ਨਾਇਬ ਤਹਿਸੀਲਦਾਰ ਦਾ ਰਿਸ਼ਵਤ ਲੈ ਕੇ ਭੱਜਾ ਡਰਾਈਵਰ ਕਾਬੂ


ਮੋਹਾਲੀ, 29 ਦਸੰਬਰ (ਪੋਸਟ ਬਿਊਰੋ)- ਪੰਜਾਬ ਵਿਜੀਲੈਂਸ ਨੇ ਰਿਸ਼ਵਤ ਲੈਣ ਦੇ ਦੋਸ਼ ਹੇਠ ਬੀਤੀ ਪੰਜ ਦਸੰਬਰ ਨੂੰ ਗ੍ਰਿਫਤਾਰ ਕੀਤੇ ਅਜੀਤਵਾਲ ਦੇ ਨਾਇਬ ਤਹਿਸੀਲਦਾਰ ਦੇ ਬਾਅਦ ਉਸ ਦਾ ਡਰਾਈਵਰ ਜਗਜੀਤ ਸਿੰਘ ਜੱਗਾ ਵੀ ਕਾਬੂ ਆ ਗਿਆ ਹੈ। ਉਸ ਦੀ ਗ੍ਰਿਫਤਾਰੀ ਇਸ ਕੇਸ ਵਿੱਚ ਅਹਿਮ ਹੈ।
ਪੰਜਾਬ ਵਿਜੀਲੈਂਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਜੱਗਾ ਜੁਡੀਸ਼ਲ ਹਿਰਾਸਤ ਵਿੱਚ ਭੇਜ ਦਿੱਤੇ ਗਏ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਥੀ ਦਾ ਨਿੱਜੀ ਡਰਾਈਵਰ ਸੀ ਤੇ ਰਿਸ਼ਵਤ ਵਜੋਂ ਲਏ ਪੈਸਿਆਂ ਸਮੇਤ ਫਰਾਰ ਸੀ। ਵਿਜੀਲੈਂਸ ਨੇ ਇਸ ਕੋਲੋਂ ਇਕ ਲੱਖ ਰੁਪਏ ਦੀ ਰਾਸ਼ੀ ਬਰਾਮਦ ਕਰਨ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਮੋਗਾ ਦੇ ਅਜੀਤਵਾਲ ਦੇ ਨਾਇਬ ਤਹਿਸੀਲਦਾਰ ਅਤੇ ਉਸ ਦੇ ਡਰਾਈਵਰ ਜਗਜੀਤ ਸਿੰਘ ਜੱਗਾ ਦੇ ਖਿਲਾਫ ਭਿ੍ਰਸ਼ਟਾਚਾਰ ਰੋਕਥਾਮ ਦਾ ਕੇਸ ਪੰਜ ਦਸੰਬਰ ਨੂੰ ਦਰਜ ਹੋਇਆ ਸੀ। ਇਸ ਸਬੰਧੀ ਐਨ ਆਰ ਆਈ ਅਤੇ ਸੀਨੀਅਰ ਸਿਟੀਜ਼ਨ ਦਰਸ਼ਨ ਸਿੰਘ ਸਿੱਧੂ ਨੇ ਦੋਸ਼ ਲਾਇਆ ਸੀ ਕਿ ਉਸ ਕੋਲੋਂ ਜ਼ਿਲਾ ਮੋਗਾ ਦੇ ਪਿੰਡ ਚੂਹੜ ਚੱਕ ਦੀ ਜੱਦੀ ਜ਼ਮੀਨ ਦਾ ਰਿਕਾਰਡ ਆਪਣੇ ਨਾਂ ਕਰਵਾਉਣ ਵਾਸਤੇ ਇਕ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ। ਵਿਜੀਲੈਂਸ ਬਿਊਰੋ ਨੇ ਭਾਵੇਂ ਮੁਲਜ਼ਮ ਨਾਇਬ ਤਹਿਸੀਲਦਾਰ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਸੀ, ਪਰ ਉਸ ਦਾ ਡਰਾਈਵਰ ਜਗਜੀਤ ਸਿੰਘ ਜੱਗਾ ਰਿਸ਼ਵਤ ਦੇ ਰੂਪ ‘ਚ ਮਿਲੇ ਇਕ ਲੱਖ ਰੁਪਏ ਸਮੇਤ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ। ਬੁਲਾਰੇ ਨੇ ਦੱਸਿਆ ਕਿ ਕੱਲ੍ਹ ਇਸ ਮਾਮਲੇ ‘ਚ ਦੋਸ਼ੀ ਜੱਗਾ ਨੂੰ ਵਿਜੀਲੈਂਸ ਇੰਸਪੈਕਟਰ ਇੰਦਰਪਾਲ ਸਿੰਘ ਵੱਲੋਂ ਗੋਲਡਨ ਟੈਂਪਲ, ਅੰਮ੍ਰਿਤਸਰ ਦੇ ਨਜ਼ਦੀਕ ਤੋਂ ਗ੍ਰਿਫਤਾਰ ਕੀਤਾ ਗਿਆ।