ਨਾਫਟਾ ਉੱਤੇ ਹੁਣ ਮਿਲਣ ਲੱਗੀ ਹੈ ਸਫਲਤਾ : ਟਰੂਡੋ


ਓਟਵਾ, 5 ਅਪਰੈਲ (ਪੋਸਟ ਬਿਊਰੋ) : ਨਾਫਟਾ ਦੇ ਸਬੰਧ ਵਿੱਚ ਡੀਸੀ ਵਿੱਚ ਹੋਣ ਵਾਲੀ ਅੱਠਵੇਂ ਗੇੜ ਦੀ ਗੱਲਬਾਤ ਤਿੰਨ ਦੇਸ਼ਾਂ ਦੇ ਟਰੇਡ ਨੁਮਾਇੰਦਿਆਂ ਦੀਆਂ ਉੱਚ ਪੱਧਰੀਆਂ ਮੀਟਿੰਗਾਂ ਵਿੱਚ ਬਦਲ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਅਸਲ ਸਫਲਤਾ ਹੁਣ ਮਿਲਣ ਲੱਗੀ ਹੈ।
ਸੀਨੀਅਰ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਨੌਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਦੀ ਅੱਠਵੇਂ ਗੇੜ ਦੀ ਗੱਲਬਾਤ, ਜੋ ਕਿ ਵਾਸਿ਼ੰਗਟਨ ਡੀਸੀ ਵਿੱਚ ਹੋਣੀ ਤੈਅ ਸੀ, ਨੂੰ ਮੰਤਰੀ ਪੱਧਰ ਦੀ ਮੀਟਿੰਗ ਵਿੱਚ ਤਬਦੀਲ ਕਰ ਦਿੱਤਾ ਗਿਆ। ਲੰਮੇ ਚੌੜੇ ਗੱਲਬਾਤ ਸਬੰਧੀ ਗੇੜਾਂ ਦੀ ਥਾਂ ਉੱਤੇ ਅਮਰੀਕਾ ਦੇ ਟਰੇਡ ਨੁਮਾਇੰਦੇ ਰੌਬਰ ਲਾਇਥਜ਼ਰ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਤੇ ਮੈਕਸਿਕੋ ਦੇ ਅਰਥਚਾਰਾ ਮੰਤਰੀ ਡਿਫੈਂਸੋ ਗੁਜ਼ਾਰਡੋ ਵਿਲਾਰੀਅਲ ਤੇ ਉਨ੍ਹਾਂ ਦੇ ਉੱਘੇ ਵਾਰਤਾਕਾਰ ਨਾਲ ਗੱਲਬਾਤ ਕਰਨਗੇ।
ਟਰੂਡੋ ਨੇ ਵੀਰਵਾਰ ਨੂੰ ਕਿਊਬਿਕ ਸਿਟੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਸੀਂ ਇਸ ਵਾਰਤਾ ਵਿੱਚ ਜਿੰਨਾਂ ਉਹ ਚਾਹੁੰਦੇ ਹਨ ਓਨਾ ਡੂੰਘਾਈ ਤੱਕ ਸਾਮਲ ਹੋਣ ਲਈ ਤਿਆਰ ਹਾਂ। ਉਨ੍ਹਾਂ ਆਖਿਆ ਕਿ ਅਸੀਂ ਸਹੀ ਦਿਸਾ ਵੱਲ ਅੱਗੇ ਵੱਧ ਰਹੇ ਲੱਗਦੇ ਹਾਂ। ਉਨ੍ਹਾਂ ਆਖਿਆ ਕਿ ਜਲਦ ਹੀ ਸਾਨੂੰ ਕੋਈ ਚੰਗੀ ਖਬਰ ਸੁਣਨ ਨੂੰ ਮਿਲੇਗੀ। ਪਰ ਅਸੀਂ ਜਾਣਦੇ ਹਾਂ ਕਿ ਭਾਵੇਂ ਮੱਠੀ ਰਫਤਾਰ ਨਾਲ ਹੀ ਸਹੀ ਅਸੀਂ ਸਕਾਰਾਤਮਕ ਤੌਰ ਉੱਤੇ ਅੱਗੇ ਵੱਧ ਰਹੇ ਹਾਂ।
ਜਿਕਰਯੋਗ ਹੈ ਕਿ ਵੀਰਵਾਰ ਨੂੰ ਫਰੀਲੈਂਡ ਨੂੰ ਡੀਸੀ ਜਾ ਰਹੀ ਹੈ। ਉੱਥੇ ਉਹ ਸੁੱਕਰਵਾਰ ਨੂੰ ਅਮਰੀਕਾ ਵਿੱਚ ਆਪਣੇ ਹਮਰੁਤਬਾ ਅਧਿਕਾਰੀ ਨੂੰ ਮਿਲੇਗੀ।