ਨਾਫਟਾ ਸਬੰਧੀ ਪਹਿਲੇ ਗੇੜ ਦੀ ਗੱਲਬਾਤ ਖ਼ਤਮ

2
ਵਾਸਿ਼ੰਗਟਨ, 20 ਅਗਸਤ (ਪੋਸਟ ਬਿਊਰੋ) : ਨੌਰਥ ਅਮੈਰੀਕਨ ਦੇਸ਼ਾਂ ਵਿਚਾਲੇ ਨਵੇਂ ਕੌਂਟੀਨੈਂਟਲ ਟਰੇਡ ਅਗਰੀਮੈਂਟ ਦੇ ਸਬੰਧ ਵਿੱਚ ਪਹਿਲੇ ਗੇੜ ਦੀ ਗੱਲਬਾਤ ਐਤਵਾਰ ਨੂੰ ਖ਼ਤਮ ਹੋ ਗਈ। ਪਹਿਲੇ ਗੇੜੇ ਦੀ ਗੱਲਬਾਤ ਮੁੱਕਣ ਉੱਤੇ ਸਾਰੀਆਂ ਧਿਰਾਂ ਨੇ ਮੰਨਿਆ ਕਿ ਇਸ ਸਬੰਧ ਵਿੱਚ ਅੱਗੇ ਹੋਣ ਵਾਲੀ ਗੱਲਬਾਤ ਵਿੱਚ ਕਈ ਵੱਡੇ ਮੁੱਦੇ ਹੱਲ ਕੀਤੇ ਜਾਣੇ ਜ਼ਰੂਰੀ ਹਨ।
ਤਿੰਨਾਂ ਮੁਲਕਾਂ ਵੱਲੋਂ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਇਸ ਗੱਲ ਉੱਤੇ ਵੀ ਸਹਿਮਤੀ ਨਹੀਂ ਬਣ ਸਕੀ ਕਿ ਇਸ ਪ੍ਰਕਿਰਿਆ ਨੂੰ ਆਧੁਨਿਕੀਕਰਣ ਦਾ ਨਾਂ ਦਿੱਤਾ ਜਾ ਸਕਦਾ ਹੈ। ਕੈਨੇਡਾ ਤੇ ਮੈਕਸਿਕੋ ਵਿੱਚ ਇਸ ਪ੍ਰਕਿਰਿਆ ਨੂੰ ਆਧੁਨਿਕੀਕਰਣ ਆਖਿਆ ਜਾਂਦਾ ਹੈ ਤੇ ਅਮਰੀਕਾ ਵਿੱਚ ਇਸ ਨੂੰ ਮੁੜ ਗੱਲਬਾਤ ਦਾ ਨਾਂ ਦਿੱਤਾ ਗਿਆ ਹੈ। ਬਿਆਨ ਵਿੱਚ ਦੋਵਾਂ ਟਰਮਜ਼ ਦੀ ਵਰਤੋਂ ਕੀਤੀ ਗਈ। ਐਤਵਾਰ ਦੁਪਹਿਰ ਨੂੰ ਕੈਨੇਡਾ ਤੇ ਮੈਕਸਿਕੋ ਦੇ ਵਾਰਤਾਕਾਰਾਂ ਨੇ ਵਾਸਿ਼ੰਗਟਨ ਨੂੰ ਅਲਵਿਦਾ ਆਖ ਦਿੱਤਾ ਤੇ ਇਸ ਤੋਂ ਪਹਿਲਾਂ ਜਾਰੀ ਕੀਤੇ ਐਲਾਨਨਾਮੇ ਵਿੱਚ ਅਮਰੀਕਾ ਨੇ ਆਖਿਆ ਕਿ ਅਸੀਂ ਮੁੜ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਤੇ ਆਧੁਨਿਕੀਕਰਣ ਦੀ ਪ੍ਰਕਿਰਿਆ ਲਾਂਚ ਕਰ ਦਿੱਤੀ ਹੈ।
ਗੱਲਬਾਤ ਦਾ ਅਗਲਾ ਗੇੜ ਪਹਿਲੀ ਤੋਂ 5 ਸਤੰਬਰ ਤੱਕ ਮੈਕਸਿਕੋ ਸਿਟੀ ਵਿੱਚ ਹੋਵੇਗਾ। ਇਸ ਦੌਰਾਨ ਤਿੰਨੇ ਦੇਸ਼ ਘਰੇਲੂ ਸਟੇਕਹੋਲਡਰਜ਼ ਨਾਲ ਸਲਾਹ ਮਸ਼ਵਰਾ ਕਰਕੇ ਆਪੋ ਆਪਣੇ ਪੱਖ ਨੂੰ ਹੋਰ ਸਪਸ਼ਟ ਕਰ ਲੈਣਗੇ ਤੇ ਇਹੋ ਸੱਭ ਨਵੇਂ ਕਰਾਰ ਦੀ ਰੀੜ੍ਹ ਦੀ ਹੱਡੀ ਬਣੇਗਾ। ਇਸ ਗੱਲਬਾਤ ਦਾ ਤੀਜਾ ਗੇੜ ਸਤੰਬਰ ਦੇ ਅੰਤ ਵਿੱਚ ਕੈਨੇਡਾ ਵਿੱਚ ਹੋਵੇਗਾ। ਤਿੰਨਾਂ ਦੇਸ਼ਾਂ ਨੇ ਜਾਰੀ ਕੀਤੇ ਬਿਆਨ ਵਿੱਚ ਇਹ ਸਵੀਕਾਰ ਕੀਤਾ ਕਿ ਅਜੇ ਇਸ ਪਾਸੇ ਕਾਫੀ ਕੰਮ ਕਰਨਾ ਬਾਕੀ ਹੈ। ਆਉਣ ਵਾਲੇ ਮਹੀਨਿਆਂ ਵਿੱਚ ਇਸ ਪਾਸੇ ਕਾਫੀ ਜੋ਼ਰ ਲਾਉਣਾ ਹੋਵੇਗਾ ਤੇ ਲਗਾਤਾਰ ਗੱਲਬਾਤ ਵੀ ਜਾਰੀ ਰਹੇਗੀ। ਕੈਨੇਡਾ, ਮੈਕਸਿਕੋ ਤੇ ਅਮਰੀਕਾ ਨੇ ਇਸ ਪਾਸੇ ਤੇਜ਼ੀ ਲਿਆਉਣ ਤੇ ਗੱਲਬਾਤ ਦੀ ਵਿਆਪਕ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਪੂਰਾ ਕਰਨ ਦਾ ਤਹੱਈਆ ਪ੍ਰਗਟਾਇਆ।
ਟਰੇਡ ਸਬੰਧੀ ਗੱਲਬਾਤ ਦੇ ਪੁਰਾਣੇ ਖਿਡਾਰੀਆਂ ਦਾ ਆਖਣਾ ਹੈ ਕਿ ਇਸ ਤਰ੍ਹਾਂ ਦੀ ਤਾਂਘ ਵਾਲਾ ਸ਼ਡਿਊਲ ਉਨ੍ਹਾਂ ਪਹਿਲੀ ਵਾਰੀ ਵੇਖਿਆ ਹੈ। ਤਿੰਨੇ ਦੇਸ਼ ਕੁੱਝ ਮਹੀਨਿਆਂ ਦੇ ਅੰਦਰ ਹੀ ਟਰੇਡ ਡੀਲ ਸਿਰੇ ਚੜ੍ਹਾਉਣੀ ਚਾਹੁੰਦੇ ਹਨ। ਤਿੰਨੇ ਧਿਰਾਂ ਇਹ ਵੀ ਮੰਨ ਕੇ ਚੱਲ ਰਹੀਆਂ ਹਨ ਕਿ ਅਗਲੇ ਸਾਲ ਬਹਾਰ ਵਿੱਚ ਮੈਕਸਿਕੋ ਵਿੱਚ ਚੋਣਾਂ ਦਾ ਪਿੜ ਭਖਣ ਤੋਂ ਪਹਿਲਾਂ ਇਹ ਡੀਲ ਸਿਰੇ ਚੜ੍ਹਾ ਲਈ ਜਾਵੇ। ਤਿੰਨਾਂ ਧਿਰਾਂ ਨੂੰ ਇਹ ਡਰ ਵੀ ਹੈ ਕਿ ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਹ ਗੱਲਬਾਤ ਅਮਰੀਕੀ ਕਾਂਗਰੈਸ਼ਨਲ ਚੋਣਾਂ ਕਾਰਨ ਇੱਕ ਸਾਲ ਲਈ ਹੋਰ ਖਿੱਚ ਜਾਵੇਗੀ।