ਨਿਊ ਬਰੰਜ਼ਵਿੱਕ ਦੇ ਪਿੰਡ ਵਿੱਚ ਮੁੜ ਮਹਿਸੂਸ ਕੀਤੇ ਜਾ ਰਹੇ ਹਨ ਭੂਚਾਲ ਦੇ ਝਟਕੇ

ਮੈਕੈਡਮ, ਨਿਊ ਬਰੰਜ਼ਵਿੱਕ, 13 ਅਪਰੈਲ (ਪੋਸਟ ਬਿਊਰੋ) : ਦੋ ਸਾਲ ਪਹਿਲਾਂ ਆਏ ਭੂਚਾਲ ਨੂੰ ਲੋਕ ਭੁਲਾ ਵੀ ਨਹੀਂ ਸਕੇ ਕਿ ਇੱਕ ਵਾਰੀ ਫਿਰ ਨਿਊ ਬਰੰਜ਼ਵਿੱਕ ਦੇ ਪਿੰਡ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਪਿਛਲੇ 30 ਦਿਨਾਂ ਦੇ ਅੰਦਰ ਅੰਦਰ ਅਰਥਕੁਏਕਜ਼ ਕੈਨੇਡਾ ਵੱਲੋਂ ਨਿਊ ਬਰੰਜ਼ਵਿੱਕ ਵਿੱਚ ਭੂਚਾਲ ਦੇ 22 ਝਟਕੇ ਦਰਜ ਕੀਤੇ ਗਏ। ਇਨ੍ਹਾਂ ਵਿੱਚੋਂ ਬਹੁਤੇ ਪ੍ਰੋਵਿੰਸ ਦੇ ਪੱਛਮੀ ਸਿਰੇ ਉੱਤੇ ਅਮਰੀਕਾ ਦੀ ਸਰਹੱਦ ਦੇ ਨੇੜੇ ਮੈਕੈਡਮ ਪਿੰਡ ਨੇੜੇ ਮਹਿਸੂਸ ਕੀਤੇ ਗਏ। ਮੇਅਰ ਕੈਨ ਸਟੈਨਿਕਸ ਦਾ ਕਹਿਣਾ ਹੈ ਕਿ ਇਨ੍ਹਾਂ ਝਟਕਿਆਂ ਕਾਰਨ ਲੋਕ ਕਾਫੀ ਖੌਫਜ਼ਦਾ ਹਨ ਤੇ ਕਈ ਵਾਰੀ ਤਾਂ ਇਹ ਬੰਦੂਕ ਦੀ ਗੋਲੀ ਦੀ ਅਵਾਜ਼ ਨਾਲੋਂ ਵੀ ਜਿ਼ਆਦਾ ਆਵਾਜ਼ ਪੈਦਾ ਕਰਦੇ ਹਨ।
ਨੈਚੂਰਲ ਰਿਸੋਰਸਿਜ਼ ਕੈਨੇਡਾ ਦੇ ਭੂਚਾਲ ਵਿਗਿਆਨਕ ਸਟੀਫਨ ਹਾਲਚੱਕ ਨੇ ਆਖਿਆ ਕਿ ਪਿੱਛੇ ਜਿਹੇ ਆਏ ਸਾਰੇ ਭੂਚਾਲ ਦੇ ਝਟਕੇ ਮਾਮੂਲੀ ਸਨ ਤੇ ਇਨ੍ਹਾਂ ਦੀ ਰਿਕਟਰ ਸਕੇਲ ਉੱਤੇ ਤੀਬਰਤਾ ਤਿੰਨ ਤੋਂ ਵੀ ਘੱਟ ਸੀ। ਉਨ੍ਹਾਂ ਆਖਿਆ ਕਿ ਪ੍ਰੋਵਿੰਸ ਦੇ ਕਈ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਵਿੱਚ ਵਾਧਾ ਹੋਣ ਦਾ ਕੋਈ ਸੰਕੇਤ ਨਹੀਂ ਹੈ। 2016 ਦੇ ਸ਼ੁਰੂ ਵਿੱਚ, ਮੈਕੈਡਮ ਇਲਾਕੇ ਵਿੱਚ 100 ਤੋਂ ਵੀ ਵੱਧ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਪਰ ਇਸ ਦਾ ਕੋਈ ਕਾਰਨ ਹੁਣ ਤੱਕ ਨਹੀਂ ਮਿਲ ਸਕਿਆ ਹੈ।