ਨਾਫਟਾ ਸਬੰਧੀ ਤਿੰਨਾਂ ਮੁਲਕਾਂ ਵਿਚਲਾ ਤਣਾਅ ਹੋਣ ਲੱਗਿਆ ਜਨਤਕ


ਗੱਲਬਾਤ 2018 ਵਿੱਚ ਵੀ ਜਾਰੀ ਰਹਿਣ ਦੀ ਸੰਭਾਵਨਾ
ਵਾਸਿੰ਼ਗਟਨ, 17 ਅਕਤੂਬਰ (ਪੋਸਟ ਬਿਊਰੋ) : ਨਾਫਟਾ ਨਾਲ ਸਬੰਧਤ ਦੇਸ਼ਾਂ ਨੇ ਭਾਵੇਂ ਇਸ ਬਾਰੇ ਗੱਲਬਾਤ ਲਈ ਹਾਰ ਨਹੀਂ ਮੰਨੀ ਹੈ ਪਰ ਉਨ੍ਹਾਂ ਵਿਚਲੇ ਝਗੜੇ ਜਨਤਕ ਹੋਣੇ ਸ਼ੁਰੂ ਹੋ ਗਏ ਹਨ। ਹੁਣ ਤਿੰਨੇ ਦੇਸ਼ ਮੁਲਾਕਾਤ ਦੀ ਅਗਲੀ ਤਰੀਕ ਨੂੰ ਹੋਰ ਅੱਗੇ ਪਾਉਣ ਦੀ ਕੋਸਿ਼ਸ਼ ਕਰ ਰਹੇ ਹਨ। ਇੰਜ ਲੱਗ ਰਿਹਾ ਹੈ ਕਿ ਇਸ ਗੱਲ ਉੱਤੇ ਤਿੰਨਾਂ ਦੇਸ਼ਾਂ ਦੀ ਸਹਿਮਤੀ ਬਣ ਗਈ ਹੈ ਕਿ ਇਸ ਸਾਲ ਦੇ ਅੰਤ ਤੱਕ ਨਾਫਟਾ ਸਬੰਧੀ ਉਨ੍ਹਾਂ ਦੇ ਮਤਭੇਦ ਦੂਰ ਨਹੀਂ ਹੋ ਸਕਣਗੇ।
ਗੱਲਬਾਤ ਸਬੰਧੀ ਤਣਾਅ ਹੁਣ ਜਨਤਕ ਹੋਣ ਲੱਗਿਆ ਹੈ। ਨਾਫਟਾ ਸਬੰਧੀ ਗੱਲਬਾਤ 2018 ਵਿੱਚ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ। ਅਗਲੀ ਗੱਲਬਾਤ ਤਿੰਨ ਹਫਤੇ ਹੋਰ ਅੱਗੇ ਪਾ ਦਿੱਤੀ ਗਈ ਹੈ। ਗੱਲਬਾਤ ਦੇ ਤਾਜ਼ਾ ਗੇੜ ਦੌਰਾਨ ਡੇਅਰੀ, ਆਟੋਸ, ਬਾਇ ਅਮੈਰੀਕਨ ਨਿਯਮਾਂ ਆਦਿ ਸਮੇਤ ਕਈ ਮੁੱਦਿਆਂ ਉੱਤੇ ਤਿੰਨਾਂ ਧਿਰਾਂ ਵਿਚਲਾ ਪਾੜਾ ਸਾਫ ਨਜ਼ਰ ਆਇਆ। ਮੰਗਲਵਾਰ ਨੂੰ ਇਹ ਮਤਭੇਦ ਨਿਊਜ਼ ਕਾਨਫਰੰਸ ਦੌਰਾਨ ਜਨਤਕ ਵੀ ਹੋ ਗਏ।
ਅਮਰੀਕਾ ਦੇ ਟਰੇਡ ਨੁਮਾਇੰਦੇ ਰੌਬਰਟ ਲਾਈਥਜ਼ਰ ਨੇ ਆਖਿਆ ਕਿ ਹੋਰ ਮੁਲਕ ਇਹ ਪਚਾ ਪਾਉਣ ਲਈ ਸੰਘਰਸ਼ ਕਰ ਰਹੇ ਹਨ ਕਿ ਅਮਰੀਕਾ ਆਪਣੇ ਟਰੇਡ ਸਬੰਧੀ ਕਰਾਰਾਂ ਨੂੰ ਮੁੜ ਸੰਤੁਲਿਤ ਕਰਨਾ ਚਾਹੁੰਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਦੂਜੇ ਮੁਲਕਾਂ ਤੇ ਸਨਅਤਾਂ ਨੂੰ ਅਮਰੀਕੀ ਮੰਡੀਆਂ ਤੱਕ ਸੁਖਾਲੀ ਪਹੁੰਚ ਦੇ ਸੁਪਨੇ ਵੇਖਣੇ ਬੰਦ ਕਰਨੇ ਹੋਣਗੇ। ਆਪਣੇ ਆਲੇ ਦੁਆਲੇ ਕੈਨੇਡੀਅਨ ਤੇ ਮੈਕਸੀਕਨ ਕਲੀਗਜ਼ ਦੀ ਮੌਜੂਦਗੀ ਦੌਰਾਨ ਲਾਈਥਜ਼ਰ ਨੇ ਆਖਿਆ ਕਿ ਸਾਡੇ ਭਾਈਵਾਲ ਇਸ ਤਬਦੀਲੀ ਨੂੰ ਸਵੀਕਾਰ ਕਰਨ ਵਿੱਚ ਹਿਚਕਿਚਾ ਕਿਉਂ ਰਹੇ ਹਨ ਇਸ ਗੱਲ ਦੀ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ। ਉਨ੍ਹਾਂ ਇਹ ਵੀ ਆਖਿਆ ਕਿ ਆਪਣੇ ਭਾਈਵਾਲਾਂ ਦੇ ਇਸ ਵਤੀਰੇ ਤੋਂ ਉਹ ਹੈਰਾਨ ਤੇ ਨਿਰਾਸ਼ ਹੋਏ ਹਨ।
ਉਨ੍ਹਾਂ ਅੱਗੇ ਆਖਿਆ ਕਿ ਸਾਨੂੰ ਅਜਿਹੇ ਕੋਈ ਸੰਕੇਤ ਨਹੀਂ ਮਿਲੇ ਹਨ ਕਿ ਸਾਡੇ ਪਾਰਟਨਰਜ਼ ਇਨ੍ਹਾਂ ਤਬਦੀਲੀਆਂ ਲਈ ਤਿਆਰ ਹਨ। ਅਗਲੇ ਮਹੀਨੇ ਮੁੜ ਮੈਕਸਿਕੋ ਵਿੱਚ ਸੁ਼ਰੂ ਹੋਣ ਜਾ ਰਹੀ ਗੱਲਬਾਤ ਬਾਰੇ ਉਨ੍ਹਾਂ ਆਖਿਆ ਕਿ ਅਗਲੇ ਗੇੜ ਤੋਂ ਪਹਿਲਾਂ ਦੂਜੀਆਂ ਧਿਰਾਂ ਨੂੰ ਵਧੇਰੇ ਲਚਕੀਲੀ ਪਹੁੰਚ ਅਪਨਾਉਣੀ ਹੋਵੇਗੀ। ਗੱਲਬਾਤ ਦਾ ਅਗਲਾ ਗੇੜ 17 ਨਵੰਬਰ ਨੂੰ ਸ਼ੁਰੂ ਹੋਵੇਗਾ। ਪਹਿਲਾਂ ਇਸ ਲਈ 27 ਅਕਤੂਬਰ ਤਰੀਕ ਮਿਥੀ ਗਈ ਸੀ।
ਦੂਜੇ ਪਾਸੇ ਕੈਨੇਡੀਅਨ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਗੱਲਬਾਤ ਨੂੰ ਬੜੇ ਹੀ ਸਕਾਰਾਤਮਕ ਢੰਗ ਨਾਲ ਅੱਗੇ ਵੱਧਦਾ ਦਰਸਾਇਆ। ਉਨ੍ਹਾਂ ਕੂਟਨੀਤਕ ਢੰਗ ਨਾਲ ਆਪਣਾ ਪੱਖ ਰੱਖਿਆ। ਉਨ੍ਹਾਂ ਆਖਿਆ ਕਿ ਇਹ ਸਕਾਰਾਤਮਕ ਸੰਕੇਤ ਹੈ ਕਿ ਤਿੰਨੇ ਦੇਸ਼ 2018 ਦੀ ਪਹਿਲੀ ਤਿਮਾਹੀ ਤੱਕ ਗੱਲਬਾਤ ਨੂੰ ਲੈ ਕੇ ਜਾਣ ਲਈ ਰਾਜ਼ੀ ਹਨ। ਇਸ ਲਈ ਸਾਰੀਆਂ ਧਿਰਾਂ ਨੂੰ ਤਿਆਰੀ ਵਾਸਤੇ ਤੇ ਕਿਸੇ ਵੀ ਤਰ੍ਹਾਂ ਦੇ ਕਰਾਰ ਉੱਤੇ ਪਹੁੰਚਣ ਲਈ ਹੋਰ ਸਮਾਂ ਮਿਲ ਜਾਵੇਗਾ। ਪਰ ਆਨੀ ਬਹਾਨੀ ਫਰੀਲੈਂਡ ਨੇ ਗੱਲਬਾਤ ਸਮੇਂ ਸਿਰ ਸਿਰੇ ਨਾ ਚੜ੍ਹਨ ਲਈ ਅਮਰੀਕਾ ਸਿਰ ਦੋਸ਼ ਵੀ ਮੜ੍ਹ ਦਿੱਤਾ।