ਨਾਟੋ ਮੈਂਬਰਾਂ ਵੱਲੋਂ ਡਿਫੈਂਸ ਉੱਤੇ ਖਰਚੇ ਸਬੰਧੀ ਟਰੂਡੋ ਤੇ ਮਰਕਲ ਵਿਚਾਲੇ ਵਿਚਾਰਕ ਮਤਭੇਦ

trudeau and Merkelਬਰਲਿਨ, 17 ਫਰਵਰੀ (ਪੋਸਟ ਬਿਊਰੋ) : ਟਰੇਡ ਪੱਖੀ ਇੱਕਜੁੱਟਤਾ ਦਾ ਜਿਹੜਾ ਸੁਨੇਹਾ ਜਸਟਿਨ ਟਰੂਡੋ ਤੇ ਜਰਮਨੀ ਦੀ ਚਾਂਸਲਰ ਐਂਜੇਲਾ ਮਰਕਲ ਅੱਜ ਬਰਲਿਨ ਵਿੱਚ ਸਾਰਿਆਂ ਨੂੰ ਦੇਣਾ ਚਾਹੁੰਦੇ ਸਨ ਹੁਣ ਸ਼ਾਇਦ ਅਜਿਹਾ ਨਹੀਂ ਹੋ ਸਕੇਗਾ। ਅਜਿਹਾ ਇਸ ਲਈ ਕਿਉਂਕਿ ਡੌਨਲਡ ਟਰੰਪ ਵੱਲੋਂ ਨਾਟੋ ਮੈਂਬਰਾਂ ਨੂੰ ਮਿਲਟਰੀ ਉੱਤੇ ਜਿਹੜਾ ਖਰਚ ਵਧਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ ਉਸ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਮਤਭੇਦ ਹਨ।
ਚਾਂਸਲਰ ਦੇ ਸੱਦੇ ਉੱਤੇ ਵੀਰਵਾਰ ਰਾਤ ਨੂੰ ਡਿਨਰ ਤੋਂ ਬਾਅਦ ਦੋਵਾਂ ਆਗੂਆਂ ਵੱਲੋਂ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਜਾਵੇਗਾ। ਟਰੂਡੋ ਦੇ ਆਫਿਸ ਵੱਲੋਂ ਇਸ ਡਿਨਰ ਦੀ ਪੁਸ਼ਟੀ ਤਾਂ ਕੀਤੀ ਗਈ ਹੈ ਪਰ ਦੋਵਾਂ ਆਗੂਆਂ ਦੀ ਗੱਲਬਾਤ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਗਿਆ। ਪਰ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਦੋਵੇਂ ਆਗੂ ਨਾਟੋ ਸਮੇਤ ਕਈ ਮੁੱਦਿਆਂ ਉੱਤੇ ਗੱਲਬਾਤ ਕਰਨਗੇ।
ਜਿ਼ਕਰਯੋਗ ਹੈ ਕਿ ਟਰੰਪ ਨੇ 28 ਦੇਸ਼ਾਂ ਦੇ ਇਸ ਬਲਾਕ ਨੂੰ ਅਪ੍ਰਚਲਿਤ ਦੱਸਿਆ ਸੀ ਤੇ ਅਮਰੀਕਾ ਦੇ ਰੱਖਿਆ ਮੰਤਰੀ ਜੇਮਜ਼ ਮੈਟੀਜ਼ ਨੇ ਇਸ ਹਫਤੇ ਬਰੱਸਲਜ਼ ਵਿੱਚ ਆਪਣੇ ਹਮਰੁਤਬਾ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਭਾਵੇਂ ਨਾਟੋ ਨੂੰ ਅਮਰੀਕਾ ਅਜੇ ਵੀ ਸਨਮਾਨਜਨਕ ਨਜ਼ਰਾਂ ਨਾਲ ਵੇਖਦਾ ਹੈ ਪਰ ਉਸ ਨੂੰ ਆਸ ਹੈ ਕਿ ਉਨ੍ਹਾਂ ਦੇ ਭਾਈਵਾਲ ਡਿਫੈਂਸ ਉੱਤੇ ਵਧੇਰੇ ਖਰਚਾ ਕਰਨਾ ਸੁ਼ਰੂ ਕਰਨਗੇ। ਇਸ ਦੇ ਨਾਲ ਹੀ ਅਜਿਹਾ ਵੀ ਹੋ ਸਕਦਾ ਹੈ ਕਿ ਅਮਰੀਕਾ ਆਪਣੇ ਵਾਅਦੇ ਨੂੰ ਥੋੜ੍ਹਾ ਨਰਮ ਕਰ ਦੇਵੇਗਾ।
ਜਰਮਨੀ ਨੇ ਇਹ ਸੰਕੇਤ ਦਿੱਤਾ ਹੈ ਕਿ ਉਹ ਅਮਰੀਕਾ ਦੀਆਂ ਚੇਤਾਵਨੀਆਂ ਵੱਲ ਜ਼ਰੂਰ ਕੰਨ ਕਰੇਗਾ ਤੇ ਡਿਫੈਂਸ ਲਈ ਖਰਚਾ ਵਧਾਵੇਗਾ। ਪਰ ਓਟਵਾ ਵੱਲੋਂ ਇਹ ਸੰਕੇਤ ਦਿੱਤਾ ਜਾ ਰਿਹਾ ਹੈ ਕਿ ਨਾਟੋ ਨਾਲ ਸਬੰਧਤ ਡਿਫੈਂਸ ਖਰਚੇ ਵਿੱਚ ਕੋਈ ਖਾਸ ਵਾਧਾ ਨਹੀਂ ਕੀਤਾ ਜਾਵੇਗਾ। ਇਹ ਵੀ ਪਤਾ ਲੱਗਿਆ ਹੈ ਕਿ ਨਾਟੋ ਲਈ ਆਪਣੇ ਮੌਜੂਦਾ ਯੋਗਦਾਨ ਤੋਂ ਕੈਨੇਡਾ ਸੰਤੁਸ਼ਟ ਹੈ। ਮੌਜੂਦਾ ਸਮੇਂ ਵਿੱਚ ਕੈਨੇਡਾ ਆਪਣੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਦਾ 0.99 ਫੀ ਸਦੀ ਡਿਫੈਂਸ ਉੱਤੇ ਖਰਚ ਕਰਦਾ ਹੈ। ਇਹ ਕੁੱਲ ਘਰੇਲੂ ਉਤਪਾਦ ਦਾ ਦੋ ਫੀ ਸਦੀ ਖਰਚ ਕਰਨ ਦੇ ਨਾਟੋ ਦੇ ਟੀਚੇ ਤੋਂ ਘੱਟ ਹੈ ਪਰ ਕੁੱਝ ਕੁ ਮੁਲਕ ਹੀ ਇਸ ਸ਼ਰਤ ਨੂੰ ਪੂਰਾ ਕਰ ਰਹੇ ਹਨ। ਜਰਮਨੀ ਆਪਣੀ ਜੀਡੀਪੀ ਦਾ 1.2 ਫੀ ਸਦੀ ਡਿਫੈਂਸ ਉੱਤੇ ਖਰਚ ਕਰਦੀ ਹੈ। ਪਰ ਮਰਕਲ ਸਰਕਾਰ ਨੇ ਇਸ ਖਰਚੇ ਵਿੱਚ ਵਾਧਾ ਕਰਨ ਦੇ ਸੰਕੇਤ ਦਿੱਤੇ ਹਨ।