ਨਿਊਜ਼ੀਲੈਂਡ ਵੀ ਹੁਣ ਪੇਸ਼ੇਵਰਾਂ ਦੇ ਵੀਜ਼ਾ ਨਿਯਮ ਸਖਤ ਕਰੇਗਾ

new zealand
ਵੈਲਿੰਗਟਨ, 20 ਅਪ੍ਰੈਲ (ਪੋਸਟ ਬਿਊਰੋ)- ਅਮਰੀਕਾ ਅਤੇ ਆਸਟਰੇਲੀਆ ਦੇ ਬਾਅਦ ਨਿਊਜ਼ੀਲੈਂਡ ਨੇ ਵੀ ਪੇਸ਼ੇਵਰਾਂ ਨੂੰ ਦਿੱਤੇ ਜਾਂਦੇ ਵੀਜ਼ਾ ਦੇ ਨਿਯਮ ਸਖਤ ਕਰਨ ਦਾ ਐਲਾਨ ਕੀਤਾ ਹੈ।
ਨਿਊਜ਼ੀਲੈਂਡ ਦੇ ਪ੍ਰਵਾਸੀ ਮਾਮਲਿਆਂ ਦੇ ਮੰਤਰੀ ਨੇ ਕਿਹਾ ਹੈ ਕਿ ਇਮੀਗਰੇਸ਼ਨ ਕੇਸਾਂ ਵਿੱਚ ਉਨ੍ਹਾਂ ਦੀ ਸਰਕਾਰ ‘ਕੀਵੀ ਫਸਟ’ ਦੀ ਨੀਤੀ ਅਪਣਾਏਗੀ। ਇਹ ਨੀਤੀ ਗੁਆਂਢੀ ਦੇਸ਼ ਆਸਟਰੇਲੀਆ ਵਿਚਲੀ ਟਰਨਬੁਲ ਸਰਕਾਰ ਅਤੇ ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਦੀਆਂ ਨੀਤੀਆਂ ਦੇ ਅਨੁਸਾਰ ਹੈ, ਜਿਨ੍ਹਾਂ ਵਿੱਚ ਉਨ੍ਹਾਂ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਰੋਜ਼ਗਾਰ ਹਾਸਲ ਕਰਾਉਣ ਵਿੱਚ ਪਹਿਲ ਦੇਣ ਦਾ ਫੈਸਲਾ ਲਿਆ ਹੈ। ਇਸ ਦਾ ਅਸਰ ਭਾਰਤੀ ਪੇਸ਼ੇਵਰਾਂ ਉੱਤੇ ਵੀ ਪਵੇਗਾ। ਏਦਾਂ ਦੇ ਸੰਕੇਤ ਹਨ ਕਿ ਨਿਊਜ਼ੀਲੈਂਡ ਵਿੱਚ ਹੋਣ ਵਾਲੀਆਂ 23 ਸਤੰਬਰ ਦੀਆਂ ਚੋਣਾਂ ਵਿੱਚ ਇਮੀਗਰੇਸ਼ਨ ਨੀਤੀ ਇੱਕ ਵੱਡਾ ਮੁੱਦਾ ਬਣੇਗੀ। ਇਸ ਵਿੱਚ ਦੇਸ਼ ਵਾਸੀਆਂ ਦੇ ਰੋਜ਼ਗਾਰ ਸੰਬੰਧੀ ਅਧਿਕਾਰਾਂ ‘ਤੇ ਚਰਚਾ ਹੋਵੇਗੀ ਅਤੇ ਨਿਵੇਸ਼ ਅਤੇ ਰੋਜ਼ਗਾਰਾਂ ਨੂੰ ਵਧਾਉਣ ‘ਤੇ ਰਾਜਨੀਤਕ ਦਲ ਆਪਣੀ ਨੀਤੀ ਸਪੱਸ਼ਟ ਕਰਨਗੇ।
ਪ੍ਰਵਾਸੀ ਮਾਮਲਿਆਂ ਦੇ ਮੰਤਰੀ ਮਾਈਕੇਲ ਵੁਡਹਾਊਸ ਨੇ ਕਿਹਾ, ਸਰਕਾਰ ਹੁਣ ਤਾਜ਼ਾ ਨੀਤੀ ਬਣਾਉਣ ਵਿੱਚ ਨੌਜਵਾਨਾਂ ਨੂੰ ਟਰੇਨਿੰਗ ਦਾ ਬੜਾਵਾ ਦੇ ਕੇ ਕੁਸ਼ਲ ਪੇਸ਼ੇਵਰ ਤਿਆਰ ਕਰਨ ‘ਤੇ ਜ਼ੋਰ ਦੇਵੇਗੀ, ਜਿਸ ਤੋਂ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਕੰਮ ਮਿਲ ਸਕੇ। ਇਸ ਨੂੰ ਸਰਕਾਰ ਘੱਟੋ ਘੱਟ ਤਨਖਾਹ ਤੈਅ ਕਰਨ ‘ਤੇ ਵੀ ਇੱਕ ਬਿੱਲ ਲਿਆਉਣ ਵਾਲੀ ਹੈ, ਇਸ ਦੇ ਬਾਅਦ ਦੇਸ਼ ਵਿੱਚ ਹਰ ਵਰਗ ਦੇ ਕਾਮਿਆਂ ਦੇ ਲਈ ਘੱਟੋ ਘੱਟ ਤਨਖਾਹ ਤੈਅ ਹੋ ਜਾਏਗੀ। ਇਸ ਦਾ ਵੀ ਅਸਰ ਇਮੀਗਰੇਸ਼ਨ ‘ਤੇ ਪਵੇਗਾ।