ਨਾਈਟ ਕਲੱਬ ਦਾ ਉਦਘਾਟਨ ਕਰਨ ਦੇ ਨਾਲ ਸਾਕਸ਼ੀ ਮਹਾਰਾਜ ਫਿਰ ਵਿਵਾਦਾਂ ਵਿੱਚ ਫਸੇ


ਲਖਨਊ, 16 ਅਪ੍ਰੈਲ (ਪੋਸਟ ਬਿਊਰੋ)- ਆਪਣੇ ਬਿਆਨਾਂ ਨਾਲ ਹਮੇਸ਼ਾ ਖਬਰਾਂ ਵਿੱਚ ਰਹਿਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਪਾਰਲੀਮੈਂਟ ਮੈਂਬਰ ਸਚਿਦਾਨੰਦ ਉਰਫ ਸਾਕਸ਼ੀ ਮਹਾਰਾਜ ਇਸ ਵਾਰੀ ਇੱਕ ਨਾਈਟ ਕਲੱਬ ਦਾ ਉਦਘਾਟਨ ਕਰਨ ਕਰ ਕੇ ਨਵੀਂ ਤਰ੍ਹਾਂ ਦੀ ਚਰਚਾ ਦੇ ਕੇਂਦਰ ਵਿੱਚ ਆ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਇਸ ਐਤਵਾਰ ਭਾਜਪਾ ਪਾਰਲੀਮੈਂਟ ਮੈਂਬਰ ਸਾਕਸ਼ੀ ਮਹਾਰਾਜ ਨੇ ਰਾਜਧਾਨੀ ਲਖਨਊ ਦੇ ਅਲੀਗੰਜ ਵਿੱਚ ਇਕ ਨਾਈਟ ਕਲੱਬ ਦਾ ਉਦਘਾਟਨ ਕੀਤਾ ਸੀ। ਇਸ ਕਲੱਬ ਦੇ ਉਦਘਾਟਨ ਤੋਂ ਬਾਅਦ ਉਨ੍ਹਾਂ ਦੇ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ ਅਤੇ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਤਸਵੀਰ ਵਾਇਰਲ ਹੋਈ ਪਈ ਹੈ। ਲੋਕਾਂ ਨੇ ਨਾਈਟ ਕਲੱਬ ਵਿੱਚ ਸਾਕਸ਼ੀ ਮਹਾਰਾਜ ਦੇ ਜਾਣ ਤੋਂ ਚਟਖਾਰੇ ਲਏ ਅਤੇ ਉਨ੍ਹਾਂ ਨੂੰ ਨਾਈਟ ਕਲੱਬ ਵਾਲਾ ਬਾਬਾ ਕਹਿਣ ਲੱਗ ਪਏ। ਵਰਨਣ ਯੋਗ ਹੈ ਕਿ ਪਿਛਲੇ ਸਾਲ ਯੋਗੀ ਆਦਿਤਿਆਨਾਥ ਦੀ ਸਰਕਾਰ ਦੀ ਬੇਇੱਜ਼ਤੀ ਇੱਕ ਮੰਤਰੀ ਸਵਾਤੀ ਸਿੰਘ ਨੇ ‘ਬੀ ਦਿ ਬੀਅਰ ਰੈਸਟੋਰੈਂਟ’ ਦਾ ਉਦਘਾਟਨ ਕਰ ਕੇ ਕਰਵਾਈ ਸੀ। ਇਸ ਵਾਰ ਇਹ ਕੰਮ ਭਾਜਪਾ ਪਾਰਲੀਮੈਂਟ ਮੈਂਬਰ ਸਾਕਸ਼ੀ ਮਹਾਰਾਜ ਨੇ ਕਰ ਦਿੱਤਾ ਹੈ। ਨਾਈਟ ਕਲੱਬ ਉਦਘਾਟਨ ਉੱਤੇ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਦੇ ਨੇਤਾਵਾਂ ਨੇ ਕਿਹਾ ਕਿ ਸਾਧੂ ਦੇ ਕੱਪੜਿਆਂ ਵਿੱਚ ਸਾਕਸ਼ੀ ਮਹਾਰਾਜ ਜੋ ਕਰ ਰਹੇ ਹਨ, ਇਹ ਸੰਤਾਂ ਦਾ ਅਪਮਾਨ ਹੈ। ਵਰਨਣ ਯੋਗ ਹੈ ਕਿ ਸਾਕਸ਼ੀ ਮਹਾਰਾਜ ਪਹਿਲਾਂ ਵੀ ਆਪਣੇ ਬਿਆਨਾਂ ਨਾਲ ਵਿਵਾਦਾਂ ਵਿੱਚ ਰਹੇ ਹਨ। ਲੜਕੀਆਂ ਦੀ ਲੜਕਿਆਂ ਨਾਲ ਦੋਸਤੀ ਤੇ ਕੱਪੜਿਆਂ ਉੱਤੇ ਬਿਆਨ ਦੇਣ ਕਰ ਕੇ ਵੀ ਉਹ ਆਲੋਚਨਾ ਦਾ ਸ਼ਿਕਾਰ ਹੋ ਚੁਕੇ ਹਨ।
ਬੀਤੇ ਸਾਲ ਭਾਜਪਾ ਸਰਕਾਰ ਵਿੱਚ ਮੰਤਰੀ ਸਵਾਤੀ ਸਿੰਘ 20 ਮਈ ਨੂੰ ਬੀਅਰ ਬਾਰ ਦਾ ਉਦਘਾਟਨ ਕਰਨ ਕਰ ਕੇ ਵਿਵਾਦਾਂ ਵਿੱਚ ਫਸ ਗਈ ਸੀ। ਓਦੋਂ ਮਾਮਲਾ ਇੰਨਾ ਵਧਿਆ ਸੀ ਕਿ ਉਨ੍ਹਾਂ ਤੋਂ ਇਸ ਉੱਤੇ ਜਵਾਬ ਮੰਗਿਆ ਗਿਆ ਸੀ। ਸਵਾਤੀ ਨੇ ਉਦੋਂ ਆਪਣੀ ਦੋਸਤ ਦੇ ਬਾਰ ਦਾ ਉਦਘਾਟਨ ਕਰਨ ਦੀ ਗੱਲ ਕਹੀ ਸੀ। ਇਸ ਵਾਰੀ ਸਾਕਸ਼ੀ ਮਹਾਰਾਜ ਨਾਈਟ ਕਲੱਬ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਉਨ੍ਹਾਂ ਵੱਲੋਂ ਨਾਈਟ ਕਲੱਬ ਦਾ ਉਦਘਾਟਨ ਕਰਨ ਤੋਂ ਬਾਅਦ ਲੋਕ ਭਾਜਪਾ ਸਰਕਾਰ ਅਤੇ ਸਾਕਸ਼ੀ ਮਹਾਰਾਜ ਉੱਤੇ ਸਵਾਲ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਭਗਵਾ ਚੋਲਾ ਤੇ ਸਿਧਾਂਤਾਂ ਦੀ ਗੱਲ ਕਰਦੇ ਰਹਿਣ ਵਾਲੇ ਇਹ ਨੇਤਾ ਕਿਸੇ ਨਾ ਕਿਸੇ ਬਹਾਨੇ ਜਨਤਾ ਦੇ ਸਾਹਮਣੇ ਆਪਣੇ ਅਸਲੀ ਰੂਪ ਵਿੱਚ ਆ ਜਾਂਦੇ ਹਨ। ਇਸ ਦੌਰਾਨ ਲਖਨਊ ਦੇ ਅਲੀਗੰਜ ਵਿੱਚ ਖੋਲ੍ਹੇ ਗਏ ਨਾਈਟ ਕਲੱਬ ਤੇ ਬਾਰ ਦਾ ਭਗਵਾ ਕੱਪੜਿਆਂ ਵਿੱਚ ਉਦਘਾਟਨ ਕਰਨ ਪੁੱਜੇ ਸਾਕਸ਼ੀ ਮਹਾਰਾਸ਼ ਦਾ ਵਿਰੋਧ ਖੁਦ ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ਨੇ ਕੀਤਾ ਤੇ ਇਸ ਬਾਰੇ ਸਾਕਸ਼ੀ ਮਹਾਰਾਜ ਦੀ ਸ਼ਿਕਾਇਤ ਉੱਤਰ ਪ੍ਰਦੇਸ਼ ਦੀ ਭਾਜਪਾ ਦੇ ਪ੍ਰਧਾਨ ਮਹੇਂਦਰ ਨਾਥ ਪਾਂਡੇ ਨੂੰ ਕੀਤੀ ਹੈ।