਂਸਪੋਰਟ ਅਫਸਰਾਂ ਨੂੰ ਹਦਾਇਤਾਂ ਸਨ ਕਿ ਰੈਲੀ ਦੇ ਬੈਨਰ ਵਾਲੀਆਂ ਗੱਡੀਆਂ ਨੂੰ ਨਾ ਰੋਕਣ।
ਸੱਤਾ ‘ਚ ਦੁਬਾਰਾ ਭਾਈਵਾਲ ਬਣੀ ਭਾਜਪਾ ਨਿਤੀਸ਼ ਕੁਮਾਰ ਦੇ ਇਸ ਰਵੱਈਆਂ ਕਾਰਨ ਚੌਕੰਨੀ ਹੋ ਗਈ ਹੈ। ਕੁਝ ਮਹੀਨਿਆਂ ਬਾਅਦ ਹੀ ਲੋਕ ਸਭਾ ਚੋਣਾਂ ਹੋਣ ਵਾਲੀਆਂ ਹਨ। ਨਿਤੀਸ਼ ਕੁਮਾਰ ਦੀ ਇਸ ਭਾਵਨਾ ਪਿੱਛੇ ਦੋ ਕਾਰਨ ਅਤੇ ਦੋ ਬਦਲ ਹਨ। ਪਹਿਲਾ ਕਾਰਨ; ਰਾਮਨੌਮੀ ਦੌਰਾਨ ਨਵੇਂ ਰਸਤਿਓਂ ਸ਼ੋਭਾ ਯਾਤਰਾ ਕੱਢਣ ਦੀ ਜ਼ਿੱਦ ਤੋਂ ਬਾਅਦ ਲਗਭਗ ਅੱਧਾ ਦਰਜਨ ਜ਼ਿਲਿਆਂ ‘ਚ ਹੋਈ ਹਿੰਸਾ ਤੇ ਦੂਜਾ ਕਾਰਨ ਜ਼ਿਲਿਆਂ ਅੰਦਰ ਕੇਡਰ ਪੱਧਰ ‘ਤੇ ਸੱਤਾ ‘ਚ ਗਲਬੇ ਨੂੰ ਲੈ ਕੇ ਵਧਦੀ ਨਫਰਤ। ਭਾਜਪਾ ਦਾ ਇਕ ਵਰਗ ਚਾਹੁੰਦਾ ਹੈ ਕਿ ਜੇ ਜ਼ਿਲੇ ‘ਚ ਕਲੈਕਟਰ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ) ਦੀ ਪਸੰਦ ਦਾ ਹੋਵੇ ਤਾਂ ਐਸ ਪੀ ਭਾਜਪਾ ਦੀ ਪਸੰਦ ਦਾ। ਜ਼ਾਹਿਰ ਹੈ ਕਿ ਭਾਜਪਾ ਆਪਣਾ ਪਸਾਰ ਕਰਨਾ ਚਾਹੇਗੀ ਤੇ ਇਸ ਦੇ ਲਈ ਸੱਤਾਧਾਰੀ ਵਰਗ ਤੋਂ ਆਪਣੇ ਲੋਕਾਂ ਦੇ ਕੰਮ ਕਰਵਾਉਣਾ ਚਾਹੇਗੀ ਤਾਂ ਕਿ ਉਸ ਦਾ ਵੋਟ ਆਧਾਰ ਵਧੇ।
ਇਸ ਸਥਿਤੀ ‘ਚ ਨਿਤੀਸ਼ ਦੀ ਪਾਰਟੀ ਨੂੰ ਕਿਤੇ ਨਾ ਕਿਤੇ ਸੁੰਗੜਨਾ ਪਵੇਗਾ ਜਾਂ ਫਿਰ ਦੂਸਰੇ ਦਰਜੇ ਦੀ ਪਾਰਟੀ ਵਜੋਂ ਹੌਲੀ-ਹੌਲੀ ਆਪਣੀ ਹੋਂਦ ਨੂੰ ਭਾਜਪਾ ਦੇ ਰਹਿਮ ‘ਤੇ ਬਚਾਉਣਾ ਪਵੇਗਾ। ਇਹੋ ਵਜ੍ਹਾ ਹੈ ਕਿ ਇਸ ਰੈਲੀ ਦੇ ਕਨਵੀਨਰ ਅਤੇ ਮੁਸਲਿਮ ਪਰਸਨਲ ਲਾਅ ਬੋਰਡ ਦੇ ਜਨਰਲ ਸਕੱਤਰ ਮੌਲਾਨਾ ਵਲੀ ਰਹਿਮਾਨੀ ਦਾ ਸੱਜਾ ਹੱਥ ਮੰਨੇ ਜਾਂਦੇ ਖਾਲਿਦ ਅਨਵਰ ਨੂੰ ਨਿਤੀਸ਼ ਨੇ ਵਿਧਾਨ ਪ੍ਰੀਸ਼ਦ ਦਾ ਮੈਂਬਰ ਵੀ ਬਣਾਇਆ ਹੈ। ਇਸ ਰੈਲੀ ‘ਚ ਬਿਹਾਰ ਹੀ ਨਹੀਂ, ਸਗੋਂ ਝਾਰਖੰਡ, ਓਡਿਸ਼ਾ ਤੇ ਪੱਛਮੀ ਬੰਗਾਲ ਦੇ ਮੁਸਲਮਾਨਾਂ ਨੇ ਵੀ ਹਿੱਸਾ ਲਿਆ ਸੀ। ਰੈਲੀ ਦੀ ਵਿਆਪਕਤਾ ਨੂੰ ਭਵਿੱਖ ‘ਚ ਕਿਸੇ ਵਿਰੋਧੀ ਗੱਠਜੋੜ ਦੇ ਸੰਕੇਤ ਵਜੋਂ ਦੇਖਿਆ ਜਾ ਸਕਦਾ ਹੈ ਅਤੇ ਨਾਲ ਹੀ ਭਵਿੱਖ ਵਿੱਚ ਨਿਤੀਸ਼ ਕੁਮਾਰ ਦੀ ਉਸ ‘ਚ ਸਰਗਰਮ ਭੂਮਿਕਾ ਵੀ ਹੋ ਸਕਦੀ ਹੈ।
ਨਿਤੀਸ਼ ਨੇ ਇਸ ਦੇ ਜਵਾਬ ‘ਚ ਦੋ ਬਦਲ ਲੱਭੇ ਹਨ। ਪਹਿਲਾ: ਸੂਬੇ ਦੀਆਂ ਚੋਣਾਂ ਇਕ ਸਾਲ ਪਹਿਲਾਂ ਭਾਵ ਲੋਕ ਸਭਾ ਚੋਣਾਂ ਦੇ ਨਾਲ ਹੀ 2019 ‘ਚ ਕਰਵਾ ਲਈਆਂ ਜਾਣ। ਅਜਿਹੀ ਸਥਿਤੀ ‘ਚ ਨਿਤੀਸ਼ ਕੁਮਾਰ ਭਾਜਪਾ ਨਾਲ ਇਹ ਸੌਦਾ ਕਰ ਸਕਦੇ ਹਨ ਕਿ ‘ਸੂਬਾ ਸਾਡਾ, ਦੇਸ਼ ਤੁਹਾਡਾ’ ਭਾਵ ਜਨਤਾ ਦਲ (ਯੂ) ਨੂੰ ਵਿਧਾਨ ਸਭਾ ‘ਚ ਵੱਧ ਸੀਟਾਂ ਤੇ ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਜ਼ਿਆਦਾ ਸੀਟਾਂ। ਦੂਜਾ ਬਦਲ ਹੈ ਲਾਲੂ-ਤੇਜਸਵੀ ਯਾਦਵ ਦੀ ਪਾਰਟੀ ਰਾਸ਼ਟਰੀ ਜਨਤਾ ਦਲ ਨਾਲ ਇਕ ਵਾਰ ਫਿਰ ਸਮਝੌਤਾ ਕਰਨਾ।
‘ਦੀਨ ਬਚਾਓ ਦੇਸ਼ ਬਚਾਓ’ ਰੈਲੀ ਵਿੱਚ ਮੁਸਲਿਮ ਅਤੇ ਦਲਿਤ ਵਰਗ ਦੀ ਭੀੜ ਸੀ। ਜਦੋਂ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਫੌਰੀ ਪ੍ਰਤੀਕਿਰਿਆ ਦੀ ਘਾਟ ਕਾਰਨ ਦਲਿਤ ਭਾਜਪਾ ਤੋਂ ਨਾਰਾਜ਼ ਹਨ, ਦਲਿਤ ਮੁਸਲਿਮ ਗੱਠਜੋੜ ਸ਼ਾਇਦ ਦੂਜੇ ਬਦਲ ਲਈ ਅਗਾਂਹ ਦਾ ਰਾਹ ਖੋਲ੍ਹ ਸਕੇਗਾ। ਦੂਜੇ ਪਾਸੇ ਮੁਸਲਮਾਨਾਂ ਤੋਂ ਇਲਾਵਾ ਪੱਛੜੀਆਂ ਜਾਤਾਂ ‘ਚ ਇਹ ਭਾਵਨਾ ਪੈਦਾ ਹੋ ਰਹੀ ਹੈ ਕਿ ਲਾਲੂ ਯਾਦਵ ਨਾਲ ਬੇਇਨਸਾਫੀ ਹੋਈ ਹੈ ਕਿਉਂਕਿ ਉਹ ਪੱਛੜੀ ਜਾਤ ਦੇ ਹਨ। ਇਥੋਂ ਤੱਕ ਕਿ ਉਚੀ ਜਾਤ ਦੇ ਅਤੇ ਧਾਕੜ ਭੂਮੀਹਾਰ ਵਰਗ ਨੇ ਵੀ ਜਹਾਨਾਬਾਦ ਦੀ ਉਪ ਚੋਣ ‘ਚ ਐਨ ਡੀ ਏ ਗੱਠਜੋੜ ਨੂੰ ਵੋਟਾਂ ਦਿੱਤੀਆਂ। ਲਾਲੂ ਦਾ ਬੇਟਾ ਤੇਜਸਵੀ ਯਾਦਵ ਇਨ੍ਹਾਂ ਭੂਮੀਹਾਰ ਤੇ ਬ੍ਰਾਹਮਣਾਂ ਨੂੰ ਰੁਝਾਉਣ ਦੀ ਕੋਸ਼ਿਸ਼ ‘ਚ ਹੈ। (ਮਨੋਜ ਝਾਅ ਨੂੰ ਰਾਜ ਸਭਾ ਮੈਂਬਰ ਇਸੇ ਕੜੀ ਤਹਿਤ ਬਣਾਇਆ ਗਿਆ।)
ਨਿਤੀਸ਼ ਕੁਮਾਰ ਦਾ ਦਲਿਤਾਂ ਤੇ ਮੁਸਲਮਾਨਾਂ ਨੂੰ ਇਕ ਮੰਚ ਉਤੇ ਲਿਆਉਣਾ ਭਾਜਪਾ ਲਈ ਖਤਰੇ ਦੀ ਘੰਟੀ ਹੈ। ਫਿਲਹਾਲ ਨਾਂ ਭਾਜਪਾ ਇਸ ‘ਤੇ ਕੁਝ ਕਹਿਣ ਦੀ ਸਥਿਤੀ ‘ਚ ਹੈ ਤੇ ਨਾ ਨਿਤੀਸ਼ ਆਪਣੇ ਪੱਤੇ ਪੂਰੀ ਤਰ੍ਹਾਂ ਖੋਲ੍ਹ ਰਹੇ ਹਨ।
ਜਿਥੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਮਨੌਮੀ ਮੌਕੇ ਹੋਏ ਦੰਗਿਆਂ ਲਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਰਿਪੋਰਟ ਮੰਗੀ, ਉਥੇ ਬਿਹਾਰ ‘ਚ ਇਸੇ ਮੌਕੇ ਭਾਗਲਪੁਰ, ਮੁੰਗੇਰ, ਔਰੰਗਾਬਾਦ, ਸਮਸਤੀਪੁਰ ਅਤੇ ਰੋਹਤਾਸ ‘ਚ ਹੋਏ ਦੰਗਿਆਂ ਲਈ ਨਿਤੀਸ਼ ਸਰਕਾਰ ਨੂੰ ਕੁਝ ਨਹੀਂ ਕਿਹਾ, ਕਿਉਂਕਿ ਇਸ ਗੱਲ ਦਾ ਡਰ ਸੀ ਕਿ ਨਿਤੀਸ਼ ਦੀ ਰਿਪੋਰਟ ‘ਚ ਕੁਝ ਅਜਿਹੇ ਸੰਗਠਨਾਂ ਦੇ ਨਾਂ ਆਉਣਗੇ, ਜੋ ਭਾਜਪਾ ਦੇ ਨੇੜੇ ਹਨ। ਬਿਹਾਰ ‘ਚ ਸਭ ਕੁਝ ਨਹੀਂ ਨਹੀਂ ਹੈ। ਹੋ ਵੀ ਨਹੀਂ ਸਕਦਾ। ਜੇ ਭਾਰਤ ‘ਚ ਲੋਕਤੰਤਰ ਕਿਤੇ ਇਕ ਤਾਂ ਆਪਣੇ ਪੂਰੀ ਤਰ੍ਹਾਂ ਵਿਗੜੇ ਰੂਪ ‘ਚ ਹੈ ਤਾਂ ਉਹ ਬਿਹਾਰ ਸੂਬਾ ਹੀ ਹੈ। ਭਿ੍ਰਸ਼ਟਾਚਾਰ ਦੇ ਕਈ ਮਾਮਲਿਆਂ ‘ਚ ਲਾਲੂ ਯਾਦਵ ਦਾ 23 ਸਾਲਾਂ ਬਾਅਦ ਜੇਲ ਜਾਣਾ ਬੇਸ਼ੱਕ ਹੀ ਅਦਾਲਤੀ ਪ੍ਰਕਿਰਿਆ ਤਹਿਤ ਸੰਭਵ ਹੋਇਆ ਹੋਵੇ, ਪਰ ਲੋਕਾਂ ਦੇ ਇਕ ਵੱਡੇ ਵਰਗ ‘ਚ ਇਸ ਨੇ ਲਾਲੂ ਪ੍ਰਤੀ ਹਮਦਰਦੀ ਪੈਦਾ ਕੀਤੀ ਹੈ। ਹੁਣੇ ਹੋਈਆਂ ਉਪ ਚੋਣਾਂ ਦੇ ਨਤੀਜੇ ਇਸ ਦੀ ਤਾਜ਼ਾ ਮਿਸਾਲ ਹਨ। ਲੋਕ ਇਹ ਨਹੀਂ ਪੁੱਛਦੇ ਕਿ ਇਨਸਾਫ ਦੀ ਤੱਕੜੀ ਇੰਨੇ ਸਾਲ ਕਿਉਂ ਨਹੀਂ ਹਿੱਲੀ? ਕਿਵੇਂ ਇਹ ਸਿਸਟਮ ਇਕ ਭਿ੍ਰਸ਼ਟਾਚਾਰ ਦੇ ਦੋਸ਼ੀ ਨੂੰ ਚੋਣ ਦਰ ਚੋਣ ਸੰਵਿਧਾਨ ਪ੍ਰਤੀ ਵਫਾਦਾਰੀ ਦੀ ਸਹੁੰ ਚੁਕਵਾ ਕੇ ਮੰਤਰੀ ਅਹੁਦੇ ‘ਤੇ ਬਿਠਾਉਂਦਾ ਹੈ? ਕਿਵੇਂ ਇਸ ਸੂਬੇ ਦੇ ਲੋਕ ਕਿਸੇ ਖਤਰਨਾਕ ਤੇ ਦਰਜਨਾਂ ਕਤਲਾਂ ਦੇ ਦੋਸ਼ੀ ਸ਼ਹਾਬੂਦੀਨ ਨੂੰ ਇਕ ਵਾਰ ਨਹੀਂ, ਪੰਜ ਵਾਰ ਲੋਕ ਸਭਾ ‘ਚ ਚੁਣ ਕੇ ਭੇਜਦੇ ਹਨ ਤਾਂ ਕਿ ਉਹ ਕਾਨੂੰਨ ਬਣਾ ਸਕੇ?
‘ਯਥਾ ਰਾਜਾ, ਤਥਾ ਪ੍ਰਜਾ’ ਕਥਨ ਲੋਕਤੰਤਰ ਵਿੱਚ ਉਲਟਾ ਪੈ ਗਿਆ ਅਤੇ ‘ਯਥਾ ਪ੍ਰਜਾ, ਤਥਾ ਰਾਜਾ’ ਦੇ ਰੂਪ ‘ਚ ਦਿਖਾਈ ਦੇਣ ਲੱਗਾ। ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਆਪਣਾ ਜਨ ਆਧਾਰ ਬੇਸ਼ੱਕ ਨਿਗੂਣਾ ਹੋਵੇ, ਪਰ ਇਹ ਲੋਕਤੰਤਰ ਦਾ ਵਿਗੜਿਆ ਚਿਹਰਾ ਹੀ ਹੈ ਕਿ ਉਹ ਪਿਛਲੇ 13 ਸਾਲਾਂ ਤੋਂ ਬਿਹਾਰ ਦੀ ਕਿਸਮਤ ‘ਸੁਧਾਰ ਰਹੇ ਹਨ।’
ਇੰਨੇ ਸਾਲਾਂ ਬਾਅਦ ਵੀ ਸੂਬੇ ਦੀ ਪ੍ਰਜਾ ਉਨ੍ਹਾਂ ਨੂੰ ਸਮਝ ਨਹੀਂ ਸਕੀ ਤੇ ਉਦੋਂ ਵੀ ਨਹੀਂ, ਜੋਂ ਨਿਤੀਸ਼ ਨੇ ਭਾਜਪਾ ਦਾ 10 ਸਾਲ ਤੋਂ ਜ਼ਿਆਦਾ ਸਮੇਂ ਤੱਕ ‘ਸ਼ਾਸਕੀ ਸਾਥ’ ਛੱਡ ਕੇ ਆਪਣੇ ਕੱਟੜ ਵਿਰੋਧੀ ਲਾਲੂ ਯਾਦਵ ਦਾ ਹੱਥ ਫੜ ਲਿਆ, ਜਿਨ੍ਹਾਂ ਨੂੰ ਉਹ ਡੇਢ ਦਹਾਕੇ ਤੋਂ ਵੱਧ ਸਮੇਂ ਤੋਂ ਨਿੰਦਦੇ ਆਏ ਸਨ ਅਤੇ ਉਨ੍ਹਾਂ ਨੂੰ ਘੱਟ ਗਿਣਤੀਆਂ, ਪੱਛੜਿਆਂ ਦਾ ਸਭ ਤੋਂ ਵੱਡਾ ‘ਮਸੀਹਾ’ ਦੱਸਿਆ। ਲਾਲੂ ਦਾ ਹੱਥ ਫੜਨ ਤੋਂ ਬਾਅਦ ਨਿਤੀਸ਼ ਭਾਜਪਾ ਨੂੰ ਫਿਰਕੂ ਪਾਰਟੀ ਕਹਿਣ ਲੱਗ ਪਏ। ਅਜੇ ‘ਹੱਥਾਂ ਦੀ ਮਹਿੰਦੀ’ ਸੁੱਕੀ ਵੀ ਨਹੀਂ ਸੀ ਕਿ ਉਨ੍ਹਾਂ ਨੇ ਅਜਿਹੀ ਪਲਟੀ ਮਾਰੀ, ਜੋ ਦੁਨੀਆ ਦੇ ਲੋਕਤੰਤਰ ‘ਚ ਇਕ ਅਨੋਖੀ ਅਨੈਤਿਕਤਾ ਕਹੀ ਜਾ ਸਕਦੀ ਹੈ ਤੇ ਉਨ੍ਹਾਂ ਨੇ ਫਿਰ ਭਾਜਪਾ ਨਾਲ ਮਿਲ ਕੇ ਸਰਕਾਰ ਬਣਾ ਲਈ।
ਸਿਆਸਤ ‘ਚ ਨੈਤਿਕਤਾ ਦੇ ਪਤਨ ਦੀ ਇਸ ਤੋਂ ਵੱਡੀ ਮਿਸਾਲ ਨਹੀਂ ਮਿਲੇਗੀ ਅਤੇ ਲੋਕਾਂ ਨਾਲ ਇੰਨਾ ਵੱਡਾ ਧੋਖਾ ਪਰ ਸ਼ਾਇਦ ਇਸ ਤੋਂ ਪਹਿਲਾਂ ਨਹੀਂ ਹੋਇਆ ਸੀ। ਜਾਤਵਾਦ ‘ਚ ਵੰਡੇ ਬਿਹਾਰ ਦੀ ਸਿਆਸਤ ‘ਚ ਨੈਤਿਕਤਾ ‘ਤੇ ਡਟੇ ਰਹਿਣਾ ਅਤੇ ਲੋਕਾਂ ਨਾਲ ਧੋਖਾ ਨਾ ਕਰਨਾ ਜੰਗਲ ਕਾਨੂੰਨ ‘ਚ ਬਰਾਬਰੀ ਦਾ ਸਿਧਾਂਤ ਲਾਗੂ ਕਰਨ ਵਾਂਗ ਹੈ।