ਨਾਸਾ ਨੇ ਸੂਰਜੀ ਲਪਟਾਂ ਦੀਆਂ ਤਸਵੀਰਾਂ ਕੈਦ ਕੀਤੀਆਂ

nasa
ਵਾਸ਼ਿੰਗਟਨ, 8 ਸਤੰਬਰ (ਪੋਸਟ ਬਿਊਰੋ)- ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕੱਲ੍ਹ ਦੋ ਉਚ ਤੀਬਰਤਾ ਵਾਲੀਆਂ ਸੂਰਜੀ ਲਪਟਾਂ ਦੀਆਂ ਤਸਵੀਰਾਂ ਕੈਦ ਕੀਤੀਆਂ ਹਨ। ਇਨ੍ਹਾਂ ‘ਚ ਦੂਜੀ ਦਸੰਬਰ 2008 ਤੋਂ ਬਾਅਦ ਸ਼ੁਰੂ ਹੋਏ ਸੂਰਜੀ ਚੱਕਰ ਦੀ ਸਭ ਤੋਂ ਤੇਜ਼ ਭਾਵ ਚਮਕੀਲੀ ਕਿਰਨ ਸੀ। ਯਾਦ ਰਹੇ ਕਿ ਇਹ ਸੂਰਜੀ ਲਪਟਾਂ ਧਰਤੀ ‘ਤੇ ਸੰਚਾਰ, ਜੀ ਪੀ ਐਸ ਤੇ ਪਾਵਰ ਗਿੱ੍ਰਡ ‘ਚ ਰੁਕਾਵਟ ਪੈਦਾ ਕਰ ਸਕਦੀਆਂ ਹਨ।
ਇਨ੍ਹਾਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਅਮਰੀਕੀ ਸਪੇਸ ਏਜੰਸੀ ਦੇ ਸੋਲਰ ਡਾਇਨੈਮਿਕਸ ਆਬਜ਼ਰਵੇਟਰੀ ਦੇ ਵਿਗਿਆਨਕਾਂ ਨੂੰ ਹੋਈ ਤੇ ਉਨ੍ਹਾਂ ਇਹ ਤਸਵੀਰਾਂ ਲਈਆਂ। ਪੁਲਾੜ ਮੌਸਮ ਅਗੇਤੇ ਅਨੁਮਾਨ ਕੇਂਦਰ ਨੇ ਇਨ੍ਹਾਂ ਲਪਟਾਂ ਨੂੰ ਐਕਸ ਸ਼੍ਰੇਣੀ ‘ਚ ਰੱਖਿਆ। ਕੇਂਦਰ ਨੇ ਕਿਹਾ ਕਿ ਧਮਾਕੇ ਕਾਰਨ ਸੂਰਜ ਦੀ ਦਿਸ਼ਾ ਵਾਲੇ ਧਰਤੀ ਦੇ ਹਿੱਸੇ ਵਿੱਚ ਕਰੀਬ ਇਕ ਘੰਟੇ ਤੱਕ ਰੇਡੀਓ ਸੰਚਾਰ ‘ਚ ਰੁਕਾਵਟ ਆਈ। ਇਹ ਦੋਵੇਂ ਧਮਾਕੇ ਸੂਰਜ ਦੇ ਸਰਗਰਮ ਖੇਤਰ ਵਿੱਚ ਹੋਏ ਹਨ, ਜਿਥੇ ਚਾਰ ਸਤੰਬਰ ਨੂੰ ਇਕ ਔਸਤ ਧਮਾਕਾ ਵੀ ਹੋਇਆ ਸੀ।
ਵਰਨਣ ਯੋਗ ਹੈ ਕਿ ਸੂਰਜ ਦਾ ਇਕ ਚੱਕਰ ਔਸਤ 11 ਸਾਲ ਦਾ ਹੁੰਦਾ ਹੈ। ਕਿਸੇ ਚੱਕਰ ਦੇ ਸਰਗਰਮ ਪੜਾਅ ਤੋਂ ਬਾਅਦ ਏਨੇ ਤੀਬਰ ਧਮਾਕੇ ਘੱਟ ਹੁੰਦੇ ਹਨ। ਵੈਸੇ ਗਿਣਤੀ ‘ਚ ਘੱਟ ਹੋਣ ਦੇ ਬਾਵਜੂਦ ਕਈ ਵਾਰ ਇਹ ਜ਼ਿਆਦਾ ਤਾਕਤਵਰ ਤੇ ਤੀਬਰ ਵੀ ਹੋ ਸਕਦੇ ਹਨ। ਇਹ ਸੂਰਜੀ ਲਪਟਾਂ ਜਮ੍ਹਾਂ ਹੋਈ ਚੁੰਬਕੀ ਊਰਜਾ ਕਾਰਨ ਪੈਦਾ ਹੁੰਦੀਆਂ ਹਨ।