ਨਹੀਂ ਰਹੇ ਮਹਾਨ ਵਿਗਿਆਨੀ ਸਟੀਫਨ ਹਾਕਿੰਗ

ਲੰਡਨ, 14 ਮਾਰਚ (ਪੋਸਟ ਬਿਊਰੋ) : ਸਟੀਫਨ ਹਾਕਿੰਗ, ਜਿਸ ਦਾ ਸ਼ਰੀਰ ਭਾਵੇਂ ਨਹੀਂ ਸੀ ਹਿੱਲ ਸਕਦਾ ਪਰ ਜਿਸ ਦਾ ਤੇਜ਼ ਦਿਮਾਗ ਸਮੇਂ ਤੇ ਪੁਲਾੜ ਤੋਂ ਵੀ ਅਗਾਂਹ ਦੀ ਸੋਚ ਰੱਖਦਾ ਸੀ, ਦੀ ਮੌਤ ਹੋ ਗਈ। ਉਹ 76 ਸਾਲਾਂ ਦੇ ਸਨ। ਇਹ ਜਾਣਕਾਰੀ ਬੁੱਧਵਾਰ ਨੂੰ ਉਨ੍ਹਾਂ ਦੇ ਪਰਿਵਾਰ ਦੇ ਬੁਲਾਰੇ ਨੇ ਦਿੱਤੀ।
ਆਪਣੇ ਜ਼ਮਾਨੇ ਦੇ ਮਸ਼ਹੂਰ ਸਿਧਾਂਤਕ ਭੌਤਿਕ ਵਿਗਿਆਨੀ ਰਹੇ ਹਾਕਿੰਗ ਨੇ ਪੁਲਾੜ, ਸਮੇਂ ਤੇ ਬਲੈਕ ਹੋਲਜ਼ ਬਾਰੇ ਕਈ ਰਹੱਸ ਆਪਣੀ ਕਿਤਾਬ “ਅ ਬਰੀਫ ਹਿਸਟਰੀ ਆਫ ਟਾਈਮ” ਵਿੱਚ ਸਾਂਝੇ ਕੀਤੇ ਕਿ ਉਨ੍ਹਾਂ ਦੀ ਇਹ ਕਿਤਾਬ ਕੌਮਾਂਤਰੀ ਪੱਧਰ ਉੱਤੇ ਵਿਕਣ ਵਾਲੀ ਸੱਭ ਤੋਂ ਉਮਦਾ ਕਿਤਾਬ ਬਣ ਗਈ। ਇਸ ਨਾਲ ਉਹ ਐਲਬਰਟ ਆਈਨਸਟਾਈਨ ਤੋਂ ਬਾਅਦ ਵਿਗਿਆਨ ਖੇਤਰ ਦੇ ਸੱਭ ਤੋਂ ਵੱਡੇ ਸੈਲੇਬ੍ਰਿਟੀ ਬਣ ਗਏ।
ਉਨ੍ਹਾਂ ਦੇ ਬੱਚਿਆਂ ਲੂਸੀ, ਰੌਬਰਟ ਤੇ ਟਿੰਮ ਨੇ ਇੱਕ ਬਿਆਨ ਵਿੱਚ ਆਖਿਆ ਕਿ ਉਹ ਬਹੁਤ ਹੀ ਮਹਾਨ ਵਿਗਿਆਨੀ ਤੇ ਵਿਲੱਖਣ ਇਨਸਾਨ ਸਨ। ਉਨ੍ਹਾਂ ਦਾ ਕੰਮ ਤੇ ਵਿਰਾਸਤ ਆਉਣ ਵਾਲੇ ਕਈ ਸਾਲਾਂ ਤੱਕ ਚੇਤੇ ਕੀਤੀ ਜਾਂਦੀ ਰਹੇਗੀ। ਉਨ੍ਹਾਂ ਦੇ ਹੌਸਲੇ, ਅਕਲਮੰਦੀ ਤੇ ਮਜ਼ਾਕੀਆ ਸੁਭਾਅ ਕਾਰਨ ਦੁਨੀਆ ਭਰ ਦੇ ਕਈ ਲੋਕ ਉਨ੍ਹਾਂ ਤੋਂ ਪ੍ਰੇਰਿਤ ਹੋਏ। ਉਨ੍ਹਾਂ ਇੱਕ ਵਾਰੀ ਇਹ ਆਖਿਆ ਸੀ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਪਿਆਰ ਕਰਦੇ ਹੋਂ ਤਾਂ ਜੇ ਉਹੀ ਇਸ ਜਹਾਨ ਵਿੱਚ ਨਾ ਹੋਣ ਤਾਂ ਦੁਨੀਆ ਉਹੋ ਜਿਹੀ ਨਹੀਂ ਰਹਿ ਜਾਂਦੀ। ਬੱਚਿਆਂ ਨੇ ਆਖਿਆ ਕਿ ਉਹ ਸਾਡੇ ਚੇਤਿਆਂ ਵਿੱਚ ਹਮੇਸ਼ਾਂ ਰਹਿਣਗੇ।
ਹਾਲਾਂਕਿ ਹਾਕਿੰਗ ਨੂੰ 21 ਸਾਲ ਦੀ ਉਮਰ ਵਿੱਚ ਐਮੀਓਟਰੌਫਿਕ ਲੇਟਰਲ ਸਲੇਰੌਸਿਸ ਜਾਂ ਏਐਲਐਸ ਨਾਂ ਦੀ ਬਿਮਾਰੀ ਹੋ ਗਈ ਸੀ ਪਰ ਅਜਿਹੀ ਨਾਮੁਰਾਦ ਬਿਮਾਰੀ ਦੇ ਬਾਵਜੂਦ 50 ਸਾਲਾਂ ਤੱਕ ਜਿਊਂਦੇ ਰਹਿ ਕੇ ਹਾਕਿੰਗ ਨੇ ਡਾਕਟਰਾਂ ਨੂੰ ਹੈਰਾਨ ਕਰ ਦਿੱਤਾ। 1985 ਵਿੱਚ ਹੋਏ ਗੰਭੀਰ ਨਿਮੋਨੀਆ ਕਾਰਨ ਉਹ ਇੱਕ ਟਿਊਬ ਦੇ ਸਹਾਰੇ ਹੀ ਸਾਹ ਲੈਣ ਜੋਗੇ ਰਹਿ ਗਏ ਸਨ। ਇਸ ਦੇ ਨਾਲ ਹੀ ਉਹ ਇਲੈਕਟ੍ਰੌਨਿਕ ਵੌਇਸ ਸਿਨਥੇਸਾਈਜ਼ਰ ਰਾਹੀਂ ਹੀ ਆਪਣੀ ਗੱਲ ਦੂਜਿਆਂ ਨੂੰ ਸਮਝਾ ਪਾਉਂਦੇ ਸਨ। ਪਰ ਐਨਾ ਕੁੱਝ ਹੋਣ ਦੇ ਬਾਵਜੂਦ ਉਨ੍ਹਾਂ ਆਪਣਾ ਵਿਗਿਆਨਕ ਕੰਮ ਜਾਰੀ ਰੱਖਿਆ। ਉਹ ਟੈਲੀਵਿਜ਼ਨ ਉੱਤੇ ਵੀ ਆਉਂਦੇ ਰਹੇ ਤੇ ਉਨ੍ਹਾਂ ਦੂਜੀ ਵਾਰੀ ਵਿਆਹ ਵੀ ਕਰਵਾਇਆ।
ਹਾਕਿੰਗ ਭੌਤਿਕ ਵਿਗਿਆਨ ਦੇ ਮਹਾਨ ਟੀਚੇ-ਯੂਨੀਫਾਈਡ ਥਿਓਰੀ ਦੀ ਖੋਰ ਵਿੱਚ ਵੀ ਸ਼ਾਮਲ ਸਨ। ਹਾਕਿੰਗ ਲਈ ਸਰਚ ਤਾਂ ਧਾਰਮਿਕ ਖੋਜ ਵਾਂਗ ਹੀ ਹੁੰਦੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਥਿਓਰੀ ਆਫ ਐਵਰੀਥਿੰਗ ਦੀ ਭਾਲ ਨਾਲ ਇਨਸਾਨ ਨੂੰ ਰੱਬ ਦੇ ਦਿਮਾਗ ਨੂੰ ਸਮਝਣ ਦਾ ਮੌਕਾ ਮਿਲੇਗਾ। ਬਾਅਦ ਵਾਲੇ ਸਾਲਾਂ ਵਿੱਚ ਤਾਂ ਉਨ੍ਹਾਂ ਇਹ ਵੀ ਆਖਿਆ ਕਿ ਸ਼ਾਇਦ ਇਸ ਤਰ੍ਹਾਂ ਦੀ ਕੋਈ ਥਿਓਰੀ ਹੋਵੇ ਹੀ ਨਾ। 2001 ਵਿੱਚ ਉਨ੍ਹਾਂ “ਅ ਬ੍ਰੀਫ ਹਿਸਟਰੀ ਆਫ ਟਾਈਮ” ਦਿੱਤੀ। ਇਸ ਤੋਂ ਬਾਅਦ ਉਨ੍ਹਾਂ “ਦ ਯੂਨੀਵਰਸਿ ਇਨ ਅ ਨੱਟਸੈ਼ੱਲ” ਕਿਤਾਬ ਦਿੱਤੀ। ਇਸ ਵਿੱਚ ਉਨ੍ਹਾਂ ਗੁਰੂਤਾਕਰਸ਼ਣ ਤੇ 11 ਬ੍ਰਹਿਮੰਡਾਂ ਦਾ ਵਿਚਾਰ ਪੇਸ਼ ਕੀਤਾ। ਉਨ੍ਹਾਂ ਆਖਿਆ ਕਿ ਪਰਮਾਤਮਾ ਵਿੱਚ ਯਕੀਨ ਕਰਨਾ ਤੇ ਇਹ ਮੰਨਣਾ ਕਿ ਬ੍ਰਹਿਮੰਡ ਵਿੱਚ ਪਰਮਾਤਮਾ ਦੀ ਦਖਲ ਹੈ ਇਹ ਯਕੀਨ ਕਰਨ ਵਿੱਚ ਸਹਾਈ ਹੁੰਦਾ ਹੈ ਕਿ ਚੰਗੇ ਲੋਕਾਂ ਦੀ ਜਿੱਤ ਹੁੰਦੀ ਹੈ ਤੇ ਉਨ੍ਹਾਂ ਨੂੰ ਅਗਲੇ ਜਨਮ ਵਿੱਚ ਇਨਾਮ ਮਿਲਦਾ ਹੈ। 1991 ਵਿੱਚ ਉਨ੍ਹਾਂ ਆਖਿਆ ਕਿ ਅਸੀਂ ਇਹ ਪੁੱਛਣ ਤੋਂ ਖੁਦ ਨੂੰ ਰੋਕ ਨਹੀਂ ਪਾਉਂਦੇ ਕਿ ਬ੍ਰਹਿਮੰਡ ਦੀ ਹੋਂਦ ਆਖਿਰਕਾਰ ਕਿਸ ਲਈ ਹੈ?
ਉਨ੍ਹਾਂ ਦੀ ਸ਼ੁਰੂਆਤੀ ਜਿ਼ੰਦਗੀ ਉੱਤੇ 2014 ਵਿੱਚ ਫਿਲਮ “ਦ ਥਿਓਰੀ ਆਫ ਐਵਰੀਥਿੰਗ” ਵੀ ਬਣੀ। ਇਸ ਵਿੱਚ ਐਡੀ ਰੈੱਡਮੇਅਨ ਨੇ ਹਾਕਿੰਗ ਦੀ ਭੂਮਿਕਾ ਨਿਭਾਅ ਕੇ ਅਕੈਡਮੀ ਐਵਾਰਡ ਵੀ ਜਿੱਤਿਆ। ਫਿਲਮ ਹਾਕਿੰਗ ਦੀਆਂ ਪ੍ਰਾਪਤੀਆਂ ਉੱਤੇ ਕੇਂਦਰਿਤ ਸੀ। 2008 ਵਿੱਚ ਹਾਕਿੰਗ ਨੇ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਇਨਸਾਨਾਂ ਨੂੰ ਸਿਰਫ ਧਰਤੀ ਨੂੰ ਹੀ ਆਪਣੇ ਰੈਨ ਬਸੇਰੇ ਵਾਂਗ ਨਹੀਂ ਵੇਖਣਾ ਚਾਹੀਦਾ ਸਗੋਂ ਦੂਜੇ ਗ੍ਰਹਿ ਉੱਤੇ ਵੀ ਜੀਵਨ ਤਲਾਸ਼ਣਾ ਚਾਹੀਦਾ ਹੈ।
ਹਾਕਿੰਗ ਦਾ ਜਨਮ 8 ਜਨਵਰੀ,1942 ਨੂੰ ਆਕਸਫੋਰਡ ਵਿੱਚ ਹੋਇਆ ਸੀ। ਉਹ ਲੰਡਨ ਤੇ ਸੇਂਟ ਐਲਬਾਂਸ ਵਿੱਚ ਪਲੇ ਵੱਡੇ ਹੋਏ। 1959 ਵਿੱਚ ਉਨ੍ਹਾਂ ਆਕਸਫੋਰਡ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਤੇ ਫਿਰ ਕੈਂਬ੍ਰਿੱਜ ਤੋਂ ਆਪਣੀ ਗ੍ਰੈਜੂਏਸ਼ਨ ਮੁਕੰਮਲ ਕੀਤੀ। ਗ੍ਰੈਜੁਏਸ਼ਨ ਦੇ ਪਹਿਲੇ ਸਾਲ ਵਿੱਚ ਹੀ ਉਨ੍ਹਾਂ ਨੂੰ ਏਐਲਐਸ ਹੋਣ ਦੇ ਲੱਛਣ ਨਜ਼ਰ ਆਉਣ ਲੱਗੇ। ਇਸ ਬਿਮਾਰੀ ਕਾਰਨ ਅਕਸਰ ਲੋਕ ਤਿੰਨ ਤੋਂ ਪੰਜ ਸਾਲਾਂ ਦੇ ਅੰਦਰ ਅੰਦਰ ਮਰ ਜਾਂਦੇ ਹਨ। 1965 ਵਿੱਚ ਹਾਕਿੰਗ ਨੇ ਜੇਨ ਵਾਈਲਡ ਨਾਲ ਵਿਆਹ ਕਰਵਾ ਲਿਆ ਤੇ ਉਨ੍ਹਾਂ ਦੇ ਤਿੰਨ ਬੱਚੇ ਹੋਏ। ਜੇਨ ਨੇ 20 ਸਾਲ ਤੱਕ ਹਾਕਿੰਗ ਦਾ ਧਿਆਨ ਰੱਖਿਆ। 1974 ਵਿੱਚ ਉਨ੍ਹਾਂ ਨੂੰ ਰਾਇਲ ਸੁਸਾਇਟੀ ਵਿੱਚ ਸ਼ਾਮਲ ਕਰ ਲਿਆ ਗਿਆ ਤੇ 1978 ਵਿੱਚ ਉਨ੍ਹਾਂ ਨੂੰ ਐਲਬਰਟ ਆਈਨਸਟਾਈਨ ਐਵਾਰਡ ਨਾਲ ਨਿਵਾਜਿਆ ਗਿਆ। 1989 ਵਿੱਚ ਮਹਾਰਾਣੀ ਐਲਿਜ਼ਾਬੈੱਥ ਦੋਇਮ ਨੇ ਉਨ੍ਹਾਂ ਨੂੰ “ਕੰਪੈਨੀਅਨ ਆਫ ਆਨਰ” ਬਣਾਇਆ।
1991 ਵਿੱਚ ਹਾਕਿੰਗ ਨੇ ਜੇਨ ਨੂੰ ਤਲਾਕ ਦੇ ਦਿੱਤਾ। ਇਸ ਨਾਲ ਆਪਣੇ ਬੱਚਿਆਂ ਤੋਂ ਵੀ ਉਹ ਦੂਰ ਹੋ ਗਏ। ਆਪਣੀ ਸਵੈ ਜੀਵਨੀ “ਮਿਊਜਿਕ ਟੂ ਮੂਵ ਦ ਸਟਾਰਜ਼” ਵਿੱਚ ਜੇਨ ਨੇ ਲਿਖਿਆ ਕਿ ਤਿੰਨ ਦਹਾਕੇ ਤੱਕ ਹਾਕਿੰਗ ਦੀ ਸੇਵਾ ਕਰਨ ਤੋਂ ਬਾਅਦ ਹੁਣ ਵੱਖ ਹੋਣ ਨਾਲ ਉਹ ਇੱਕ ਖਾਲੀ ਖੋਲ ਵਾਂਗ ਰਹਿ ਗਈ ਹੈ। ਚਾਰ ਸਾਲ ਬਾਅਦ ਹਾਕਿੰਗ ਨੇ ਕਦੇ ਆਪਣੀ ਨਰਸ ਰਹੀ ਐਲੇਨ ਮੇਸਨ ਨਾਲ ਵਿਆਹ ਕਰਵਾ ਲਿਆ। 2006 ਵਿੱਚ ਹਾਕਿੰਗ ਤੇ ਮੇਸਨ ਵੱਖ ਹੋ ਗਏ।