ਨਾਫਟਾ ਬਾਰੇ ਅਮਰੀਕੀ ਅਧਿਕਾਰੀਆਂ ਦੀ ਰਲਵੀਂ ਮਿਲਵੀਂ ਰਾਇ ਜਾਨਣ ਤੋਂ ਬਾਅਦ ਟਰੂਡੋ ਮੈਕਸਿਕੋ ਰਵਾਨਾ

Trudeau 12ਵਾਸਿ਼ੰਗਟਨ, 12 ਅਕਤੂਬਰ (ਪੋਸਟ ਬਿਊਰੋ) : ਨਾਫਟਾ ਬਾਰੇ ਅਮਰੀਕੀ ਅਧਿਕਾਰੀਆਂ ਦੀ ਰਲਵੀਂ ਮਿਲਵੀਂ ਰਾਇ ਜਾਨਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਣ ਮੈਕਸਿਕੋ ਜਾ ਰਹੇ ਹਨ ਜਿੱਥੋਂ ਦੇ ਅਧਿਕਾਰੀ ਇਸ ਟਰੇਡ ਡੀਲ ਦੀ ਹੋਣੀ ਨੂੰ ਲੈ ਕੇ ਅਸਹਿਜ ਹੋਏ ਪਏ ਹਨ।
ਵਾਸਿ਼ੰਗਟਨ, ਡੀਸੀ ਵਿੱਚ ਮੀਟਿੰਗਾਂ ਵਿੱਚ ਹਿੱਸਾ ਲੈਣ ਤੋਂ ਬਾਅਦ ਅੱਜ ਟਰੂਡੋ ਮੈਕਸਿਕੋ ਜਾਣਗੇ ਜਿੱਥੇ ਉਹ ਇਸ ਤੀਹਰੇ ਟਰੇਡ ਸਮਝੌਤੇ ਨੂੰ ਬਚਾਉਣ ਲਈ ਧਿਆਨ ਕੇਂਦਰਿਤ ਕਰਨਗੇ। ਟਰੂਡੋ ਨਾਲ ਮੁਲਾਕਾਤ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਖਿਆ ਸੀ ਕਿ ਜੇ ਨੌਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਖਤਮ ਕਰ ਦਿੱਤਾ ਜਾਵੇ ਤਾਂ ਵੀ ਠੀਕ ਹੀ ਰਹੇਗਾ। ਹਾਲਾਂਕਿ ਕਾਂਗਰਸ ਮੈਂਬਰਜ਼ ਨੇ ਦਿਨ ਵਿੱਚ ਇਹ ਆਸ ਪ੍ਰਗਟਾਈ ਸੀ ਕਿ ਇਹ ਡੀਲ ਮੁੜ ਸਿਰੇ ਚੜ੍ਹੇਗੀ।
ਇਹੋ ਜਿਹੀ ਹੀ ਤਣਾਅਭਰਪੂਰ ਸਥਿਤੀ ਮੈਕਸਿਕੋ ਵਿੱਚ ਵੀ ਪੈਦਾ ਹੋਣ ਦੀ ਸੰਭਾਵਨਾ ਹੈ, ਜਿੱਥੇ ਰਾਸ਼ਟਰਪਤੀ ਐਨਰਿਕ ਪੇਨਾ ਨਿਏਟੋ ਨੇ ਵੀ ਇਸ ਡੀਲ ਨੂੰ ਬਚਾਉਣ ਦਾ ਤਹੱਈਆ ਪ੍ਰਗਟਾਇਆ ਹੋਇਆ ਹੈ। ਪਰ ਕੁੱਝ ਸੀਨੀਅਰ ਆਗੂ ਇਸ ਡੀਲ ਨੂੰ ਖਤਮ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ। ਦੇਸ਼ ਦੇ ਵਿਦੇਸ਼ ਮੰਤਰੀ ਨੇ ਇਸ ਹਫਤੇ ਆਖਿਆ ਕਿ ਮੈਕਸਿਕੋ ਲਈ ਇਹ ਕੋਈ ਵੱਡੀ ਗੱਲ ਨਹੀਂ ਹੋਵੇਗੀ ਕਿ ਉਹ ਗੱਲਬਾਤ ਤੋਂ ਪਾਸੇ ਹੋ ਜਾਵੇ ਤੇ ਮੈਕਸਿਕੋ ਸੀਮਤ, ਪ੍ਰਬੰਧਤ ਕਾਰੋਬਾਰ ਨਹੀਂ ਸਵੀਕਾਰੇਗਾ।
ਇਸੇ ਦੌਰਾਨ ਇੱਕ ਸੀਨੀਅਰ ਮੈਕਸੀਕਨ ਡਿਪਲੋਮੈਂਟ ਨੇ ਤੌਖਲਾ ਪ੍ਰਗਟਾਇਆ ਕਿ ਦੁਵੱਲੇ ਸਮਝੌਤਿਆਂ ਦੇ ਪੱਖ ਵਿੱਚ ਨਾਫਟਾ ਨੂੰ ਖਤਮ ਕੀਤਾ ਜਾ ਸਕਦਾ ਹੈ। ਇਹ ਮੁੱਦਾ ਟਰੰਪ ਵੱਲੋਂ ਵੀ ਉਠਾਇਆ ਗਿਆ ਸੀ। ਅਮਰੀਕਾ ਵਿੱਚ ਮੈਕਸਿਕੋ ਦੇ ਸਾਬਕਾ ਸਫੀਰ ਆਰਤੁਰੋ ਸਾਰੂਖਾਨ ਨੇ ਆਖਿਆ ਕਿ ਮੈਕਸਿਕੋ ਵਿੱਚ ਸਾਡੇ ਵਿੱਚੋਂ ਕੁੱਝ ਦਾ ਇਹ ਮੰਨਣਾ ਹੈ ਕਿ ਕਈ ਮਾਮਲਿਆਂ ਵਿੱਚ ਸਾਡੇ ਕੈਨੇਡੀਅਨ ਦੋਸਤ ਸਾਨੂੰ ਤੋੜ ਕੇ ਪਾਸੇ ਸੁੱਟਣ ਦਾ ਫੈਸਲਾ ਲੈ ਸਕਦੇ ਹਨ। ਪਰ ਇਹ ਤੌਖਲੇ ਬਾਅਦ ਵਿੱਚ ਖਤਮ ਹੋ ਗਏ।
ਮੈਕਸਿਕੋ ਦਾ ਦੌਰਾ ਕਰਨ ਦਾ ਟਰੂਡੋ ਦਾ ਇੱਕ ਮਕਸਦ ਇਹ ਵੀ ਹੈ ਕਿ ਉਹ ਪੇਨਾ ਨਿਏਟੋ ਦੇ ਜਾਨਸ਼ੀਨ ਨਾਲ ਵੀ ਆਪਣੇ ਸਬੰਧ ਹੁਣੇ ਤੋਂ ਚੰਗੇ ਬਣਾਉਣਾ ਚਾਹੁੰਦੇ ਹਨ। ਸ਼ੁੱਕਰਵਾਰ ਨੂੰ ਟਰੂਡੋ ਮੈਕਸਿਕੋ ਸੈਨੇਟ ਨੂੰ ਸੰਬੋਧਨ ਕਰਨਗੇ। ਟਰੂਡੋ ਇਹ ਸੰਕੇਤ ਵੀ ਦੇਣਾ ਚਾਹੁੰਦੇ ਹਨ ਕਿ ਕੈਨੇਡਾ, ਮੈਕਸਿਕੋ ਨੂੰ ਆਪਣੇ ਉੱਘੇ ਭਾਈਵਾਲਾਂ ਵਿੱਚੋਂ ਸਿਖਰ ਉੱਤੇ ਰੱਖਦਾ ਹੈ ਤੇ ਕਈ ਖੇਤਰਾਂ ਵਿੱਚ ਮੈਕਸਿਕੋ ਨਾਲ ਰਲ ਕੇ ਕੰਮ ਕਰਨਾ ਚਾਹੁੰਦਾ ਹੈ।