ਨਾਫਟਾ ਬਾਰੇ ਮੁੜ ਗੱਲਬਾਤ ਲਈ ਕੈਨੇਡਾ ਤਿਆਰ : ਫਰੀਲੈਂਡ

freeland 19ਓਟਵਾ, 19 ਮਈ (ਪੋਸਟ ਬਿਊਰੋ) : ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਕੈਨੇਡਾ ਨਾਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਦੇ ਆਧੁਨਿਕੀਕਰਨ ਲਈ ਤਿਆਰ ਹੈ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਪ੍ਰਸ਼ਾਸਨ ਵੱਲੋਂ 23 ਸਾਲ ਪੁਰਾਣੇ ਇਸ ਵਪਾਰਕ ਸਮਝੌਤੇ ਸਬੰਧੀ ਮੁੜ ਗੱਲਬਾਤ ਦਾ ਇਰਾਦਾ ਪ੍ਰਗਟਾਏ ਜਾਣ ਤੋਂ ਬਾਅਦ ਫਰੀਲੈਂਡ ਵੱਲੋਂ ਇਹ ਬਿਆਨ ਦਿੱਤਾ ਗਿਆ।
ਵੀਰਵਾਰ ਨੂੰ ਰਿਪਬਲਿਕਨ ਤੇ ਡੈਮੋਕ੍ਰੈਟ ਕਾਂਗਰਸ ਤੇ ਸੈਨੇਟ ਆਗੂਆਂ ਨੂੰ ਭੇਜੀ ਚਿੱਠੀ ਵਿੱਚ ਅਮਰੀਕਾ ਦੇ ਵਪਾਰਕ ਨੁਮਾਇੰਦੇ ਰੌਬਰਟ ਲਾਇਥੀਜ਼ਰ ਨੇ ਆਖਿਆ ਕਿ ਰਾਸ਼ਟਰਪਤੀ ਕੈਨੇਡਾ ਤੇ ਮੈਕਸਿਕੋ ਨਾਲ ਨਾਫਟਾ ਦੇ ਆਧੁਨਿਕੀਕਰਨ ਦੇ ਸਬੰਧ ਵਿੱਚ ਗੱਲਬਾਤ ਕਰਨੀ ਚਾਹੁੰਦੇ ਹਨ। ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇਹ ਚਿੱਠੀ ਕੈਨੇਡਾ ਤੇ ਮੈਕਸਿਕੋ ਨੂੰ 90 ਦਿਨ ਦਾ ਨੋਟਿਸ ਹੀ ਮੰਨਿਆ ਜਾ ਸਕਦਾ ਹੈ।
ਫਰੀਲੈਂਡ ਨੇ ਵੀਰਵਾਰ ਨੂੰ ਆਖਿਆ ਕਿ ਓਟਵਾ ਨੂੰ ਲੰਮੇ ਸਮੇਂ ਤੋਂ ਅਜਿਹਾ ਨੋਟਿਸ ਮਿਲਣ ਦਾ ਖਦਸ਼ਾ ਸੀ ਤੇ ਇਸ ਲਈ ਅਸੀਂ ਨਾਫਟਾ ਸਬੰਧੀ ਗੱਲਬਾਤ ਲਈ ਤਿਆਰ ਹਾਂ। ਪਿਛਲੇ ਮਹੀਨੇ ਟਰੰਪ ਨੇ ਆਖਿਆ ਸੀ ਕਿ ਉਨ੍ਹਾਂ ਨੇ ਤਾਂ ਨਾਫਟਾ ਤੋਂ ਪਾਸੇ ਹੋਣ ਦਾ ਫੈਸਲਾ ਕਰ ਹੀ ਲਿਆ ਸੀ ਤੇ ਇਸ ਬਾਰੇ ਗੱਲਬਾਤ ਕਰਨ ਦਾ ਉਨ੍ਹਾਂ ਦਾ ਕੋਈ ਮਨ ਨਹੀਂ ਸੀ। ਪਰ ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਮੈਕਸਿਕੋ ਦੇ ਰਾਸ਼ਟਰਪਤੀ ਪੇਨਾ ਨੀਟੋ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਦਾ ਮਨ ਬਦਲ ਗਿਆ।
ਜਿ਼ਕਰਯੋਗ ਹੈ ਕਿ ਟਰੰਪ ਬਹੁਤ ਵਾਰੀ ਨਾਫਟਾ ਨੂੰ ਅਮਰੀਕਾ ਲਈ ਅਢੁਕਵਾਂ ਤੇ ਘਾਟੇ ਦਾ ਸੌਦਾ ਦੱਸ ਚੁੱਕੇ ਹਨ। ਲਾਇਥੀਜ਼ਰ ਨੇ ਆਪਣੀ ਚਿੱਠੀ ਵਿੱਚ ਲਿਖਿਆ ਵਾੲ੍ਹੀਟ ਹਾਊਸ ਨਾਫਟਾ ਤਹਿਤ ਅਮਰੀਕਾ ਦੇ ਮੌਕਿਆਂ ਵਿੱਚ ਹੋਰ ਸੁਧਾਰ ਕਰਨਾ ਚਾਹੁੰਦਾ ਹੈ। ਉਨ੍ਹਾਂ ਇਹ ਵੀ ਲਿਖਿਆ ਕਿ ਨਾਫਟਾ ਦੇ ਕਈ ਅਧਿਆਏ ਸਮਾਂ ਵਿਹਾਅ ਚੁੱਕੇ ਹਨ ਤੇ ਇਹ ਆਧੁਨਿਕ ਮਾਪਦੰਡਾਂ ਉੱਤੇ ਖਰੇ ਨਹੀਂ ਉਤਰਦੇ। ਫਰੀਲੈਂਡ ਦਾ ਕਹਿਣਾ ਹੈ ਕਿ ਕੌਮਾਂਤਰੀ ਟਰੇਡ ਸਮਝੌਤਿਆਂ ਦਾ ਆਧੁਨਿਕੀਕਰਨ ਇੱਕ ਚੰਗਾ ਰੁਝਾਨ ਹੈ ਤੇ ਨਾਫਟਾ ਗੱਲਬਾਤ ਵਿੱਚ ਕੈਨੇਡਾ ਬੜੀ ਰਣਨੀਤਕ ਪਹੁੰਚ ਅਪਣਾਵੇਗਾ। ਕੈਨੇਡਾ ਵਿੱਚ ਅਸੀਂ ਚੰਗੀ ਡੀਲ ਕਰਨਾ ਚਾਹੁੰਦੇ ਹਾਂ। ਜਿ਼ਕਰਯੋਗ ਹੈ ਕਿ ਫਰੀਲੈਂਡ ਅਗਲੇ ਮੰਗਲਵਾਰ ਮੈਕਸੀਕੋ ਦੇ ਅਧਿਕਾਰੀਆਂ ਨਾਲ ਟਰੇਡ ਸਮਝੌਤੇ ਬਾਰੇ ਗੱਲਬਾਤ ਕਰਨ ਲਈ ਮੈਕਸਿਕੋ ਜਾ ਰਹੀ ਹੈ।
ਲਾਇਥੀਜ਼ਰ ਦਾ ਕਹਿਣਾ ਹੈ ਕਿ ਇਸ ਬਾਰੇ ਸਾਲ ਦੇ ਅੰਤ ਵਿੱਚ ਗੱਲਬਾਤ ਹੋ ਸਕਦੀ ਹੈ। ਦੂਜੇ ਪਾਸੇ ਮੈਕਸਿਕੋ ਦੇ ਅਧਿਕਾਰੀਆਂ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਹੈ।