ਨਿਊ ਮੈਕਸਿਕੋ ਵਿੱਚ ਪਤੀ ਸਮੇਤ ਕੈਨੇਡੀਅਨ ਮਹਿਲਾ ਦੀ ਮਿਲੀ ਲਾਸ਼

urmolaਅਲਬੁਕਰਕ, ਨਿਊ ਮੈਕਸਿਕੋ, 3 ਜੁਲਾਈ (ਪੋਸਟ ਬਿਊਰੋ) : ਅੰਤਰਰਾਜੀ ਹਾਈਵੇਅ ਉੱਤੇ ਇੱਕ ਪਿੱਕਅੱਪ ਟਰੱਕ ਵਿੱਚ ਆਪਣੇ ਪਤੀ ਸਮੇਤ ਮ੍ਰਿਤਕ ਪਾਈ ਗਈ ਕੈਨੇਡੀਅਨ ਔਰਤ ਦੇ ਮਾਮਲੇ ਦੀ ਨਿਊ ਮੈਕਸਿਕੋ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
32 ਸਾਲਾ ਉਰਸੁਲਾ ਟੈਮੀ ਕੋਕੋਤਕੇਵਿਕਜ਼ ਤੇ 31 ਸਾਲਾ ਜੇਕਬ ਕੋਕੋਤਕੇਵਿਕਜ਼ ਦੀਆਂ ਲਾਸ਼ਾਂ ਵੀਰਵਾਰ ਸਵੇਰੇ ਨੀਲੇ ਰੰਗ ਦੇ ਡੌਜ ਟਰੱਕ ਵਿੱਚੋਂ ਮਿਲੀਆਂ। ਇੱਕ ਨਿਊਜ਼ ਰਲੀਜ਼ ਵਿੱਚ ਨਿਊ ਮੈਕਸਿਕੋ ਸਟੇਟ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਟਰੱਕ ਉਸ ਸਮੇਂ ਮਿਲਿਆ ਜਦੋਂ ਉਹ ਅਲਬੁਕਰਕ ਨੇੜੇ ਇੱਕ ਹੋਰ ਹਾਦਸੇ ਦੀ ਜਾਂਚ ਲਈ ਜਾ ਰਹੇ ਸਨ।
ਉਨ੍ਹਾਂ ਦੱਸਿਆ ਕਿ ਮਹਿਲਾ ਪੈਸੈਂਜਰ ਸੀਟ ਉੱਤੇ ਬੈਠੀ ਸੀ ਤੇ ਉਸ ਦਾ ਪਤੀ ਡਰਾਈਵਰ ਵਾਲੀ ਸੀਟ ਉੱਤੇ ਬੈਠਾ ਸੀ ਤੇ ਦੋਵਾਂ ਦੇ ਸਿਰ ਉੱਤੇ ਗੋਲੀਆਂ ਦੇ ਨਿਸ਼ਾਨ ਸਨ। ਪੁਲਿਸ ਨੇ ਦੱਸਿਆ ਕਿ ਪੁਰਸ਼ ਦੀ ਗੋਦੀ ਵਿੱਚੋਂ ਹੈਂਡਗੰਨ ਵੀ ਮਿਲੀ ਹੈ। ਨਿਊ ਮੈਕਸਿਕੋ ਸਟੇਟ ਪੁਲਿਸ ਦੇ ਤਰਜ਼ਮਾਨ ਕਾਰਲ ਕ੍ਰਿਸਟੇਨਸਨ ਨੇ ਦੱਸਿਆ ਕਿ ਪੁਲਿਸ ਕਿਸੇ ਵੀ ਮਸ਼ਕੂਕ ਦੀ ਤੇਜ਼ੀ ਨਾਲ ਭਾਲ ਨਹੀਂ ਕਰ ਰਹੀ ਹੈ ਪਰ ਮਾਮਲੇ ਦੀ ਜਾਂਚ ਜ਼ਰੂਰ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਕੋਕੋਤਕੇਵਿਕਜ਼ ਕੈਨੇਡਾ ਤੋਂ ਸੀ ਪਰ ਉਹ ਆਪਣੇ ਪਤੀ ਨਾਲ ਫਲਾਵਰ ਮਾਊਂਡ, ਟੈਕਸਸ ਵਿੱਚ ਰਹਿ ਰਹੀ ਸੀ, ਜੋ ਕਿ ਡੱਲਾਸ ਤੋਂ ਉੱਤਰਪੱਛਮ ਵੱਲ 45 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਕੋਕੋਤਕੇਵਿਕਜ਼ ਇੱਕ ਅਧਿਆਪਕਾ ਸੀ ਤੇ ਉਹ ਡੱਲਾਸ ਵਿੱਚ ਕੰਮ ਕਰਦੀ ਸੀ ਤੇ ਉਸ ਦਾ ਪਤੀ ਅਮਰੀਕੀ ਸੈਨਾ ਵਿੱਚ ਸੀ। ਆਪਣੇ ਫੇਸਬੁੱਕ ਪੇਜ ਉੱਤੇ ਕੋਕੋਤਕੇਵਿਕਜ਼ ਨੇ ਲਿਖਿਆ ਹੈ ਕਿ ਉਸ ਨੇ ਯੂਨੀਵਰਸਿਟੀ ਆਫ ਟੋਰਾਂਟੋ ਦੇ ਓਨਟਾਰੀਓ ਇੰਸਟੀਚਿਊਟ ਫੌਰ ਸਟੱਡੀਜ਼ ਤੋਂ ਪੜ੍ਹਾਈ ਪੂਰੀ ਕੀਤੀ ਹੈ।