ਨਾਨਕੇ ਜਾਣ ਦਾ ਚਾਅ

ਗੋਵਰਧਨ ਗੱਬੀ

-ਗੋਵਰਧਨ ਗੱਬੀ
ਕੁਝ ਦਿਨ ਪਹਿਲਾਂ ਮਨ੍ਹਾ ਕਰਨ ਦੇ ਬਾਵਜੂਦ ਮੇਰੀਆਂ ਭੈਣਾਂ ਤੇ ਮਾਂ ਦੇ ਮੋਹ ਭਰੇ ਦਬਾਅ ਕਾਰਨ ਸਾਡੇ ਵਿਆਹ ਦੀ ਸਿਲਵਰ ਜੁਬਲੀ, ਭਾਵ ਪੰਝੀਵੀਂ ਵਰ੍ਹੇਗੰਢ ਦੋਸਤਾਂ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਨਿੱਘੇ ਤਰੀਕੇ ਨਾਲ ਮਨਾਈ ਗਈ। ਭੈਣਾਂ, ਦੋਸਤਾਂ, ਭਰਾਵਾਂ ਤੇ ਬੱਚਿਆਂ ਨੇ ਖੂਬ ਰੰਗ ਬੰਨ੍ਹਿਆ। ਅਗਲੇ ਦਿਨ ਸਵੇਰੇ ਪਤਾ ਚੱਲਿਆ ਕਿ ਨੱਚਣ-ਟੱਪਣ ਕਾਰਨ ਸਰੀਰਕ ਪੱਖੋਂ ਕੁਝ ਅਮੀਰ ਭੈਣ ਦੀ ਗਰਦਨ ਨੂੰ ਵਲ਼ ਪੈ ਗਿਆ। ਘਰ ਦੇ ਹੋਰ ਜੀਆਂ ਵਿੱਚ ਬੈਠੀ ਭੈਣ ਦੁਖੀ ਸੀ। ਉਸ ਦੀ ਗਿਆਰਾਂ-ਬਾਰਾਂ ਸਾਲਾਂ ਦੀ ਧੀ ਵੀ ਨਾਲ ਰਜਾਈ ਵਿੱਚ ਸੁੱਤੀ ਹੋਈ ਸੀ। ਸੁੱਤੇ ਪਿਆਂ ਅਚਾਨਕ ਉਸ ਦੀ ਬਾਂਹ ਆਪਣੀ ਮਾਂ ਦੀ ਗਰਦਨ ਨਾਲ ਜਾ ਵੱਜੀ। ਭੈਣ ਦੀ ਚੀਕ ਨਿਕਲ ਗਈ। ਚੀਕ ਸੁਣ ਕੇ ਭਣੇਵੀਂ ਵੀ ਜਾਗ ਪਈ। ਜਿਵੇਂ ਪਤਾ ਲੱਗਾ ਕਿ ਉਸ ਦੀ ਮਾਂ ਦੀ ਗਰਦਨ ਆਕੜ ਗਈ ਹੈ, ਉਸ ਦੇ ਚਿਹਰੇ ‘ਤੇ ਖੁਸ਼ੀ ਦੀਆਂ ਲਹਿਰਾਂ ਦੌੜਨ ਲੱਗੀਆਂ।
‘ਤੇਰੀ ਮਾਂ ਦੁਖੀ ਹੈ ਤੇ ਤੂੰ ਖੁਸ਼ ਹੋ ਰਹੀ ਐਂ…।’ ਮੈਂ ਹੈਰਾਨ ਹੋ ਕੇ ਪੁੱਛਿਆ।
‘ਵੀਰ ਜੀ, ਤੁਹਾਨੂੰ ਨਹੀਂ ਪਤਾ ਕਿ ਇਹ ਖੁਸ਼ ਕਿਉਂ ਹੈ? ਅਸਲ ਵਿੱਚ ਇਹ ਕੱਲ੍ਹ ਦੀ ਦੁਖੀ ਸੀ ਕਿ ਅੱਜ ਅਸੀਂ ਵਾਪਸ ਆਪਣੇ ਘਰ ਚਲੇ ਜਾਣਾ ਹੈ, ਹੁਣ ਇਸ ਨੂੰ ਯਕੀਨ ਹੋ ਗਿਆ ਹੈ ਕਿ ਇਸ ਹਾਲਤ ਵਿੱਚ ਅੱਜ ਦਾ ਇੱਕ ਦਿਨ ਹੋਰ ਇਸ ਨੂੰ ਰਹਿਣ ਨੂੰ ਮਿਲ ਜਾਵੇਗਾ ਨਾਨਕਿਆਂ ਦੇ ਘਰ, ਨਾਨੀ ਤੇ ਮਾਮੇ-ਮਾਮੀਆਂ ਨਾਲ ਸਮਾਂ ਬਿਤਾਉਣ ਦਾ, ਟਿਊਸ਼ਨ, ਹੋਮ ਵਰਕ ਤੇ ਮੇਰੇ ਕੋਲੋਂ ਝਿੜਕਾਂ ਖਾਣ ਤੋਂ ਬਚਣ ਦਾ। ਵੀਰ ਜੀ ਤੁਹਾਨੂੰ ਨਹੀਂ ਪਤਾ ਜਦੋਂ ਕੱਲ੍ਹ ਪਾਰਟੀ ਚੱਲ ਰਹੀ ਸੀ ਤਾਂ ਇਸ ਨੇ ਮੇਰਾ ਜਿਊਣਾ ਮੁਹਾਲ ਕੀਤਾ ਹੋਇਆ ਸੀ ਕਿ ਮੰਮੀ ਕੱਲ੍ਹ ਘਰ ਨਹੀਂ ਜਾਣਾ, ਮੈਂ ਜਦੋਂ ਨਹਿਰੀਆਂ ਕੱਢੀਆਂ ਤਾਂ ਇਸ ਨੇ ਆਪਣੇ ਹਮ-ਉਮਰ ਭਰਾ ਕੋਲੋਂ ਇੱਕ ਦਿਨ ਹੋਰ ਰੁਕਣ ਦੀ ਸਿਫਾਰਸ਼ ਕਰਵਾਈ। ਵੀਰ ਜੀ, ਇਸ ਦੇ ਮਮੇਰੇ ਭਰਾ ਦੀ ਵੀ ਸੁਣ ਲਓ, ਪਰਸੋਂ ਜਦੋਂ ਅਸੀਂ ਅਜੇ ਘਰ ਪੈਰ ਹੀ ਪਾਇਆ ਸੀ ਤਾਂ ਪੁੱਛਣ ਲੱਗਾ ਕਿ ਭੂਆ ਜੀ ਤੁਸੀਂ ਵਾਪਸ ਕਦੋਂ ਜਾਣਾ ਹੈ, ਉਸ ਦੇ ਪੁੱਛਣ ਪਿੱਛੇ ਇਹ ਤੁਹਾਡੀ ਭਾਣਜੀ ਸੀ, ਪਰ ਉਨ੍ਹਾਂ ਦੀ ਆਪਣੀ ਇੱਕ ਨਿੱਜੀ ਲੋੜ ਸੀ। ਅਸਲ ਵਿੱਚ ਉਨ੍ਹਾਂ ਨੂੰ ਵੀ ਪਤਾ ਹੈ ਕਿ ਜਦੋਂ ਤੱਕ ਭੂਆ ਹੁਰੀਂ ਸਾਡੇ ਘਰ ਰਹਿਣਗੇ, ਤਦ ਤੱਕ ਉਹ ਵੀ ਆਪਣੀ ਮਾਂ ਦੀਆਂ ਨਹਿਰੀਆਂ, ਝਿੜਕਾਂ ਤੇ ਟਿਊਸ਼ਨ ਜਾਣ ਤੋਂ ਬਚੇ ਰਹਿਣਗੇ।’ ਭੈਣ ਦੀਆਂ ਗੱਲਾਂ ਸੁਣ ਕੇ ਮੈਨੂੰ ਆਪਣਾ ਬਚਪਨ ਯਾਦ ਆ ਗਿਆ।
ਸਾਡੇ ਨਾਨਕੇ, ਸਾਡੇ ਪਿੰਡ ਤੋਂ ਪੰਦਰਾਂ ਵੀਹ ਕਿਲੋਮੀਟਰ ਦੂਰ ਵਸਦੇ ਪਿੰਡ ਸਨ। ਮਹੀਨੇ ਦੋ ਮਹੀਨੇ ਸਾਨੂੰ ਆਪਣੇ ਨਾਨਕੇ ਜਾਣ ਦਾ ਮੌਕਾ ਮਿਲ ਜਾਂਦਾ ਸੀ। ਸ਼ਾਮੀਂ ਦੋ ਵਜੇ ਗੱਡੀ ਸਾਡੇ ਪਿੰਡ ਵਾਲੇ ਰੇਲਵੇ ਸਟੇਸ਼ਨ ਪਹੁੰਚਦੀ ਸੀ ਤੇ ਤਿੰਨ ਕੁ ਵਜੇ ਅਸੀਂ ਨਾਨਕੇ ਘਰ ਪਹੁੰਚ ਜਾਂਦੇ ਸਾਂ। ਉਹੀ ਗੱਡੀ ਅਗਲੇ ਦਿਨ ਵਾਪਸੀ ਵਾਸਤੇ ਗਿਆਰਾਂ ਕੁ ਵਜੇ ਆ ਧਮਕਦੀ ਸੀ। ਸਾਡੇ ਸਵਾਗਤ ਲਈ ਨਾਨੀ ਦੀਆਂ ਖੁੱਲ੍ਹੀਆਂ ਬਾਹਾਂ ਦੇਖ ਕੇ ਸਾਡੀਆਂ ਬਾਸ਼ਾਂ ਖਿੜ ਜਾਣੀਆਂ। ਨਾਨੇ ਨੇ ਆਪਣੀਆਂ ਵੱਡੀਆਂ-ਵੱਡੀਆਂ ਮੁੱਛਾਂ ਨੂੰ ਨਚਾ ਨਚਾ ਕੇ ਸਾਡੇ ਨਾਲ ਕਲੋਲ ਕਰਨੇ। ਮਾਮੇ ਨੇ ਉਸੇ ਵੇਲੇ ਪਤੰਗ ਤੇ ਡੋਰ ਲੈ ਕੇ ਆ ਜਾਣਾ। ਮਾਮੀ ਨੇ ਲਾਡ ਲਡਾਉਣੇ। ਨਾਨੀ ਨੇ ਮਲਾਈ ਵਾਲਾ ਦੁੱਧ ਪਿਆ-ਪਿਆ ਸਾਡੀ ਮੱਤ ਮਾਰ ਦੇਣੀ। ਮਾਮੀ ਨੇ ਦੇਸੀ ਘਿਓ ਵਿੱਚ ਬਣੀਆਂ ਮੂਲੀਆਂ ਤੇ ਗਾਜਰਾਂ ਵਾਲੀਆਂ ਪਰੌਂਠੀਆਂ, ਉਪਰ ਮੱਖਣ ਰੱਖ ਕੇ ਅਤੇ ਦਹੀਂ ਵਿੱਚ ਗੁੜ ਪਾ ਕੇ ਦੇਣੀਆਂ। ਕਈ ਵਾਰ ਨਾਨੀ ਨੇ ਹੋਰਾਂ ਤੋਂ ਚੋਰੀ ਚੁਆਨੀ ਅਠਿਆਨੀ ਵੀ ਦੇ ਦੇਣੀ। ਅਸੀਂ ਦੁਕਾਨ ‘ਤੇ ਜਾ ਕੇ ਭੂਕਣੇ, ਟਾਫੀਆਂ, ਮਖਾਣੇ ਤੇ ਬਾਲੂਸ਼ਾਹੀਆਂ ਖਾਣੀਆਂ। ਰੰਗ ਤੇ ਡੋਰ ਖਰੀਦ ਲੈਣੇ। ਮਾਮੇ ਨੇ ਝੱਟ ਸਾਨੂੰ ਨਾਲ ਲਿਜਾ ਕੇ ਗੁੱਡੀ ਚੜ੍ਹਾ ਦੇਣੀ। ਪੇਚੇ ਪਾਉਣੇ ਤੇ ਫਿਰ ਕਈ ਵਾਰ ਆਪਣੀ ਗੁੱਡੀ ਦੀ ਡੋਰ ਸਾਡੇ ਹੱਥ ਫੜਾ ਆਪ ਪਤੰਗ ਲੁੱਟਣ ਨੂੰ ਚਲੇ ਜਾਣਾ। ਇਸ ਤਰ੍ਹਾਂ ਅਸੀਂ ਕਈ ਵਾਰ ਉਸ ਦੀ ਚੜ੍ਹੀ ਗੁੱਡੀ ਵੀ ਕਟਾ ਦੇਣੀ। ਆਮ ਤੌਰ ‘ਤੇ ਅਸੀਂ ਦੋ ਰਾਤਾਂ ਲਈ ਨਾਨਕੇ ਜਾਂਦੇ ਸੀ। ਪਹਿਲੀ ਰਾਤ ਤਾਂ ਖੁਸ਼ੀ ਵਿੱਚ ਬਹੁਤ ਜਲਦੀ ਨੀਂਦ ਆ ਜਾਣੀ, ਕਿਉਂਕਿ ਪਤਾ ਹੁੰਦਾ ਸੀ ਕਿ ਕੱਲ੍ਹ ਦਾ ਦਿਨ ਖੁਸ਼ੀਆਂ ਵਾਲਾ ਹੋਣਾ ਹੈ। ਸਾਰਾ ਦਿਨ ਖੇਡਣਾ-ਮੱਲਣਾ ਤੇ ਖਾਣਾ-ਪੀਣਾ ਹੈ। ਮਾਪਿਆਂ ਦੀਆਂ ਨਹਿਰੀਆਂ ਤੇ ਝਿੜਕਾਂ ਤੋਂ ਰਾਹਤ ਮਿਲਣੀ ਹੈ, ਪਰ ਔਖਾ ਹੋ ਜਾਂਦਾ ਸੀ ਅਗਲੀ ਰਾਤ ਬਿਤਾਉਣਾ। ਸ਼ਾਮ ਹੁੰਦੇ ਹੀ ਕੱਲ੍ਹ ਸਵੇਰੇ ਗਿਆਰਾਂ ਵਜੇ ਪਿੰਡ ਨੂੰ ਲਿਜਾਣ ਵਾਲੀ ਰੇਲ ਗੱਡੀ ਦੀ ਦਹਿਸ਼ਤ ਨੇ ਸਾਨੂੰ ਬਹੁਤ ਤੰਗ ਕਰਨਾ। ਅਸੀਂ ਬਥੇਰੇ ਨਾਟਕ ਕਰਨੇ। ਨਾਨੀ ਕੋਲ ਸਿਫਾਰਸ਼ਾਂ ਕਰਨੀਆਂ ਕਿ ਕਿਸੇ ਤਰ੍ਹਾਂ ਉਹ ਆਪਣੀ ਧੀ ਨੂੰ ਕਹੇ ਕਿ ਇੱਕ ਰਾਤ ਠਹਿਰ ਜਾਵੇ। ਨਾਨੀ ਨੇ ਆਪਣਾ ਫਰਜ਼ੀ ਨਿਭਾ ਦੇਣਾ, ਪਰ ਸਾਡੀ ਮਾਂ ਉਪਰ ਉਸ ਦਾ ਕੋਈ ਅਸਰ ਨਾ ਹੋਣਾ।
ਸ਼ਾਮ ਰਾਤ ਵਿੱਚ ਬਦਲਣੀ। ਫਿਰ ਹੋਰ ਗੂੜ੍ਹੀ ਹੋਣੀ। ਰੇਲ ਗੱਡੀ ਦੀ ਦਹਿਸ਼ਤ ਫੈਲਦੀ ਜਾਣੀ। ਅਸੀਂ ਦੋਵਾਂ ਭਰਾਵਾਂ ਨੇ ਮੰਜੇ ਉਪਰ ਲੰਮੇ ਪਏ ਹੋਏ ਵੀ ਬਲੌਰ ਖੇਡੀ ਜਾਣੇ। ਕਈ ਵਾਰ ਸਾਡੇ ਰੌਲੇ-ਰੱਪੇ ਤੋਂ ਦੁਖੀ ਹੋ ਕੇ ਪਾਪਾ ਜੀ ਨੇ ਸਾਨੂੰ ਝਿੜਕ ਦੇਣਾ ਤੇ ਇਹ ਕਹਿ ਕੇ ਘੁਰਾਣੇ ਮਾਰਨੇ ਸ਼ੁਰੂ ਕਰ ਦੇਣੇ ਕਿ ‘ਸੌਂ ਜਾਓ ਹੁਣ, ਸਵੇਰੇ ਜਲਦੀ ਉਠਣਾ ਹੈ, ਗੱਡੀ ਕਈ ਵਾਰ ਦਸ ਪੰਦਰਾਂ ਮਿੰਟ ਪਹਿਲਾਂ ਵੀ ਆ ਜਾਂਦੀ ਹੈ।’ ਨਾਨੀ ਜਾਂ ਨਾਨੇ ਦੀ ਆਵਾਜ਼ ਆਉਣੀ ਕਿ ਦੇਰ ਹੋ ਗਈ ਹੈ ਬੱਤੀ ਬੁਝਾ ਦਿਓ। ਅਚਾਨਕ ਹਨੇਰਾ ਪਸਰ ਜਾਣਾ। ਹੌਲੀ ਹੌਲੀ ਬਹੁਤ ਸਾਰੇ ਭਿੰਨ-ਭਿੰਨ ਪ੍ਰਕਾਰ ਦੇ ਖਤਰਨਾਕ ਘੁਰਾੜਿਆਂ ਤੇ ਬਾਹਰੋਂ ਧਰੇਕ ਵਿੱਚ ਰਹਿੰਦੇ ਬੀਡਿਆਂ-ਟਿੱਡਿਆਂ ਦੀਆਂ ਤਿੱਖੀਆਂ ਆਵਾਜ਼ਾਂ ਨੇ ਸਾਨੂੰ ਬੁਰੀ ਤਰ੍ਹਾਂ ਡਰਾਉਣਾ। ਸਾਨੂੰ ਲੱਗਣਾ ਕਿ ਘਰ ਵਿੱਚ ਬਹੁਤ ਸਾਰੇ ਭੂਤ-ਪ੍ਰੇਤ ਤੇ ਛਲੇਡੇ ਆ ਵੜੇ ਹਨ। ਨੀਂਦ ਨੇ ਅੱਖਾਂ ਉਪਰ ਭਾਰੂ ਹੋ ਜਾਣਾ, ਪਰ ਸਾਡੀ ਕੋਸ਼ਿਸ਼ ਰਹਿਣੀ ਕਿ ਕਿਸੇ ਨਾ ਕਿਸੇ ਤਰ੍ਹਾਂ ਨੀਂਦ ਨੂੰ ਦੂਰ ਰੱਖਿਆ ਜਾਵੇ। ਸਾਨੂੰ ਲੱਗਦਾ ਸੀ ਕਿ ਜਿਹੜਾ ਸਮਾਂ ਜਾਗ ਕੇ ਗੁਜ਼ਾਰਿਆ ਜਾਵੇਗਾ, ਉਹੀ ਸਾਡਾ ਹੈ, ਕਿਉਂਕਿ ਸੌਂ ਗਏ ਤਾਂ ਸਵੇਰ ਹੋ ਜਾਣੀ ਹੈ। ਜੇ ਸਵੇਰ ਹੋ ਗਈ ਤਾਂ ਗਿਆਰਾਂ ਵੀ ਵੱਜਣੇ ਹਨ। ਜੇ ਗਿਆਰਾਂ ਵੱਜੇ ਤਾਂ ਰੇਲ ਗੱਡੀ ਨੇ ਆ ਜਾਣਾ ਹੈ। ਇਸ ਤਰ੍ਹਾਂ ਸਾਡੀ ਘਰ ਵਾਪਸੀ ਨੂੰ ਰੋਕਣਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੋ ਜਾਣਾ ਹੈ, ਪਰ ਨੀਂਦ ਸਾਡੇ ਬੱਚਿਆਂ ਦੇ ਮਨ ਦੀ ਆਵਾਜ਼ ਸੁਣਦੀ ਸੀ ਭਲਾ।