ਨਾੜ ਨੂੰ ਅੱਗ ਲਾਉਣ ਵਾਲੇ ਕਿਸਾਨ ਸੈਟੇਲਾਈਟ ਤੋਂ ਮਿਲੀ ਸੂਚਨਾ ਦੇ ਨਾਲ ਘੇਰੇ ਗਏ

jatt fire fields
ਪਟਿਆਲਾ, 14 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਗਏ ਭੇਜੇ ਸੈਟੇਲਾਈਟ ਅਲਰਟ ਤੋਂ ਬਾਅਦ ਜ਼ਿਲ੍ਹੇ ਦੇ ਚਾਰ ਕਿਸਾਨਾਂ ਨੂੰ ਨਾੜ ਸਾੜਨ ਦੇ ਦੋਸ਼ ਵਿੱਚ ਚਲਾਨ ਕੱਟ ਕੇ ਜੁਰਮਾਨੇ ਕੀਤੇ ਗਏ।
ਰਿਮੋਟ ਸੈਸਿੰਗ ਸੈਂਟਰ ਨੇ ਬੁੱਧਵਾਰ ਰਾਤ ਸੈਟੇਲਾਈਟ ਅਲਰਟ ਭੇਜ ਕੇ ਸੂਚਿਤ ਕੀਤਾ ਕਿ ਪਟਿਆਲਾ ਜ਼ਿਲ੍ਹੇ ਦੀ ਦੂਧਨ ਸਾਧਾਂ ਤਹਿਸੀਲ ਦੇ ਦੋ ਪਿੰਡਾਂ ਨਾੜ ਨੁੰ ਅੱਗ ਲੱਗਣ ਦੇ ਦਿ੍ਰਸ਼ ਉਪ ਗ੍ਰਹਿ ਨੂੰ ਮਿਲੇ ਹਨ। ਰਾਤ ਵੇਲੇ ਹੀ ਐਸ ਡੀ ਐਮ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਟੀਮਾਂ ਨੇ ਸੈਟੇਲਾਈਟ ਵੱਲੋਂ ਭੇਜੀ ਸੂਚਨਾ ਮੁਤਾਬਕ ਸਬੰਧਤ ਪਿੰਡਾਂ ਵਿੱਚ ਛਾਪਾ ਮਾਰਿਆ। ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਭੇਜੀ ਸੂਚਨਾ ਬਿਲਕੁਲ ਸਹੀ ਪਾਈ ਗਈ ਤੇ ਇਸੇ ਆਧਾਰ ‘ਤੇ ਤਹਿਸੀਲ ਦੂਧਨ ਸਾਧਾਂ ਦੇ ਬਲਾਕ ਭੂਨਰਹੇੜੀ ਦੇ ਪਿੰਡ ਭਸਮੜਾ ਦੇ ਦੋ ਕਿਸਾਨਾਂ ਨੇ ਨਾੜ ਨੂੰ ਅੱਗ ਲਾਉਣ ਕਾਰਨ ਚਲਾਨ ਕੱਟ ਕੇ ਪੰਜ-ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਭਸਮੜਾ ਦੇ ਜਿਨ੍ਹਾਂ ਕਿਸਾਨਾਂ ਦੇ ਚਲਾਨ ਕੱਟੇ ਗਏ ਹਨ, ਉਨ੍ਹਾਂ ਵਿੱਚ ਪਹਿਲਾ ਗੁਰਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਦਾ ਤੇ ਦੂਸਰਾ ਚਲਾਨ ਮਹਿੰਦਰ ਸਿੰਘ, ਬਖਸ਼ੀਸ਼ ਕੌਰ ਤੇ ਗੁਰਜੀਤ ਸਿੰਘ ਦਾ ਕੱਟਿਆ ਗਿਆ। ਇਕ ਚਲਾਨ ਜ਼ਿਲ੍ਹੇ ਦੇ ਪਿੰਡ ਦੁਲਬਾ ਵਿੱਚ ਬਲਿਹਾਰ ਸਿੰਘ ਦਾ ਕੱਟਿਆ ਗਿਆ ਹੈ ਤੇ ਉਸ ਨੂੰ 2500 ਰੁਪਏ ਜੁਰਮਾਨਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਅੱਗ ਲਾਉਣ ਦੀ ਸੂਰਤ ਵਿੱਚ ਚਲਾਨ ਦੇ ਨਾਲ ਦੋ ਏਕੜ ਤੱਕ 2500 ਰੁਪਏ, ਦੋ ਤੋਂ ਪੰਜ ਏਕ ਤੱਕ 5000 ਰੁਪਏ ਅਤੇ ਪੰਜ ਤੋਂ ਵੱਧ ਏਕੜ ਜ਼ਮੀਨ ਲਈ 1500 0 ਰੁਪਏ ਜੁਰਮਾਨਾ ਤੈਅ ਕੀਤਾ ਗਿਆ। ਫਸਲਾਂ ਦੀ ਰਹਿੰਦ-ਖੂੰਹਦ ਤੇ ਕੂੜਾ ਕਰਕਟ ਨੂੰ ਅੱਗ ਲਾਉਣ ਨਾਲ ਜਿੱਥੇ ਬਿਮਾਰੀਆਂ ਜਨਮ ਲੈਂਦੀਆਂ ਹਨ, ਉਥੇ ਹੀ ਅੱਗ ਕਾਰਨ ਮਿੱਤਰ ਕੀੜਿਆਂ ਦੇ ਮਰਨ ਕਾਰਨ ਫਸਲਾਂ ਨੂੰ ਬਿਮਾਰੀਆਂ ਲੱਗਦੀਆਂ ਹਨ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ।