ਨਾਫਟਾ ਗੱਲਬਾਤ ਦੌਰਾਨ ਅਮਰੀਕਾ ਰੱਖ ਰਿਹਾ ਹੈ ਇੱਕ ਤੋਂ ਬਾਅਦ ਇੱਕ ਅਜੀਬ ਮੰਗਾਂ

2
ਪੈਂਟਾਗਨ, ਅਮਰੀਕਾ, 12 ਅਕਤੂਬਰ (ਪੋਸਟ ਬਿਊਰੋ) : ਅਮਰੀਕਾ ਨਾਲ ਨਾਫਟਾ ਸਬੰਧੀ ਚੱਲ ਰਹੀ ਗੱਲਬਾਤ ਆਪਣੇ ਸੱਭ ਤੋਂ ਮੁਸ਼ਕਲ ਦੌਰ ਵਿੱਚ ਪਹੁੰਚ ਗਈ ਹੈ। ਵਾਸਿੰ਼ਗਟਨ ਤੋਂ ਬਾਹਰਵਾਰ ਸ਼ੁਰੂ ਹੋਏ ਇਸ ਗੱਲਬਾਤ ਦੇ ਚੌਥੇ ਗੇੜ ਦੌਰਾਨ ਅਮਰੀਕਾ ਨੇ ਆਪਣੇ ਅਜੀਬ ਪ੍ਰਸਤਾਵ ਵਾਰਤਾਕਾਰਾਂ ਸਾਹਮਣੇ ਰੱਖੇ ਹਨ।
ਹਫਤਾਭਰ ਚੱਲਣ ਵਾਲੇ ਇਸ ਚੌਥੇ ਗੇੜ ਦੌਰਾਨ ਅਮਰੀਕਾ ਵੱਲੋਂ ਇੱਕ ਤੋਂ ਬਾਅਦ ਇੱਕ ਮੰਗਾਂ ਰੱਖੀਆਂ ਜਾ ਰਹੀਆਂ ਹਨ। ਹੁਣੇ ਜਿਹੇ ਰੱਖੀ ਗਈ ਨਵੀਂ ਮੰਗ ਤਥਾ ਕਥਿਤ ਟਰਮੀਨੇਸ਼ਨ ਕਲਾਜ਼ ਦੀ ਹੈ। ਇਸ ਵਿੱਚ ਆਖਿਆ ਗਿਆ ਹੈ ਕਿ ਨਾਫਟਾ ਸਬੰਧੀ ਕਰਾਰ ਆਪੇ ਆਪ ਪੰਜ ਸਾਲ ਬਾਅਦ ਮੁੱਕ ਜਾਵੇਗਾ ਜਦੋਂ ਤੱਕ ਕਿ ਇਸ ਦੇ ਮੈਂਬਰ ਮੁਲਕਾਂ ਵੱਲੋਂ ਇਸ ਨੂੰ ਮੁੜ ਨੰਵਿਆਉਣ ਦੀ ਇੱਛਾ ਨਹੀਂ ਪ੍ਰਗਟਾਈ ਜਾਂਦੀ। ਇਹ ਪ੍ਰਸਤਾਵ ਬੁੱਧਵਾਰ ਦੇਰ ਰਾਤ ਨੂੰ ਸਾਹਮਣੇ ਆਇਆ।
ਗੱਲਬਾਤ ਦੇ ਪਿਛਲੇ ਗੇੜ ਵਿੱਚ ਅਮਰੀਕਾ ਨੇ ਬਾਇ ਅਮੈਰੀਕਨ ਨਿਯਮਾਂ ਦਾ ਪ੍ਰਸਤਾਵ ਰੱਖਿਆ ਸੀ। ਇਸ ਤੋਂ ਬਾਅਦ ਹੁਣ ਸੁ਼ੱਕਰਵਾਰ ਨੂੰ ਆਟੋ ਪਾਰਟਸ ਲਈ ਨਵੇਂ ਨਿਯਮਾਂ ਦਾ ਪ੍ਰਸਤਾਵ ਰੱਖੇ ਜਾਣ ਦੀ ਉਮੀਦ ਹੈ। ਅਮਰੀਕਾ ਦੇ ਵਣਜ ਮੰਤਰੀ ਵਿਲਬਰ ਰੌਸ ਨੇ ਡੈਨਟਨਜ਼ ਲਾਅ ਫਰਮ ਵੱਲੋਂ ਇਸ ਹਫਤੇ ਕਰਵਾਈ ਗਈ ਪੈਨਲ ਗੱਲਬਾਤ ਦੌਰਾਨ ਆਖਿਆ ਕਿ ਜਲਦ ਹੀ ਇਸ ਤਰ੍ਹਾਂ ਦੇ ਹੋਰ ਮੁੱਦੇ ਸਾਹਮਣੇ ਆਉਣ ਵਾਲੇ ਹਨ। ਦੂਜੇ ਨਾਫਟਾ ਮੁਲਕਾਂ ਦਾ ਕਹਿਣਾ ਹੈ ਕਿ ਉਹ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹਨ ਕਿ ਅਮਰੀਕਾ ਕਿੱਧਰ ਜਾ ਰਿਹਾ ਹੈ।
ਰਾਸ਼ਟਰਪਤੀ ਡੌਨਲਡ ਟਰੰਪ ਦੇ ਕੁੱਝ ਭਾਈਵਾਲ ਇਸ ਡੀਲ ਨੂੰ ਲੈ ਕੇ ਅਜੇ ਵੀ ਸਕਾਰਾਤਮਕ ਰੁਖ ਰੱਖਦੇ ਹਨ। ਨਿਊਟ ਗਿੰਗ੍ਰਿਚ ਨੇ ਇਸ ਹਫਤੇ ਆਖਿਆ ਕਿ ਨਾਫਟਾ ਦੇ ਰੱਦ ਹੋਣ ਨਾਲ ਕਿਹੋ ਜਿਹੇ ਨੁਕਸਾਨ ਹੋ ਸਕਦੇ ਹਨ ਇਸ ਦਾ ਅੰਦਾਜ਼ਾ ਅਮਰੀਕੀ ਕੈਬਨਿਟ ਮੈਂਬਰਾਂ ਨੂੰ ਸ਼ਾਇਦ ਹੀ ਹੋਵੇ। ਉਨ੍ਹਾਂ ਆਖਿਆ ਕਿ ਟਰੰਪ ਦੀ ਟੀਮ ਅਮੀਰ ਕਾਰੋਬਾਰੀਆਂ ਨਾਲ ਭਰੀ ਪਈ ਹੈ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਅਮਰੀਕਾ ਨੂੰ ਹੋਰ ਸਖ਼ਤ ਕਰਾਰ ਕਰਨ ਦੀ ਲੋੜ ਹੈ। ਰੌਸ ਨੇ ਆਖਿਆ ਕਿ ਉਹ ਆਪ ਵੀ ਨਹੀਂ ਚਾਹੁੰਦੇ ਕਿ ਨਾਫਟਾ ਡੀਲ ਰੱਦ ਹੋਵੇ। ਕੈਨੇਡਾ ਤੇ ਮੈਕਸਿਕੋ ਵੀ ਪੰਜ ਸਾਲਾਂ ਬਾਅਦ ਇਸ ਡੀਲ ਦੇ ਖਤਮ ਹੋਣ ਵਾਲੇ ਵਿਚਾਰ ਨਾਲ ਸਹਿਮਤ ਨਹੀਂ ਹਨ।