ਨਿਊ ਜਰਸੀ ਦੇ ਆਰਟਜ਼ ਫੈਸਟੀਵਲ ਵਿੱਚ ਚੱਲੀਆਂ ਗੋਲੀਆਂ, 1 ਹਲਾਕ, 22 ਜ਼ਖ਼ਮੀ


ਟਰੈਂਟਨ, ਨਿਊ ਜਰਸੀ, 17 ਜੂਨ (ਪੋਸਟ ਬਿਊਰੋ) : ਐਤਵਾਰ ਸਵੇਰੇ ਕੁੱਝ ਬੰਦੂਕਧਾਰੀਆਂ ਨੇ ਆਰਟਸ ਐਂਡ ਮਿਊਜਿ਼ਕ ਫੈਸਟੀਵਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ 22 ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਇੱਕ ਮਸ਼ਕੂਕ ਦੇ ਮਾਰੇ ਜਾਣ ਦੀ ਵੀ ਖਬਰ ਹੈ। ਆਪਣੇ ਬਚਾਅ ਲਈ ਲੋਕਾਂ ਨੇ ਜਦੋਂ ਭੱਜਣਾ ਸ਼ੁਰੂ ਕੀਤਾ ਤਾਂ ਮਾਹੌਲ ਭਗਦੜ ਵਾਲਾ ਬਣ ਗਿਆ।
ਮਰਸਰ ਕਾਊਂਟੀ ਪ੍ਰੌਸੀਕਿਊਟਰ ਐਂਜੇਲੋ ਓਨੋਫਰੀ ਨੇ ਦੱਸਿਆ ਕਿ 17 ਵਿਅਕਤੀਆਂ ਦਾ ਗੋਲੀ ਲੱਗਣ ਕਾਰਨ ਇਲਾਜ ਕੀਤਾ ਗਿਆ, ਜਿਨ੍ਹਾਂ ਵਿੱਚੋਂ ਇੱਕ 13 ਸਾਲਾ ਬੱਚੇ ਸਮੇਤ ਚਾਰ ਵਿਅਕਤੀਆਂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ। ਪਰ ਸ਼ਾਮ ਤੱਕ ਦੱਸਿਆ ਗਿਆ ਕਿ ਇਨ੍ਹਾਂ ਚਾਰਾਂ ਦੀ ਹਾਲਤ ਸਥਿਰ ਹੈ। ਇਸ ਮਗਰੋਂ ਇੱਕ ਵਿਅਕਤੀ ਦੀ ਹਾਲਤ ਹੀ ਨਾਜ਼ੁਕ ਦੱਸੀ ਗਈ।
ਆਰਟ ਆਲ ਨਾਈਟ ਟਰੈਂਟਨ ਫੈਸਟੀਵਲ ਵਿੱਚ ਹਿੱਸਾ ਲੈਣ ਲਈ 1000 ਤੋਂ ਵੱਧ ਲੋਕ ਆਏ ਹੋਏ ਸਨ ਜਦੋਂ ਤੜ੍ਹਕੇ 2:45 ਉੱਤੇ ਗੋਲੀਆਂ ਚੱਲਣੀਆਂ ਸ਼ੁਰੂ ਹੋਈਆਂ। ਇਸ ਫੈਸਟੀਵਲ ਵਿੱਚ ਲੋਕਲ ਆਰਟ, ਸੰਗੀਤ, ਫੂਡ ਤੇ ਫਿਲਮਾਂ ਆਦਿ ਵਿਖਾਈਆਂ ਜਾਂਦੀਆਂ ਹਨ। ਓਨੋਫਰੀ ਨੇ ਦੱਸਿਆ ਕਿ ਇਸ ਫੈਸਟੀਵਲ ਦੌਰਾਨ ਅੰਦਰ ਤੇ ਬਾਹਰ ਨਿੱਕੇ ਮੋਟੇ ਕਈ ਝਗੜੇ ਹੋਣ ਤੋਂ ਬਾਅਦ ਲੋਕਾਂ ਵੱਲੋਂ ਕੀਤੀਆਂ ਜਾਂ ਰਹੀਆਂ ਸਿ਼ਕਾਇਤਾਂ ਮਗਰੋਂ ਪੁਲਿਸ ਨੇ ਪ੍ਰਬੰਧਕਾਂ ਨੂੰ ਇਸ ਫੈਸਟੀਵਲ ਬੰਦ ਕਰਨ ਲਈ ਆਖਿਆ। ਅਜੇ ਆਰਗੇਨਾਈਜ਼ਰ ਇਸ ਨੂੰ ਬੰਦ ਕਰਨ ਜਾ ਹੀ ਰਹੇ ਸਨ ਕਿ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ।
ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਮੁਤਾਬਕ ਇਸ ਇਲਾਕੇ ਦੇ ਕਈ ਗੈਂਗਜ਼ ਨੇ ਫੈਸਟੀਵਲ ਵਾਲੀ ਥਾਂ ਉੱਤੇ ਹੀ ਆਪਣੀ ਨਿਜੀ ਲੜਾਈ ਸ਼ੁਰੂ ਕਰ ਦਿੱਤੀ। ਕਈ ਮਸ਼ਕੂਕਾਂ ਨੇ ਇੱਕ ਦੂਜੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬ ਵਿੱਚ ਪੁਲਿਸ ਵੱਲੋਂ ਵੀ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾਕ੍ਰਮ ਵਿੱਚ 33 ਸਾਲਾ ਤਾਹਾਜੀ ਵੈੱਲਜ਼ ਮਾਰਿਆ ਗਿਆ। ਉਹ ਅਜੇ ਪਿੱਛੇ ਜਿਹੇ ਹੀ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਆਇਆ ਸੀ ਤੇ ਕਤਲ ਸਬੰਧੀ ਲੱਗੇ ਦੋਸ਼ਾਂ ਵਿੱਚ ਫਰਵਰੀ ਤੋਂ ਹੀ ਉਹ ਪੈਰੋਲ ਉੱਤੇ ਸੀ।
ਇਸ ਮੌਕੇ ਕਈ ਹਥਿਆਰ ਜ਼ਬਤ ਕੀਤੇ ਗਏ। ਇਹ ਫੈਸਟੀਵਲ ਅਜੇ ਦੋ ਦਿਨ ਹੋਰ ਚੱਲਣਾ ਸੀ ਪਰ ਇਸ ਨੂੰ ਰੱਦ ਕਰ ਦਿੱਤਾ ਗਿਆ।