ਨਾਫਟਾ ਲਈ ਸਾਂਝਾ ਆਧਾਰ ਤਿਆਰ ਕਰਨ ਦਾ ਰਾਹ ਲੱਭ ਰਹੇ ਹਨ ਟਰੂਡੋ

Trudeau 11ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਮੁਲਾਕਾਤ ਕਰਨਗੇ ਤੇ ਨਾਫਟਾ ਦੇ ਭਵਿੱਖ ਸਬੰਧੀ ਜਿਹੜੀ ਅਨਿਸ਼ਚਿਤਤਾ ਫੈਲੀ ਹੋਈ ਹੈ ਉਸ ਨੂੰ ਖ਼ਤਮ ਕਰਨ ਲਈ ਉਪਰਾਲਾ ਕਰਨਗੇ। ਇਸ ਦੇ ਨਾਲ ਹੀ ਨਾਫਟਾ ਲਈ ਕੋਈ ਸਾਂਝਾ ਆਧਾਰ ਤਿਆਰ ਕਰਨ ਦਾ ਵੀ ਰਾਹ ਲੱਭਣ ਦੀ ਟਰੂਡੋ ਕੋਸਿ਼ਸ਼ ਕਰਨਗੇ।
ਟਰੂਡੋ ਤੇ ਟਰੰਪ ਵਾੲ੍ਹੀਟ ਹਾਊਸ ਵਿੱਚ ਮੁਲਾਕਾਤ ਕਰਨਗੇ ਜਦਕਿ ਇੱਥੋਂ ਕੁੱਝ ਕਿਲੋਮੀਟਰ ਦੀ ਦੂਰੀ ਉੱਤੇ ਆਰਲਿੰਗਟਨ ਵਿਖੇ ਨੌਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਦੇ ਚੌਥੇ ਗੇੜ ਦੀ ਗੱਲਬਾਤ ਹੋਵੇਗੀ। ਪਰ ਟਰੰਪ ਇਸ ਗੱਲਬਾਤ ਦੇ ਸ਼ੁਰੂ ਹੋਣ ਤੋਂ ਵੀ ਪਹਿਲਾਂ ਵਾਰੀ ਵਾਰੀ ਇਹ ਸੰਕੇਤ ਦਿੰਦੇ ਆ ਰਹੇ ਹਨ ਕਿ ਉਹ ਨਾਫਟਾ ਸਬੰਧੀ ਇਸ ਡੀਲ ਨੂੰ ਖਤਮ ਕਰਨਾ ਚਾਹੁੰਦੇ ਹਨ।
ਮੰਗਲਵਾਰ ਰਾਤ ਨੂੰ ਟਰੂਡੋ ਨੇ ਬਿਜ਼ਨਸਵੁਮਨ ਲਈ ਰੱਖੀ ਗਈ ਸਿਖਰ ਵਾਰਤਾ ਵਿੱਚ ਆਖਿਆ ਕਿ ਉਹ ਰਾਸ਼ਟਰਪਤੀ ਟਰੰਪ ਨਾਲ ਹੋਣ ਜਾ ਰਹੀ ਮੁਲਾਕਾਤ ਨੂੰ ਦੋਵਾਂ ਮੁਲਕਾਂ ਨੂੰ ਹੋਣ ਵਾਲੇ ਫਾਇਦੇ ਦੇ ਹਿਸਾਬ ਨਾਲ ਦੇਖ ਰਹੇ ਹਨ। ਉਨ੍ਹਾਂ ਆਖਿਆ ਕਿ ਟਰੰਪ ਵੀ ਉਨ੍ਹਾਂ ਟੀਚਿਆਂ ਕਾਰਨ ਹੀ ਚੁਣੇ ਗਏ ਜਿਨ੍ਹਾਂ ਕਾਰਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ। ਟਰੂਡੋ ਨੇ ਆਖਿਆ ਕਿ ਹਮੇਸਾਂ ਸਾਡੀਆਂ ਨੀਤੀਆਂ ਅਕਸਰ ਨਹੀਂ ਮਿਲਦੀਆਂ ਪਰ ਮੱਧਵਰਗ ਦੀ ਮਦਦ ਕਰਨ ਦੇ ਸਾਡੇ ਵਿਚਾਰ ਕਾਫੀ ਮਿਲਦੇ ਹਨ। ਫਿਰ ਜਦੋਂ ਵਿਚਾਰ ਮਿਲਦੇ ਹੋਣ ਤਾਂ ਕੋਈ ਨਾ ਕੋਈ ਰਾਹ ਨਿਕਲ ਹੀ ਆਉਂਦਾ ਹੈ।
ਟਰੂਡੋ ਨੇ ਆਖਿਆ ਕਿ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਇਸ ਡੀਲ ਦੇ ਆਧੁਨੀਕੀਕਰਨ ਦੀ ਗੁੰਜਾਇਸ਼ ਤਾਂ ਹੈ ਪਰ ਇਸ ਨੂੰ ਉਸਾਰੂ ਵੀ ਬਣਾਇਆ ਜਾ ਸਕਦਾ ਹੈ। ਇਸ ਸਮੇਂ ਟਰੂਡੋ ਡੀਸੀ ਵਿੱਚ ਹਨ ਤੇ ਇਤਫਾਕਨ ਨਾਫਟਾ ਸਬੰਧੀ ਗੱਲਬਾਤ ਵੀ ਇਸੇ ਅਰਸੇ ਦੌਰਾਨ ਹੋਣ ਜਾ ਰਹੀ ਹੈ। ਇਹ ਦੌਰਾ ਅਸਲ ਵਿੱਚ ਮੰਗਲਵਾਰ ਨੂੰ ਸਿਖਰ ਵਾਰਤਾ ਲਈ ਆਯੋਜਿਤ ਕੀਤਾ ਗਿਆ ਸੀ।