ਨਾਗੌਰੀ ਦੇ ਸਮੇਤ ਸਿਮੀ ਦੇ 18 ਮੈਂਬਰਾਂ ਨੂੰ ਸੱਤ ਸਾਲ ਦੀ ਕੈਦ


ਕੋਚੀ, 16 ਮਈ (ਪੋਸਟ ਬਿਊਰੋ)- ਵਿਸ਼ੇਸ਼ ਐਨ ਆਈ ਏ ਅਦਾਲਤ ਨੇ ਪਾਬੰਦੀ ਸ਼ੁਦਾ ਸੰਗਠਨ ਸਿਮੀ ਦੇ 18 ਮੈਂਬਰਾਂ ਨੂੰ ਸੱਤ ਸਾਲ ਸਖਤ ਕੈਦ ਦੀ ਸਜ਼ਾ ਦਿੱਤੀ ਹੈ। ਇਸ ਵਿੱਚ ਸਿਮੀ ਦਾ ਨੇਤਾ ਸਫਦਰ ਨਾਗੌਰੀ (48) ਵੀ ਹੈ।
ਮਿਲੀ ਜਾਣਕਾਰੀ ਅਨੁਸਾਰ ਅਦਾਲਤ ਨੇ ਉਨ੍ਹਾਂ ਸਾਰਿਆਂ ਨੂੰ ਕੇਰਲ ਵਿੱਚ ਹਥਿਆਰ ਸਿਖਲਾਈ ਕੈਂਪ ਲਾਏ ਜਾਣ ਦਾ ਦੋਸ਼ੀ ਪਾਇਆ ਸੀ। ਅਦਾਲਤ ਨੇ ਕੱਲ੍ਹ 17 ਹੋਰਨਾਂ ਨੂੰ ਇਸ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਸੀ। ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਨੂੰ ਅਲੱਗ-ਅਲੱਗ ਕਾਨੂੰਨਾਂ ਹੇਠ ਅਲੱਗ-ਅਲੱਗ ਸਜ਼ਾ ਸੁਣਾਈ ਹੈ। ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਦੀ ਧਾਰਾ 10 ਹੇਠ ਇੱਕ ਸਾਲ ਸਖਤ ਕੈਦ ਅਤੇ ਧਾਰਾ 38 ਹੇਠ ਪੰਜ ਸਾਲ ਸਖਤ ਕੈਦ ਦੀ ਸਜ਼ਾ ਸੁਣਾਈ ਹੈ। ਧਮਾਕਾਖੇਜ ਸਮੱਗਰੀ ਐਕਟ ਦੀ ਧਾਰਾ ਚਾਰ ਅਤੇ ਭਾਰਤੀ ਦੰਡਾਵਲੀ ਦੀ ਧਾਰਾ 120 (ਬੀ) ਦੇ ਤਹਿਤ ਉਨ੍ਹਾਂ ਨੂੰ ਸੱਤ-ਸੱਤ ਸਾਲ ਸਖਤ ਕੈਦ ਦੀ ਸਜ਼ਾ ਸੁਣਾਈ ਗਈ ਹੈ। 13 ਦੋਸ਼ੀਆਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਦੀ ਧਾਰਾ 20 ਹੇਠ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਇੱਕ-ਇੱਕ ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਬਾਕੀ ਪੰਜਾਂ ‘ਤੇ 50-50 ਹਜ਼ਾਰ ਰੁਪਏ ਜੁਰਮਾਨਾ ਲਾਇਆ ਗਿਆ ਹੈ। ਬਚਾਅ ਪੱਖ ਦੇ ਵਕੀਲ ਨੇ ਦੱਸਿਆ ਕਿ 14 ਦੋਸ਼ੀ ਸੱਤ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਨਿਆਇਕ ਹਿਰਾਸਤ ਵਿੱਚ ਹਨ ਅਤੇ ਅਦਾਲਤ ਦੀ ਮਨਜ਼ੂਰੀ ਨਾਲ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਏਗਾ।