ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਬੱਚੀ ਨੂੰ ਜਨਮ ਦਿੱਤਾ


ਆਕਲੈਂਡ, 21 ਜੂਨ (ਪੋਸਟ ਬਿਊਰੋ)- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਨੇ ਵੀਰਵਾਰ ਆਕਲੈਂਡ ਦੇ ਸਿਟੀ ਹਸਪਤਾਲ ਵਿਚ ਇਕ ਬੱਚੀ ਨੂੰ ਜਨਮ ਦਿੱਤਾ। ਇਹ ਉਨ੍ਹਾਂ ਵਿੱਚ ਪਰਿਵਾਰ ਦਾ ਪਹਿਲਾ ਬੱਚਾ ਹੈ ਅਤੇ ਇਸ ਦੀ ਜਾਣਕਾਰੀ ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਦਿੱਤੀ ਹੈ।
ਦੱਸਿਆ ਗਿਆ ਹੈ ਕਿ ਜੇਸਿੰਡਾ ਆਰਡਰਨ (37 ਸਾਲ) ਨੇ ਵੀਰਵਾਰ ਦੁਪਹਿਰ ਨੂੰ ਇੰਸਟਾਗ੍ਰਾਮ ਉੱਤੇ ਆਪਣੀ ਨਵਜੰਮੀ ਧੀ ਅਤੇ ਆਪਣੇ ਪਤੀ ਕਲਾਰਕ ਗੇਅਫੋਰਡ ਨਾਲ ਇਕ ਤਸਵੀਰ ਸਾਂਝੀ ਕੀਤੀ ਸੀ। ਇੰਸਟਾਗ੍ਰਾਮ ਉੱਤੇ ਪੋਸਟ ਵਿਚ ਲਿਖਿਆ, ‘ਸਾਡੇ ਪਿੰਡ ਵਿਚ ਤੁਹਾਡਾ ਸਵਾਗਤ ਹੈ। ਇਸ ਸਿਹਤਮੰਦ ਬੱਚੀ, ਜੋ 3.31 ਕਿਲੋਗ੍ਰਾਮ ਦੀ ਹੈ, ਨੂੰ ਪਾ ਕੇ ਬਹੁਤ ਹੀ ਖੁਸ਼ਨਸੀਬ ਮਹਿਸੂਸ ਕਰ ਰਹੀ ਹਾਂ।’ ਅੱਗੇ ਉਨ੍ਹਾਂ ਨੇ ਇਸ ਖੁਸ਼ੀ ਦੇ ਮੌਕੇ ਲੋਕਾਂ ਤੋਂ ਇਲਾਵਾ ਜਿਹੜੇ ਹਸਪਤਾਲ ਵਿਚ ਬੱਚੀ ਨੇ ਜਨਮ ਲਿਆ, ਉਸ ਦੇ ਸਟਾਫ ਦਾ ਵੀ ਧੰਨਵਾਦ ਕੀਤਾ। ਉਹ ਅਗਲੇ 6 ਮਹੀਨੇ ਤੱਕ ਜਣੇਪਾ ਛੁੱਟੀ ਉੱਤੇ ਰਹੇਗੀ ਅਤੇ ਉਨ੍ਹਾਂ ਦੀ ਜਗ੍ਹਾ ਡਿਪਟੀ ਪ੍ਰਧਾਨ ਮੰਤਰੀ ਵਿੰਸਟਨ ਪੀਟਰਸ ਨੂੰ ਕਾਰਜਵਾਹਕ ਪ੍ਰਧਾਨ ਮੰਤਰੀ ਦੀ ਜ਼ਿਮੇਦਾਰੀ ਦਿੱਤੀ ਗਈ ਹੈ। ਆਰਡਨ ਨਿਊਜ਼ੀਲੈਂਡ ਦੀ ਪਹਿਲੀ ਨੇਤਾ ਹੈ, ਜਿਨ੍ਹਾਂ ਨੇ ਸੱਤਾ ਵਿਚ ਰਹਿੰਦੇ ਹੋਏ ਬੱਚੇ ਨੂੰ ਜਨਮ ਦਿੱਤਾ ਹੈ। ਇਹ ਦੁਨੀਆ ਵਿਚ ਸਿਰਫ ਦੂਸਰਾ ਮਾਮਲਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜੀਰ ਭੁੱਟੋ ਨੇ ਆਪਣੇ ਦੂਜੇ ਬੇਟੇ ਨੂੰ ਸੱਤਾ ਵਿਚ ਰਹਿੰਦੇ ਹੋਏ ਸੰਨ 1990 ਵਿਚ ਜਨਮ ਦਿੱਤਾ ਸੀ।