ਨਾਫਟਾ ਲਈ ਅਮਰੀਕਾ ਦੇ ਆਟੋ ਪ੍ਰਸਤਾਵਾਂ ਉੱਤੇ ਫਰੀਲੈਂਡ ਨੇ ਕੈਨੇਡੀਅਨ ਕੰਪਨੀਆਂ ਵੱਲੋਂ ਪ੍ਰਗਟਾਈ ਚਿੰਤਾ

ਵਾਸਿੰ਼ਗਟਨ, 9 ਮਈ (ਪੋਸਟ ਬਿਊਰੋ) : ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਆਪਣੇ ਹਮਰੁਤਬਾ ਅਮਰੀਕੀ ਅਧਿਕਾਰੀ ਨਾਲ ਬੁੱਧਵਾਰ ਨੂੰ ਨੌਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਸਬੰਧੀ ਮੀਟਿੰਗ ਅਸਲ ਵਿੱਚ ਅਮਰੀਕਾ ਦੇ ਆਟੋਮੋਟਿਵ ਪ੍ਰਸਤਾਵਾਂ ਬਾਰੇ ਕੈਨੇਡੀਅਨ ਕੰਪਨੀਆਂ ਵੱਲੋਂ ਪ੍ਰਗਟਾਏ ਤੌਖਲੇ ਨੂੰ ਸਾਂਝਾ ਕਰਨ ਲਈ ਕੀਤੀ ਗਈ ਸੀ।
ਫਰੀਲੈਂਡ ਨੇ ਇਨ੍ਹਾਂ ਚਿੰਤਾਵਾਂ ਬਾਰੇ ਤਫਸੀਲ ਵਿੱਚ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਪਰ ਉਨ੍ਹਾਂ ਆਖਿਆ ਕਿ ਉਹ ਇਸ ਤਰ੍ਹਾਂ ਦੇ ਨਵੇਂ ਸਮਝੌਤੇ ਤੋਂ ਬਚਣਾ ਚਾਹੁੰਦੀ ਹੈ ਜਿਸ ਨਾਲ ਕੈਨੇਡੀਅਨ ਕੰਪਨੀਆਂ ਉੱਤੇ ਭਾਰ ਪਵੇ। ਜਿਸ ਨਾਲ ਉਹ ਆਪਣੇ ਕੌਮਾਂਤਰੀ ਵਿਰੋਧੀਆਂ ਤੋਂ ਮੁਕਾਬਲੇਬਾਜ਼ੀ ਵਿੱਚ ਊਣੀਆਂ ਪੈ ਜਾਣ। ਅਮਰੀਕਾ ਦੇ ਟਰੇਡ ਨੁਮਾਇੰਦੇ ਰੌਬਰਟ ਲਾਈਥਜ਼ਰ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰੀਲੈਂਡ ਨੇ ਆਖਿਆ ਕਿ ਉਹ ਚਾਹੁੰਦੀ ਹੈ ਕਿ ਸਮਝੌਤੇ ਤੋਂ ਬਾਅਦ ਅਜਿਹੇ ਨਿਯਮਾਂ ਨਾਲ ਅਸੀਂ ਸਾਰਿਆਂ ਸਾਹਮਣੇ ਆਈਏ ਜਿਹੜੇ ਸਾਡੀਆਂ ਕਾਰ ਕੰਪਨੀਆਂ, ਸਾਡੀਆਂ ਕਾਰਾਂ ਦੇ ਪਾਰਟਸ ਬਣਾਉਣ ਵਾਲੀਆਂ ਕੰਪਨੀਆਂ ਉੱਤੇ ਇਸ ਲਈ ਨਾ ਮੜ੍ਹੇ ਜਾਣ ਕਿ ਉਹ ਵਧੀਆ ਟਰੱਕ ਤੇ ਕਾਰਾਂ ਬਣਾਉਣੀਆਂ ਛੱਡ ਕੇ ਉਨ੍ਹਾਂ ਦੇ ਬੌਕਸ ਦੀ ਚੈਕਿੰਗ ਕਰਦੀਆਂ ਹੀ ਰਹਿ ਜਾਣ।
ਅਗਲੇ ਹਫਤੇ ਦੇ ਅੰਤ ਤੱਕ ਡੀਲ ਫਾਈਨਲ ਕਰਨ ਲਈ ਜੂਝ ਰਹੀ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਟੀਮ ਨੂੰ ਦਰਪੇਸ਼ ਚੁਣੌਤੀ ਨੂੰ ਫਰੀਲੈਂਡ ਦੀਆਂ ਟਿੱਪਣੀਆਂ ਨੇ ਹੋਰ ਬਲ ਦਿੱਤਾ ਹੈ। ਫਰੀਲੈਂਡ, ਲਾਈਥਜ਼ਰ ਤੇ ਮੈਕਸਿਕੋ ਦੇ ਇਕੌਨਮੀ ਸੈਕਰੇਟਰੀ ਇਲਡੇਫੌਂਸੋ ਗੁਜ਼ਾਰਡੋ ਦਰਮਿਆਨ ਹੋਈਆਂ ਤਾਜ਼ਾ ਮੀਟਿੰਗਾਂ ਵਿੱਚ ਆਟੋਮੋਟਿਵ ਵਾਲਾ ਮੁੱਦਾ ਹੀ ਛਾਇਆ ਹੋਇਆ ਹੈ। ਕਿਸੇ ਡੀਲ ਉੱਤੇ ਪਹੁੰਚਣ ਲਈ ਉਨ੍ਹਾਂ ਨੂੰ ਇਹ ਮਸਲਾ ਹੱਲ ਕਰਨਾ ਜ਼ਰੂਰੀ ਹੋਵੇਗਾ ਤੇ ਫਿਰ ਉਨ੍ਹਾਂ ਨੂੰ ਤੇਜ਼ੀ ਨਾਲ ਕਈ ਹੋਰ ਨਾਜ਼ੁਕ ਮਸਲੇ ਵੀ ਹੱਲ ਕਰਨੇ ਹੋਣਗੇ।