ਨਾਈਟ ਸ਼ਿਫਟ ਵਿੱਚ ਕੰਮ ਕਰਨ ਨਾਲ ਦਿਲ ਦੇ ਰੋਗ ਤੇ ਕੈਂਸਰ ਹੋਣ ਦਾ ਖਤਰਾ

ਵਾਸ਼ਿੰਗਟਨ, 11 ਜੁਲਾਈ (ਪੋਸਟ ਬਿਊਰੋ)- ਨਾਈਟ ਸ਼ਿਫਟ ਵਿੱਚ ਕੰਮ ਕਰਨ ਨਾਲ ਕੈਂਸਰ ਤੇ ਦਿਲ ਦੇ ਰੋਗ ਵਰਗੀਆਂ ਘਾਤਕ ਬਿਮਾਰੀਆਂ ਹੋਣ ਦਾ ਖਤਰਾ ਕੁਝ ਵਧੇਰੇ ਰਹਿੰਦਾ ਹੈ।
ਇਕ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨਾਈਟ ਸ਼ਿਫਟ ਵਿੱਚ ਕੰਮ ਕਰਨ ਵਾਲੇ ਲੋਕਾਂ ਦਾ ਮੋਟਾਪਾ ਤੇ ਡਾਇਬਿਟੀਜ਼ ਦਾ ਜ਼ੋਖਮ ਵਧ ਜਾਂਦਾ ਹੈ। ਇਸ ਨਾਲ ਅੱਗੇ ਚੱਲ ਕੇ ਦਿਲ ਦੇ ਰੋਗ, ਹਾਰਟ ਅਟੈਕ ਤੇ ਕੈਂਸਰ ਦਾ ਖਤਰਾ ਵੀ ਜ਼ਿਆਦਾ ਹੋ ਸਕਦਾ ਹੈ। ਵਾਸ਼ਿੰਗਟਨ ਸਟੇਟ ਯੂਨੀਵਰਸਿਟੀ (ਡਲਬਯੂ ਐਸ ਯੂ) ਦੇ ਵਿਗਿਆਨੀਆਂ ਵੱਲੋਂ ਕੀਤੀ ਇਸ ਖੋਜ ਵਿੱਚ ਭਾਰਤੀ ਮੂਲ ਦਾ ਇਕ ਵਿਗਿਆਨੀ ਵੀ ਸ਼ਾਮਲ ਹੈ। ਵਿਗਿਆਨੀਆਂ ਨੇ ਇਸ ਗੱਲ ਨੂੰ ਨਕਾਰ ਦਿੱਤਾ ਹੈ, ਜਿਸ ਦੇ ਮੁਤਾਬਕ ਸਰੀਰ ਦੇ ਦਿਨ ਤੇ ਰਾਤ ਦੇ ਚੱਕਰ ਨੂੰ ਦਿਮਾਗ ਦੀ ਮਾਸਟਰ ਕਲਾਕ ਕੰਟਰੋਲ ਕਰਦੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਲਿਵਰ, ਹਾਜ਼ਮੇ ਦੀ ਨਾਲੀ ਆਦਿ ਦੀਆਂ ਵੱਖ-ਵੱਖ ਬਾਇਓ ਘੜੀਆਂ ਹੁੰਦੀਆਂ ਹਨ। ਯੂਨੀਵਰਸਿਟੀ ਦੇ ਖੋਜ ਕਰਤਾ ਹਾਂਸ ਵਾਨ ਡੋਨਜੇਨ ਨੇ ਦੱਸਿਆ, ‘ਇਹ ਕਿਸੇ ਨੂੰ ਪਤਾ ਨਹੀਂ ਕਿ ਪਾਚਨ ਕਿਰਿਆ ਕਰਨ ਵਾਲੇ ਅੰਗਾਂ ਵਿੱਚ ਜੈਵਿਕ ਘੜੀ ਸ਼ਿਫਟ ਵਿੱਚ ਕੰਮ ਕਰਨ ਨਾਲ ਕਿੰਨੀ ਤੇਜ਼ੀ ਅਤੇ ਕਿੰਨੀ ਜ਼ਿਆਦਾ ਬਦਲ ਜਾਂਦੀ ਹੈ। ਦਿਮਾਗ ਦੀ ਮਾਸਟਰ ਕਲਾਕ ਵੀ ਇਨ੍ਹਾਂ ਦੇ ਅਨੁਸਾਰ ਮੁਸ਼ਕਿਲ ਨਾਲ ਹੀ ਹੋ ਸਕਦੀ ਹੈ।’ ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਵਜੋਂ ਨਾਈਟ ਸ਼ਿਫਟ ਵਿੱਚ ਕੰਮ ਕਰਦੇ ਲੋਕਾਂ ਦੇ ਸਰੀਰ ਦੇ ਕੁਝ ਜੈਵਿਕ ਸੰਕੇਤ ਕਹਿੰਦੇ ਹਨ ਕਿ ਇਹ ਦਿਨ ਹੈ, ਕੁਝ ਸੰਕੇਤ ਕਹਿੰਦੇ ਹਨ ਕਿ ਰਾਤ ਹੈ। ਇਸ ਤਰ੍ਹਾਂ ਮੇਟਾਬਾਲਿਜ਼ਮ ਵਿੱਚ ਗੜਬੜੀ ਹੋ ਜਾਂਦੀ ਹੈ। ਖੋਜ ਦੇ ਮੁਤਾਬਕ ਨਾਈਟ ਸ਼ਿਫਟ ਵਿੱਚ ਕੰਮ ਕਰਨ ਵਾਲੇ ਲੋਕਾਂ ਵਿੱਚ ਪੁਰਾਣੀ ਕਿਡਨੀ ਦੀ ਬਿਮਾਰੀ ਅਤੇ ਬ੍ਰੇਸਟ ਅਤੇ ਸਕਿਨ ਕੈਂਸਰ, ਪ੍ਰੋਸਟੇਟ ਕੈਂਸਰ ਆਦਿ ਵੀ ਸ਼ਾਮਲ ਹੈ।