ਨਿਊਜ਼ੀਲੈਂਡ ਤੋਂ ਕ੍ਰਿਕਟ ਲੜੀ ਜਿੱਤ ਕੇ ਭਾਰਤੀ ਟੀਮ ਫਿਰ ਟੀਸੀ ਉੱਤੇ ਗਈ


ਕਾਨਪੁਰ, 29 ਅਕਤੂਬਰ, (ਪੋਸਟ ਬਿਊਰੋ)- ਬੱਲੇਬਾਜ਼ ਰੋਹਿਤ ਸ਼ਰਮਾ (147) ਤੇ ਕਪਤਾਨ ਵਿਰਾਟ ਕੋਹਲੀ (113) ਦੇ ਤੇਜ਼-ਤਰਾਰ ਸੈਂਕੜਿਆਂ ਅਤੇ ਦੋਵਾਂ ਦੀ 230 ਦੌੜਾਂ ਦੀ ਭਾਈਵਾਲੀ ਨਾਲ ਤੇ ਫਿਰ ਗੇਂਦਬਾਜ਼ ਜਸਪ੍ਰੀਤ ਬਮਰਾਹ ਵੱਲੋਂ ਗੇਂਦਬਾਜ਼ੀ ਤਿੱਖੇ ਹਮਲਿਆਂ ਨਾਲ ਭਾਰਤ ਨੇ ਅੱਜ ਇਥੇ ਤੇ ਆਖਰੀ ਇਕ ਰੋਜ਼ਾ ਮੈਚ ਵਿੱਚ ਨਿਊਜ਼ੀਲੈਂਡ ਨੂੰ 6 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਲੜੀ 2-1 ਨਾਲ ਆਪਣੇ ਨਾਂ ਕਰ ਲਈ ਅਤੇ ਟੀਮ ਨੇ ਲਗਾਤਾਰ ਸੱਤਵੀਂ ਲੜੀ ਵਿੱਚ ਜਿੱਤ ਦਰਜ ਕੀਤੀ ਹੈ।
ਮੈਚ ਦੇ ਪਹਿਲੇ ਹਿੱਸੇ ਵਿੱਚ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਕਪਤਾਨ ਵਿਰਾਟ ਕੋਹਲੀ ਦੇ ਸੈਂਕੜਿਆਂ ਅਤੇ ਦੋਵਾਂ ਦੀ ਰਿਕਾਰਡ ਸੈਂਕੜੇ ਦੀ ਭਾਈਵਾਲੀ ਨਾਲ ਭਾਰਤ ਨੇ ਨਿਊਜ਼ੀਲੈਂਡ ਦੇ ਖ਼ਿਲਾਫ਼ ਤੀਜੇ ਤੇ ਆਖਰੀ ਵੰਨ ਡੇਅ ਕ੍ਰਿਕਟ ਮੈਚ ਵਿੱਚ ਛੇ ਵਿਕਟਾਂ ਦੇ ਨੁਕਸਾਨ ਨਾਲ 337 ਦੌੜਾਂ ਬਣਾਈਆਂ। ਰੋਹਿਤ ਸ਼ਰਮਾ (147) ਅਤੇ ਕੋਹਲੀ(113) ਨੇ ਦੂਸਰੇ ਵਿਕਟ ਲਈ 230 ਦੌੜਾਂ ਦੀ ਭਾਈਵਾਲੀ ਕੀਤੀ ਅਤੇ ਇਕ ਰੋਜ਼ਾ ਕ੍ਰਿਕਟ ਵਿੱਚ ਚਾਰ ਵਾਰ ਦੋਹਰੇ ਸੈਂਕੜੇ ਦੀ ਭਾਈਵਾਲੀ ਕਰਨ ਵਾਲੀ ਦੁਨੀਆ ਦੀ ਪਹਿਲੀ ਜੋੜੀ ਬਣ ਗਈ। ਇਸ ਦੌਰਾਨ ਨਿਊਜ਼ੀਲੈਂਡ ਲਈ ਮਿਸ਼ੇਲ ਸੇਂਟਨਰ ਨੇ 58, ਐਡਮ ਮਿਲਨੇ ਨੇ 64 ਅਤੇ ਟਿਮ ਸਾਊਦੀ ਨੇ 66 ਦੌੜਾਂ ਬਦਲੇ ਦੋ ਦੋ ਵਿਕਟ ਲਏ।
ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਨਿਊਜ਼ੀਲੈਂਡ ਦਾ ਫ਼ੈਸਲਾ ਉਦੋਂ ਕੁਝ ਦਰੁਸਤ ਜਾਪਣ ਲੱਗਾ ਜਦੋਂ ਟਿਮ ਸਾਊਦੀ ਨੇ ਸ਼ਿਖਰ ਧਵਨ (14) ਨੂੰ ਛੇਤੀ ਹੀ ਕਪਤਾਨ ਕੇਨ ਵਿਲੀਅਮਸਨ ਹੱਥੋਂ ਕੈਚ ਆਊਟ ਕਰਵਾ ਕੇ ਚੰਗੀ ਸ਼ੁਰੂਆਤ ਕਰਵਾ ਦਿੱਤੀ। ਇਸ ਦੇ ਬਾਅਦ ਰੋਹਿਤ ਤੇ ਕੋਹਲੀ ਨੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ 35 ਓਵਰਾਂ ਤਕ ਭਜਾਈ ਰੱਖਿਆ। ਰੋਹਿਤ ਅਤੇ ਕੋਹਲੀ ਤੋਂ ਬਿਨਾਂ ਹੋਰ ਬੱਲੇਬਾਜ਼ਾਂ ਵਿੱਚ ਹਾਰਦਿਕ ਪਾਂਡਿਆ ਨੇ 8, ਮਹਿੰਦਰ ਸਿੰਘ ਧੋਨੀ ਨੇ 25 ਅਤੇ ਕੇਦਾਰ ਜਾਧਵ ਨੇ 10 ਗੇਂਦਾਂ ਉੱਤੇ 18 ਦੌੜਾਂ ਬਣਾਈਆਂ।
ਭਾਰਤ ਵੱਲੋਂ ਦਿੱਤੇ 338 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਟੀਮ ਨੇ ਇਕ ਵਾਰ ਭਾਰਤ ਦੇ ਪਸੀਨੇ ਕੱਢ ਦਿੱਤੇ। ਸਲਾਮੀ ਬੱਲੇਬਾਜ਼ ਕੋਲਿਨ ਮੁਨਰੋ (75) ਨੇ ਟੀਮ ਨੂੰ ਤੇਜ਼ ਸ਼ੁਰੂਆਤ ਦਿੱਤੀ। ਕਪਤਾਨ ਕੇਨ ਵਿਲੀਅਮਸਨ (64) ਨੇ ਮੁਨਰੋ ਦਾ ਸਾਥ ਦਿੱਤਾ। ਦੋਵਾਂ ਦੇ ਆਊਟ ਹੋਣ ਪਿੱਛੋਂ ਰੋਸ ਟੇਲਰ (39) ਅਤੇ ਹੈਨਰੀ ਨਿਕੋਲਸ(37) ਨੇ ਟੌਮ ਲੇਧਮ ਨਾਲ ਪਾਰੀ ਨੂੰ ਸੰਭਾਲਿਆ। ਲੇਧਮ ਨੇ ਨਾਟਕੀ ਢੰਗ ਨਾਲ ਰਨ ਆਊਟ ਹੋਣ ਤੋਂ ਪਹਿਲਾਂ 52 ਗੇਂਦਾਂ ਵਿੱਚ 65 ਦੌੜਾਂ ਬਣਾਈਆਂ। ਮਿਸ਼ੇਲ ਸੇਂਟਨਰ ਨੇ 9 ਦੌੜਾਂ ਬਣਾਈਆਂ ਤੇ ਕੋਲਿਨ ਡੀਗਰੈਂਡਹੋਮ ਤੇ ਟਿਮ ਸਾਊਦੀ ਕ੍ਰਮਵਾਰ 8 ਤੇ 4 ਦੌੜਾਂ ਨਾਲ ਨਾਬਾਦ ਰਹੇ। ਭਾਰਤ ਲਈ ਜਸਪ੍ਰੀਤ ਬਮਰਾਹ ਨੇ ਤਿੰਨ ਵਿਕਟ, ਯੁਜਵੇਂਦਰ ਚਹਿਲ ਨੇ 2 ਅਤੇ ਭੁਵਨੇਸ਼ਵਰ ਕੁਮਾਰ ਨੇ ਇਕ ਵਿਕਟ ਲਈ ਅਤੇ ਭਾਰਤ ਨੇ ਮੈਚ ਜਿੱਤ ਲਿਆ।
ਅੱਜ ਇਥੇ ਨਿਊਜ਼ੀਲੈਂਡ ਦੇ ਖ਼ਿਲਾਫ਼ ਇਕ ਰੋਜ਼ਾ ਮੈਚ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ 87ਵੀਂ ਦੌੜ ਪੂਰੀ ਕਰਨ ਦੇ ਨਾਲ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਘੱਟ ਪਾਰੀਆਂ ਵਿੱਚ ਨੌਂ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲਾ ਬੱਲੇਬਾਜ਼ ਬਣ ਗਿਆ। ਕੋਹਲੀ ਦੀ ਇਹ 202ਵੇਂ ਮੈਚ ਵਿੱਚ 194ਵੀਂ ਪਾਰੀ ਸੀ। ਇਸ ਤਰ੍ਹਾਂ ਭਾਰਤੀ ਕਪਤਾਨ ਨੇ ਦੱਖਣੀ ਅਫ਼ਰੀਕਾ ਦੇ ਏ ਬੀ ਡੀਵਿਲੀਅਰਜ਼ ਦੇ 205 ਪਾਰੀਆਂ ਵਿੱਚ 9 ਹਜ਼ਾਰ ਦੌੜਾਂ ਬਣਾਉਣ ਦਾ ਰਿਕਾਰਡ ਤੋੜਿਆ। ਕੋਹਲੀ ਵਿਸ਼ਵ ਦਾ 19ਵਾਂ ਤੇ ਭਾਰਤ ਦਾ ਛੇਵਾਂ ਬੱਲੇਬਾਜ਼ ਹੈ ਜਿਸ ਨੇ ਇਕ ਰੋਜ਼ਾ ਕ੍ਰਿਕਟ ਵਿੱਚ ਇਸ ਅੰਕੜੇ ਨੂੰ ਛੋਹਿਆ ਹੈ।