ਨਾਫਟਾ ਸਬੰਧੀ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ ਕੈਨੇਡਾ : ਫਰੀਲੈਂਡ


ਓਟਵਾ, 11 ਜਨਵਰੀ (ਪੋਸਟ ਬਿਊਰੋ) : ਸੀਨੀਅਰ ਕੈਨੇਡੀਅਨ ਅਧਿਕਾਰੀਆਂ ਦਾ ਇਹ ਮੰਨਣਾ ਹੈ ਕਿ ਇਸ ਗੱਲ ਦੀ ਬਹੁਤੀ ਸੰਭਾਵਨਾ ਹੈ ਕਿ ਰਾਸ਼ਟਰਪਤੀ ਡੌਨਲਡ ਟਰੰਪ ਅਮਰੀਕਾ ਨੂੰ ਨਾਫਟਾ ਤੋਂ ਪਾਸੇ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਉੱਤੇ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਕੈਨੇਡਾ ਇਸ ਲਈ ਤਿਆਰ ਹੈ।
ਫਰੀਲੈਂਡ ਨੇ ਆਖਿਆ ਕਿ ਜਦੋਂ ਤੋਂ ਨਾਫਟਾ ਸਬੰਧੀ ਗੱਲਬਾਤ ਸ਼ੁਰੂ ਹੋਈ ਹੈ ਉਸ ਤੋਂ ਵੀ ਪਹਿਲਾਂ ਤੋਂ ਇਹ ਸੰਕੇਤ ਮਿਲ ਰਹੇ ਹਨ ਕਿ ਅਮਰੀਕਾ ਇਸ ਤੋਂ ਪਾਸੇ ਹੋਣਾ ਚਾਹੁੰਦਾ ਹੈ। ਪਰ ਫੈਡਰਲ ਸਰਕਾਰ ਅਜੇ ਵੀ ਇਹ ਆਸ ਕਰ ਰਹੀ ਹੈ ਕਿ ਇਸ ਤਿਪੱਖੀ ਟਰੇਡ ਡੀਲ ਲਈ ਟਰੰਪ ਦੀ ਬਿਆਨਬਾਜ਼ੀ ਫੋਕੀ ਹੀ ਹੋਵੇ। ਉਨ੍ਹਾਂ ਆਖਿਆ ਕਿ ਅਸੀਂ ਸ਼ੁਰੂ ਤੋਂ ਹੀ ਚੰਗੇ ਦੀ ਆਸ ਲਾਈ ਬੈਠੇ ਹਾਂ ਪਰ ਅਸੀਂ ਮਾੜੀ ਤੋਂ ਮਾੜੀ ਸਥਿਤੀ ਦਾ ਸਾਹਮਣਾ ਕਰਨ ਲਈ ਵੀ ਤਿਆਰ ਹਾਂ। ਇਸ ਲਈ ਕੈਨੇਡਾ ਹਰ ਤਰ੍ਹਾਂ ਦੀ ਸਥਿਤੀ ਨਾਲ ਸਿੱਝਣ ਲਈ ਤਿਆਰ ਹੈ। ਫਰੀਲੈਂਡ ਨੇ ਇਹ ਜਾਣਕਾਰੀ ਵੀਰਵਾਰ ਸਵੇਰੇ ਲੰਡਨ, ਓਨਟਾਰੀਓ ਵਿੱਚ ਸ਼ੁਰੂ ਹੋਣ ਜਾ ਰਹੀ ਦੋ ਰੋਜ਼ਾ ਲਿਬਰਲ ਕੈਬਨਿਟ ਰਟਰੀਟ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।
ਉਨ੍ਹਾਂ ਆਖਿਆ ਕਿ ਸਾਨੂੰ ਆਪਣੇ ਗੁਆਂਢੀਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਫਰੀਲੈਂਡ ਨੇ ਆਖਿਆ ਕਿ ਅਗਲੇ ਕੁੱਝ ਹਫਤਿਆਂ ਵਿੱਚ ਜਦੋਂ ਕੈਨੇਡੀਅਨ, ਅਮੈਰੀਕਨ ਤੇ ਮੈਕਸੀਕਨ ਵਾਰਤਾਕਾਰ ਮੁੜ ਗੱਲਬਾਤ ਲਈ ਇੱਕਠੇ ਹੋਣਗੇ ਤਾਂ ਉਨ੍ਹਾਂ ਨੂੰ ਆਸ ਹੈ ਕਿ ਸਾਰੇ ਪਾਸੇ ਸਦਭਾਵਨਾ ਹੋਵੇਗੀ। ਉਨ੍ਹਾਂ ਆਖਿਆ ਕਿ ਕੈਨੇਡਾ ਵੀ ਟਰੇਡ ਡੀਲ ਦੇ ਕੁੱਝ ਪੰਨੇ ਬੰਦ ਕਰਨ ਦੇ ਨੇੜੇ ਹੈ।
ਉਨ੍ਹਾਂ ਆਖਿਆ ਕਿ ਜਦੋਂ ਅਮਰੀਕਾ ਵੱਲੋਂ ਹੋਰ ਗੈਰਰਵਾਇਤੀ ਪ੍ਰਸਤਾਵਾਂ ਦੀ ਗੱਲ ਆਵੇਗੀ ਤਾਂ ਅਸੀਂ ਉਸ ਲਈ ਕੁੱਝ ਠੋਸ ਸੋਚ ਰਹੇ ਹਾਂ। ਅਸੀਂ ਕੈਨੇਡੀਅਨ ਸਟੇਕਹੋਲਡਰਜ਼ ਨਾਲ ਗੱਲ ਕਰ ਰਹੇ ਹਾਂ ਤੇ ਜਦੋਂ ਨਾਫਟਾ ਬਾਰੇ ਮਾਂਟਰੀਅਲ ਵਿੱਚ ਗੱਲਬਾਤ ਸ਼ੁਰੂ ਹੋਵੇਗੀ ਤਾਂ ਅਸੀਂ ਆਪਣੇ ਅਮਰੀਕੀ ਤੇ ਮੈਕਸੀਕਨ ਹਮਰੁਤਬਾ ਅਧਿਕਾਰੀਆਂ ਸਾਹਮਣੇ ਉਹ ਨਵੇਂ ਆਈਡੀਆਜ਼ ਰੱਖਾਂਗੇ।