ਨਾਂ ਵਿੱਚ ਬੜਾ ਕੁਝ ਰੱਖਿਆ ਹੈ..

-ਅਮਰਜੀਤ ਸਿੰਘ ਹੇਅਰ
ਸੈਕਸਪੀਅਰ ਦੇ ਇਕ ਨਾਟਕ ਦੀ ਨਾਇਕਾ ਜੂਲੀਅਟ ਕਹਿੰਦੀ ਹੈ, ‘ਨਾਂ ਵਿੱਚ ਕੀ ਰੱਖਿਆ। ਗੁਲਾਬ ਨੂੰ ਕੁਝ ਹੋਰ ਕਹੋ ਤਾਂ ਵੀ ਉਸ ਦੀ ਸੁਗੰਧ ਉਹੀ ਰਹੇਗੀ।’ ਜੇ ਗੁਲਾਬ ਨੂੰ ਕੰਡਿਆਣਾ ਆਖੀਏ, ਕੀ ਇਸ ਵਿੱਚੋਂ ਮਿਠਾਸ ਦਾ ਅਹਿਸਾਸ ਆਵੇਗਾ ਜਾਂ ਕੁੜੱਤਣ ਦਾ?
ਨਾਂਅ ਕਿਸੇ ਚੀਜ਼, ਥਾਂ ਜਾਂ ਵਿਅਕਤੀ ਦੀ ਪਛਾਣ ਹੈ। ਸੋਹਣਾ ਅਤੇ ਢੁੱਕਵਾਂ ਨਾਂ ਸਾਨੂੰ ਆਪਣੇ ਵੱਲ ਖਿੱਚਦਾ ਹੈ। ਕੁਚੱਜਾ ਨਾਂ ਸਾਨੂੰ ਇਸ ਤੋਂ ਦੂਰ ਰੱਖਦਾ ਹੈ। ਗੁਲਾਬ ਜਾਮਣ ਸਾਡੇ ਮੂੰਹ ਵਿੱਚ ਲਾਲਾਂ ਲਿਆ ਦਿੰਦੀ ਹੈ,’ ਗੁਲਿਸਤਾਂ ਸਾਡੀਆਂ ਅੱਖਾਂ ਨੂੰ ਠੰਢਕ ਪਹੁੰਚਾਉਂਦਾ ਹੈ। ਅੰਮ੍ਰਿਤਸਰ ਸਾਡੇ ਕੰਨਾਂ ਨੂੰ ਭਾਉਂਦਾ ਹੈ। ਸੋਹਣੀ, ਪਦਮਨੀ ਸਾਡੇ ਮਨ ਵਿੱਚ ਉਨ੍ਹਾਂ ਬਾਰੇ ਹੋਰ ਜਾਣਨ ਦੀ ਇੱਛਾ ਪੈਦਾ ਕਰਦੀਆਂ ਹਨ।
ਮਾਪਿਆਂ ਨੂੰ ਬੱਚੇ ਦਾ ਨਾਂ ਰੱਖਣ ਵੇਲੇ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਦਾ ਉਸ ਦੀ ਸ਼ਖਸੀਅਤ ‘ਤੇ ਡੂੰਘਾ ਅਸਰ ਪਵੇਗਾ। ਜੇ ਬੱਚੇ ਨੇ ਵੱਡੇ ਹੋ ਕੇ ਸਮਾਜ ਜਾਂ ਸੰਸਾਰ ਵਿੱਚ ਕੋਈ ਨਾਮਣਾ ਖੱਟਿਆ ਤਾਂ ਇਹ ਉਸ ਦੀ ਮੌਤ ਪਿੱਛੋਂ ਵੀ ਜ਼ਿੰਦਾ ਰਹੇਗਾ। ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰਾਂ ਨੂੰ ਧਰਮ ਯੋਧੇ ਤੇ ਸੂਰਮੇ ਬਣਾਉਣਾ ਚਾਹੁੰਦੇ ਸਨ, ਇਸ ਕਰਕੇ ਹੀ ਉਨ੍ਹਾਂ ਦੇ ਢੁੱਕਵੇਂ ਨਾਂ ਅਜੀਤ ਸਿੰਘ, ਜ਼ੋਰਾਵਰ ਸਿੰਘ, ਜੁਝਾਰ ਸਿੰਘ ਅਤੇ ਫਤਹਿ ਸਿੰਘ ਰੱਖੇ।
ਕਈ ਮਾਪੇ ਅਣਜਾਣੇ ਜਾਂ ਕੁਝ ਖਾਸ ਕਾਰਨਾਂ ਕਰਕੇ ਆਪਣੀ ਔਲਾਦ ਦੇ ਕੋਝੇ ਨਾਂ ਰੱਖ ਦਿੰਦੇ ਹਨ, ਜਿਵੇਂ ਕੂੜਾ ਰਾਮ, ਘਸੀਟਾ ਮੱਲ, ਕਾਕਾ ਸਿੰਘ, ਰੁਲਦੁ ਰਾਮ। ਪਿੱਛੋਂ ਜਾ ਕੇ ਅਜਿਹੇ ਨਾਂ ਬੱਚਿਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ। ਉਹ ਆਪਣਾ ਪੂਰਾ ਨਾਂ ਲਿਖਣ ਤੋਂ ਹਿਚਕਾਉਂਦੇ ਹਨ ਤੇ ਮੁੱਢਲੇ ਅੱਖਰ ਵਰਤਦੇ ਹਨ ਜਿਵੇਂ ਕੇ ਆਰ ਲਖਨਪਾਲ, ਆਰ ਆਰ ਸ਼ਰਮਾ ਜਾਂ ਕੇ ਐਸ ਧਾਲੀਵਾਲ। ਕਈ ਮਾਪੇ ਬੱਚਿਆਂ ਦੇ ਨਾਂ ਦਰੱਖਤਾਂ, ਜਾਨਵਰਾਂ ਜਾਂ ਉਨ੍ਹਾਂ ਦੇ ਮਹੀਨੇ ‘ਤੇ ਰੱਖ ਦਿੰਦੇ ਹਨ, ਬੋਹੜ ਸਿੰਘ, ਕਿੱਕਰ ਸਿੰਘ, ਤੋਤਾ ਰਾਮ, ਬਾਜ਼ ਸਿੰਘ, ਚੇਤ ਰਾਮ, ਵਿਸਾਖੀ ਮੱਲ, ਸਾਉਣ ਸਿੰਘ, ਮੱਘਰ ਸਿੰਘ, ਫੱਗਣ ਮੱਲ ਆਦਿ। ਅਕਸਰ ਇਹੋ ਜਿਹੇ ਨਾਵਾਂ ਦੀ ਲੋਕ ਖਿੱਲੀ ਉਡਾਉਂਦੇ ਹਨ। ਕਈ ਆਪਣੇ ਨਾਂ ਨਾਲ ਤਖੱਲਸ (ਕਲਮੀ ਨਾਂ) ਅਤੇ ਬਾਦਸ਼ਾਹ ਆਪਣੇ ਨਾਵਾਂ ਨਾਲ ਲਕਬ (ਖਿਤਾਬ) ਜੋੜ ਲੈਂਦੇ ਹਨ। ਲੋਕ ਅਕਸਰ ਇਨ੍ਹਾਂ ਨੂੰ ਤਖੱਲਸ ਜਾਂ ਲਕਬ ਨਾਲ ਹੀ ਜਾਣਦੇ ਹਨ। ਇਨ੍ਹਾਂ ਦੇ ਅਸਲੀ ਨਾਵਾਂ ਦੀ ਬੜੇ ਘੱਟ ਲੋਕਾਂ ਨੂੰ ਜਾਣਕਾਰੀ ਹੁੰਦੀ ਹੈ।
ਸ਼ਾਇਰਾਂ ਵਿੱਚ ਗਾਲਿਬ (ਮਿਰਜ਼ਾ ਅਸਦ ਉਲਾ ਬੇਗ ਖਾਨ), ਜ਼ੌਕ (ਸ਼ੇਖ ਮੁਹੰਮਦ ਇਬਰਾਹੀਮ ਜ਼ੌਕ), ਦਾਮਨ (ਚਿਰਾਗ ਦੀਨ), ਸਾਹਿਰ (ਅਬਦੁਲ) ਅਤੇ ਪਾਤਰ (ਸੁਰਜੀਤ ਸਿੰਘ)। ਕਈ ਆਪਣੇ ਨਾਂ ਨੂੰ ਹੀ ਤਖੱਲਸ ਬਣਾ ਲੈਂਦੇ ਹਨ, ਜਿਵੇਂ ਮੀਰ, ਇਕਬਾਲ, ਫੈਜ਼, ਸ਼ਿਵ ਆਦਿ। ਮੁਗਲ ਬਾਦਸ਼ਾਹਾਂ ਦੇ ਲਕਬ ਉਨ੍ਹਾਂ ਦੀਆਂ ਖਾਹਿਸ਼ਾਂ ਦੀ ਤਰਜਮਾਨੀ ਕਰਦੇ ਹਨ। ਜ਼ਹੀਰੁਦੀਨ ਬਾਬਰ (ਬੱਬਰ ਸ਼ੇਰ), ਨਸੀਰੁਦ-ਦੀਨ ਹੁਮਾਯੂੰ (ਨੇਕ ਦਿਲ), ਜਲਾਲ-ਉਦ-ਦੀਨ ਅਕਬਰ (ਮਹਾਨਾ) ਨੂਰ-ਉਦ-ਦੀਨ ਜਹਾਂਗੀਰ (ਸੰਸਾਰ ਜੇਤੂ), ਸ਼ਹਾਬ-ਉਦ-ਦੀਨ ਸ਼ਾਹਜਹਾਂ (ਦੁਨੀਆ ਦਾ ਬਾਦਸ਼ਾਹ) ਅਤੇ ਔਰੰਗਜ਼ੇਬ ਆਲਮਗੀਰ (ਦੁਨੀਆ ਜਿੱਤਣ ਵਾਲਾ)।
ਫਿਲਮੀ ਅਦਾਕਾਰਾਂ ਨੂੰ ਵੀ ਕਈ ਕਾਰਨਾਂ ਕਰਕੇ ਆਪਣੇ ਫਰਜ਼ੀ ਨਾਂ ਰੱਖਣੇ ਪੈਂਦੇ ਹਨ। ਕਿਸੇ ਸਮੇਂ ਮੁਸਲਮਾਨ ਅਦਾਕਾਰਾਂ ਨੂੰ ਬਹੁਗਿਣਤੀ ਹਿੰਦੂ ਦਰਸ਼ਕਾਂ ਦਾ ਧਿਆਨ ਰੱਖਦਿਆਂ ਆਪਣੇ ਹਿੰਦੂ ਨਾਂ ਰੱਖਣੇ ਪੈਂਦੇ ਸਨ, ਜਿਵੇਂ ਯੂਸਫ ਖਾਨ (ਦਿਲੀਪ ਕੁਮਾਰ), ਹਾਮਿਦ ਅਲੀ ਖਾਂ (ਅਜੀਤ), ਫਾਤਿਮਾ ਰਸ਼ੀਦ (ਨਰਸਿਗ) ਅਤੇ ਮਹਿਜ਼ਬੀਨ ਬਾਨੋ (ਮੀਨਾ ਕੁਮਾਰੀ)। ਕਈ ਹਿੰਦੂ ਅਦਾਕਾਰਾਂ ਨੇ ਆਪਣੇ ਫਿਲਮੀ ਨਾਂ ਰੱਖੇ, ਜਿਵੇਂ ਕੁਮੁਦਲਾਲ ਗਾਂਗੁਲੀ, ਅਸ਼ੋਕ ਕੁਮਾਰ ਬਣਿਆ। ਕਈ ਹੋਰਾਂ ਨੇ ਆਪਣੇ ਪੂਰੇ ਨਾਂ ਨੂੰ ਛੋਟਾ ਕਰ ਲਿਆ, ਜਿਵੇਂ ਰਾਜ ਕਪੂਰ, ਦੇਵ ਆਨੰਦ, ਸ਼ੰਮੀ ਕਪੂਰ, ਸ਼ਸ਼ੀ ਕਪੂਰ।
ਪੰਜਾਬ ਵਿੱਚ ਕਈ ਪਿੰਡਾਂ ਦੇ ਨਾਂ ਅਜਿਹੇ ਹਨ ਜੋ ਉਥੋਂ ਦੇ ਵਾਸੀਆਂ ਨੂੰ ਪਸੰਦ ਨਹੀਂ। ਉਥੇ ਦੀਆਂ ਪੰਚਾਇਤਾਂ ਕਈ ਵਾਰੀ ਇਨ੍ਹਾਂ ਨੂੰ ਬਦਲਾਉਣ ਦਾ ਮਤਾ ਕਰਦੀਆਂ ਹਨ। ਕੁਝ ਹਾਸੋ-ਹੀਣੇ ਨਾਂ ਇਸ ਤਰ੍ਹਾਂ ਹਨ, ਕੱਟਿਆਂ ਵਾਲੀ, ਸੂਰਾਂ ਵਾਲਾ, ਡੂਮਣੀ ਵਾਲਾ, ਭੇਡਾਂ ਵਾਲਾਂ, ਰੋੜਾਂ ਵਾਲਾ, ਕੁੱਤਿਆਂ ਵਾਲੀ, ਛੀਬਿਆਂ ਵਾਲੀ, ਚਮਾਰ ਵਾਲਾ, ਚੋਰ ਵਾਲਾ, ਲੰਮੇ, ਕਾਣੇ ਆਦਿ। ਅੰਗਰੇਜ਼ਾਂ ਦੇ ਬਣਾਏ ਭਾਰਤ ਦੇ ਤਿੰਨ ਨਗਰਾਂ ਦੇ ਨਾਂ ਬਦਲ ਦਿੱਤੇ ਗਏ ਹਨ। ਬੰਬਈ (ਮੁੰਬਈ), ਮਦਰਾਸ (ਚੇਨੱਈ), ਕੈਲਕਟਾ (ਕੋਲਕਾਤਾ)। ਇਸੇ ਤਰ੍ਹਾਂ ਗੁੜਗਾਓਂ ਹੁਣ ਗੁਰੂਗ੍ਰਾਮ ਬਣ ਗਿਆ ਹੈ। ਪੰਜਾਬ ਵਿੱਚ ਰੋਪੜ ਰੂਪਨਗਰ ਬਣਾ ਦਿੱਤਾ ਗਿਆ ਅਤੇ ਮੁਹਾਲੀ ਨੂੰ ਸਹਿਬਜ਼ਾਦਾ ਅਜੀਤ ਸਿੰਘ ਨਗਰ, ਪਰ ਇਹ ਨਾਂ ਸਰਕਾਰੀ ਕਾਗਜ਼ਾਂ ਵਿੱਚ ਰਹਿ ਗਏ ਹਨ। ਆਮ ਲੋਕੀਂ ਹੁਣ ਵੀ ਰੋਪੜ ਅਤੇ ਮੁਹਾਲੀ ਕਹਿੰਦੇ ਹਨ। ਹਵਾਈ ਅੱਡੇ ਦਾ ਨਾਂ ਮੁਹਾਲੀ ਹੈ, ਪਰ ਬੜਾ ਅਜੀਬ ਲੱਗਦਾ ਹੈ ਜਦੋਂ ਮੁਹਾਲੀ ਲਿਖ ਕੇ ਬਰੈਕਟ ਵਿੱਚ ਐਸ ਏ ਐਸ ਨਗਰ ਲਿਖਿਆ ਜਾਂਦਾ ਹੈ।
ਕਈ ਕੁੜੀਆਂ ਜਦੋਂ ਬੁੱਢੀਆਂ ਹੋ ਜਾਂਦੀਆਂ ਹਨ ਤਾਂ ਕਾਗਜ਼ਾਂ ਵਿੱਚ ਉਨ੍ਹਾਂ ਦਾ ਨਾਂ ਬੇਬੀ ਜਾਂ ਗੁੱਡੀ ਹੁੰਦਾ ਹੈ। ਉਸ ਵੇਲੇ ਇਹ ਨਾਂ ਅਜੀਬ ਲੱਗਦੇ ਹਨ। ਮਾਪਿਆਂ ਨੂੰ ਨਾਂ ਰੱਖਣ ਵੇਲੇ ਇਸ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ।
ਅੱਜ ਕੱਲ੍ਹ ਪੱਛਮ ਦੇ ਪ੍ਰਭਾਵ ਹੇਠਾਂ ਗੁਰਿੰਦਰ ਗੈਰੀ ਬਣ ਜਾਂਦਾ ਹੈ ਤੇ ਸੰਦੀਪ ਸੈਂਡੀ। ਹਰਿੰਦਰ ਹੈਰੀ ਕਹਾਉਂਦਾ ਹੈ। ਕਈ ਆਪਣਾ ਪੂਰਾ ਨਾਂ ਕਦੇ ਦੱਸਦੇ ਹੀ ਨਹੀਂ, ਛੋਟਾ ਨਾਂ ਦੱਸਦੇ ਹਨ। ਨਾਂ ਵਿਅਕਤੀ ਦੀ ਸ਼ਖਸੀਅਤ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ। ਇਹ ਅਜਿਹਾ ਹੋਣਾ ਚਾਹੀਦਾ ਹੈ ਜਿਸ ‘ਤੇ ਵਿਅਕਤੀ ਮਾਣ ਮਹਿਸੂਸ ਕਰੇ। ਹੋ ਸਕੇ ਤਾਂ ਇਹ ਅਰਥ ਭਰਪੂਰ ਹੋਵੇ ਅਤੇ ਅਨੋਖਾ ਵੀ ਕਿਉਂਕਿ ਹਰੇਕ ਵਿਅਕਤੀ ਅਨੋਖਾ ਹੀ ਹੁੰਦਾ ਹੈ।