ਨਾਟੋ ਵਾਰਤਾ ਤੋਂ ਪਹਿਲਾਂ ਲੈਟਵੀਆ ਵਿੱਚ ਕੈਨੇਡੀਅਨ ਸੈਨਿਕਾਂ ਨਾਲ ਮੁਲਾਕਾਤ ਕਰਨਗੇ ਟਰੂਡੋ


ਓਟਵਾ, 3 ਜੁਲਾਈ (ਪੋਸਟ ਬਿਊਰੋ) : ਅਗਲੇ ਹਫਤੇ ਬਰੱਸਲਜ਼ ਵਿੱਚ ਹੋਣ ਜਾ ਰਹੀ ਨਾਟੋ ਸਿਖਰ ਵਾਰਤਾ ਵਿੱਚ ਬਹਿਸ ਦਾ ਮੁੱਖ ਮੁੱਦਾ ਡਿਫੈਂਸ ਉੱਤੇ ਕੀਤਾ ਜਾਣ ਵਾਲਾ ਖਰਚਾ ਹੋਵੇਗਾ। ਇਸ ਵਾਰਤਾ ਵਿੱਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਨਾਲ ਨਾਲ ਵਿਸ਼ਵ ਦੇ ਹੋਰ ਆਗੂ ਵੀ ਤਿਆਰੀ ਕਰ ਰਹੇ ਹਨ।
ਮੰਗਲਵਾਰ ਨੂੰ ਪ੍ਰਧਾਨ ਮੰਤਰੀ ਆਫਿਸ ਨੇ ਆਖਿਆ ਕਿ ਟਰੂਡੋ 28 ਹੋਰਨਾਂ ਨਾਟੋ ਆਗੂਆਂ ਨਾਲ ਮੁਲਾਕਾਤ ਕਰਨ ਲਈ ਤਿਆਰ ਹਨ ਤੇ ਉੱਥੇ ਉਹ ਹੋਰਨਾਂ ਦੇਸ਼ਾਂ ਵਿੱਚ ਸ਼ਾਂਤੀ ਤੇ ਸਕਿਊਰਿਟੀ ਦੇ ਮੁੱਦੇ ਵੀ ਵਿਚਾਰਨਗੇ। ਟਰੂਡੋ ਦੇ ਪ੍ਰੈੱਸ ਸਕੱਤਰ ਐਲੇਨੋਰ ਕੇਟਨਾਰੋ ਨੇ ਆਖਿਆ ਕਿ ਸਿਖਰ ਵਾਰਤਾ ਦੀ ਸਮੁੱਚੀ ਗੱਲਬਾਤ ਤੇ ਸਾਰੇ ਸੈਸ਼ਨਜ਼ ਦੌਰਾਨ ਟਰੂਡੋ ਇਸ ਗੱਠਜੋੜ ਵਿੱਚ ਤੇ ਵਿਸ਼ਵ ਵਿੱਚ ਕੈਨੇਡਾ ਵੱਲੋਂ ਸਰਗਰਮ ਤੇ ਉਸਾਰੂ ਭੂਮਿਕਾ ਨਿਭਾਉਣ ਉੱਤੇ ਜ਼ੋਰ ਦੇਣਗੇ।
ਪੀਐਮਓ ਵੱਲੋਂ ਇਹ ਵੀ ਆਖਿਆ ਗਿਆ ਕਿ ਸਿਖਰ ਵਾਰਤਾ ਤੋਂ ਠੀਕ ਪਹਿਲਾਂ ਟਰੂਡੋ ਲੈਟਵੀਆ ਵਿੱਚ ਕੈਨੇਡੀਅਨ ਸੈਨਾਵਾਂ ਨਾਲ ਵੀ ਮੁਲਾਕਾਤ ਕਰਨਗੇ। ਜਿ਼ਕਰਯੋਗ ਹੈ ਕਿ 2014 ਵਿੱਚ ਰੂਸ ਵੱਲੋਂ ਪੂਰਬੀ ਯੂਕਰੇਨ ਉੱਤੇ ਚੜ੍ਹਾਈ ਕਰਨ ਤੇ ਕ੍ਰਿਮੀਆ ਉੱਤੇ ਜਬਰੀ ਕਬਜ਼ਾ ਕਰਨ ਦੀ ਕੀਤੀ ਗਈ ਕਾਰਵਾਈ ਦੇ ਜਵਾਬ ਵਿੱਚ ਨਾਟੋ ਵੱਲੋਂ ਇੱਥੇ ਕਾਇਮ ਕੀਤੇ ਗਏ ਗਰੁੱਪ ਵਿੱਚ ਕੈਨੇਡਾ ਅਹਿਮ ਭੂਮਿਕਾ ਨਿਭਾਅ ਰਿਹਾ ਹੈ।
ਨਾਟੋ ਆਗੂਆਂ ਦਰਮਿਆਨ ਸੰਘਰਸ਼ ਦੀ ਸੰਭਾਵਨਾ ਇਸ ਵਾਰਤਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਤੋਂ ਹੀ ਪ੍ਰਗਟਾਈ ਜਾ ਰਹੀ ਹੈ। ਅਜਿਹਾ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੈਨੇਡਾ ਸਮੇਤ ਵੱਖ ਵੱਖ ਨਾਟੋ ਭਾਈਵਾਲਾਂ ਨੂੰ ਡਿਫੈਂਸ ਸਬੰਧੀ ਖਰਚੇ ਵਧਾਉਣ ਲਈ ਵਾਰੀ ਵਾਰੀ ਲਿਖੀਆਂ ਗਈਆਂ ਚਿੱਠੀਆਂ ਸਦਕਾ ਹੈ। ਟਰੂਡੋ ਨੂੰ ਲਿਖੀ ਇੱਕ ਚਿੱਠੀ ਵਿੱਚ ਟਰੰਪ ਨੇ ਆਖਿਆ ਕਿ ਵਾਅਦੇ ਅਨੁਸਾਰ ਡਿਫੈਂਸ ਦੇ ਖਰਚੇ ਵਿੱਚ ਵਾਧਾ ਨਾ ਕੀਤੇ ਜਾਣ ਕਾਰਨ ਨੌਰਥ ਐਟਲਾਂਟਿਕ ਟਰੀਟੀ ਆਰਗੇਨਾਈਜ਼ੇਸ਼ਨ ਦੇ ਕੈਨੇਡਾ ਵਰਗੇ ਭਾਈਵਾਲਾਂ ਨਾਲ ਵੀ ਤਣਾਅ ਵੱਧ ਰਿਹਾ ਹੈ। ਇਸ ਲਈ ਯੂਨਾਈਟਿਡ ਸਟੇਟਸ ਕਾਂਗਰਸ ਵੀ ਚਿੰਤਤ ਹੈ।
19 ਜੂਨ ਨੂੰ ਲਿਖੀ ਇਹ ਚਿੱਠੀ ਉਸ ਸਮੇਂ ਆਈ ਹੈ ਜਦੋਂ ਕੈਨੇਡਾ ਤੇ ਅਮਰੀਕਾ ਦਰਮਿਆਨ ਤਣਾਅ ਕਾਫੀ ਵਧਿਆ ਹੋਇਆ ਹੈ। ਇਹ ਤਣਾਅ ਅਮਰੀਕਾ ਵੱਲੋਂ ਸਟੀਲ ਤੇ ਐਲੂਮੀਨੀਅਮ ਉੱਤੇ ਲਾਏ ਟੈਰਿਫਜ਼ ਦੀ ਬਦੌਲਤ ਹੀ ਸ਼ੁਰੂ ਹੋਇਆ। ਜੂਨ ਵਿੱਚ ਅਮਰੀਕਾ ਨੇ ਯੂਰਪੀਅਨ ਦੇਸ਼ਾਂ ਦੇ ਨਾਲ ਨਾਲ ਕੈਨੇਡਾ ਉੱਤੇ ਵੀ ਇਹ ਟੈਰਿਫ ਲਾਏ ਤੇ ਬਦਲਾਲਊ ਕਾਰਵਾਈ ਤਹਿਤ ਕੈਨੇਡਾ ਨੇ ਵੀ ਪਹਿਲੀ ਜੁਲਾਈ ਤੋਂ ਅਮਰੀਕਾ ਦੀਆਂ ਕਈ ਵਸਤਾਂ ਉੱਤੇ ਟੈਰਿਫ ਲਾ ਦਿੱਤੇ ਹਨ। ਇੱਥੇ ਹੀ ਬੱਸ ਨਹੀਂ ਕਿਊਬਿਕ ਵਿੱਚ ਹੋਈ ਜੀ 7 ਮੁਲਕਾਂ ਦੀ ਮੀਟਿੰਗ ਮਗਰੋਂ ਟਰੰਪ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਬੇਈਮਾਨ ਤੇ ਕਮਜੋ਼ਰ ਦੱਸਿਆ ਤੇ ਜੀ 7 ਦੇ ਆਗੂਆਂ ਵੱਲੋਂ ਜਾਰੀ ਕੀਤੇ ਗਏ ਸਾਂਝੇ ਐਲਾਨਨਾਮੇ ਤੋਂ ਵੀ ਟਾਲਾ ਵੱਟੀ ਰੱਖਿਆ।
ਜਿ਼ਕਰਯੋਗ ਹੈ ਕਿ ਪਿਛਲੇ ਸਾਲ ਲਿਬਰਲਾਂ ਨੇ ਇਹ ਵਾਅਦਾ ਕੀਤਾ ਸੀ ਕਿ ਅਗਲੇ 10 ਸਾਲਾਂ ਵਿੱਚ ਉਹ ਫੌਜ ਉੱਤੇ ਹੋਣ ਵਾਲੇ ਖਰਚ ਵਿੱਚ 70 ਫੀ ਸਦੀ ਵਾਧਾ ਕਰਨਗੇ। ਪਰ ਕੁੱਲ ਘਰੇਲੂ ਉਤਪਾਦ (ਜੀਡੀਪੀ) ਦਾ ਦੋ ਫੀ ਸਦੀ ਖਰਚਾ ਡਿਫੈਂਸ ਉੱਤੇ ਕਰਨ ਦੇ ਨਾਟੋ ਦੇ ਟੀਚੇ ਨੂੰ ਕੈਨੇਡਾ ਪੂਰਾ ਹੀ ਨਹੀਂ ਕਰ ਪਾ ਰਿਹਾ। 2017 ਵਿੱਚ ਇਸ ਗੱਠਜੋੜ ਦੇ ਮੁੱਢਲੇ ਅੰਦਾਜ਼ੇ ਮੁਤਾਬਕ ਕੈਨੇਡਾ ਨੇ ਡਿਫੈਂਸ ਉੱਤੇ ਕੁੱਲ ਘਰੇਲੂ ਉਤਪਾਦ ਦਾ ਸਿਰਫ 1.29 ਫੀ ਸਦੀ ਖਰਚਾ ਹੀ ਕੀਤਾ, ਜੋ ਕਿ 2016 ਵਿੱਚ ਕੀਤੇ ਗਏ 1.16 ਫੀ ਸਦੀ ਨਾਲੋਂ ਮਾਮੂਲੀ ਜਿਹਾ ਵੱਧ ਸੀ।
ਦੂਜੇ ਪਾਸੇ ਅਮਰੀਕਾ ਵੱਲੋਂ ਪਿਛਲੇ ਸਾਲ ਆਪਣੀ ਜੀਡੀਪੀ ਦਾ 3.57 ਫੀ ਸਦੀ ਹਿੱਸਾ ਡਿਫੈਂਸ ਉੱਤੇ ਖਰਚ ਕੀਤਾ ਗਿਆ। ਮੌਜੂਦਾ ਹਾਲਾਤ ਇਹ ਹਨ ਕਿ ਨਾਟੋ ਨਾਲ ਜੁੜੇ ਸਿਰਫ ਚਾਰ ਮੁਲਕ ਹੀ ਇਸ ਸਮੇਂ ਆਪਣੀ ਜੀਡੀਪੀ ਦਾ ਦੋ ਫੀ ਸਦੀ ਖਰਚ ਡਿਫੈਂਸ ਉੱਤੇ ਕਰਨ ਦੀ ਸ਼ਰਤ ਪੂਰੀ ਕਰ ਰਹੇ ਹਨ। ਮੈਂਬਰ ਦੇਸ਼ਾਂ ਦੇ ਆਪਣੇ ਇਸ ਤਰ੍ਹਾਂ ਦੇ ਵਾਅਦੇ ਪੂਰੇ ਨਾ ਕਰਨ ਦੀ ਸੂਰਤ ਵਿੱਚ ਟਰੰਪ ਨੇ ਨਾਟੋ ਛੱਡਣ ਦੀ ਧਮਕੀ ਵੀ ਦਿੱਤੀ ਹੈ।