ਨਹੀਂ ਰਹੇ ਐਮਪੀ ਗੌਰਡ ਬ੍ਰਾਊਨ


ਓਟਵਾ, 2 ਮਈ (ਪੋਸਟ ਬਿਊਰੋ) : ਬੁੱਧਵਾਰ ਸਵੇਰੇ ਆਪਣੇ ਪਾਰਲੀਆਮੈਂਟ ਹਿੱਲ ਆਫਿਸ ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਕੰਜ਼ਰਵੇਟਿਵ ਐਮਪੀ ਗੌਰਡ ਬ੍ਰਾਊਨ ਦੀ ਮੌਤ ਹੋ ਗਈ।
57 ਸਾਲਾ ਬ੍ਰਾਊਨ 2004 ਤੋਂ ਹੀ ਮੈਂਬਰ ਪਾਰਲੀਆਮੈਂਟ ਸਨ। ਉਹ ਓਨਟਾਰੀਓ ਦੇ ਲੀਡਜ਼-ਗ੍ਰੈਨਵਿੱਲੇ-ਥਾਊਸੈਂਡ ਆਈਲੈਂਡਜ਼ ਤੇ ਰਿਡਿਊ ਲੇਕਜ਼ ਹਲਕੇ ਦੀ ਅਗਵਾਈ ਕਰਦੇ ਸਨ। ਬੁੱਧਵਾਰ ਸਵੇਰੇ ਕੰਜ਼ਰਵੇਟਿਵ ਕਾਕਸ ਦੇ ਮੈਂਬਰਾਂ ਨੂੰ ਮੀਟਿੰਗ ਤੋਂ ਬਾਅਦ ਉਨ੍ਹਾਂ ਦੇ ਸਾਥੀ ਦੇ ਸਦੀਵੀ ਵਿਛੋੜੇ ਦੀ ਖਬਰ ਦਿੱਤੀ ਗਈ। ਸੂਤਰਾਂ ਨੇ ਦੱਸਿਆ ਕਿ ਬ੍ਰਾਊਨ ਆਪਣੇ ਓਟਵਾ ਆਫਿਸ ਵਿੱਚ ਮ੍ਰਿਤਕ ਪਾਏ ਗਏ ਤੇ ਇਹ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੀ ਹੋਈ।
ਬ੍ਰਾਊਨ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਕਲੌਡੀਨ ਤੇ ਦੋ ਬੇਟੇ ਚਾਂਸ ਤੇ ਟ੍ਰਿਸਟਨ ਰਹਿ ਗਏ ਹਨ। ਬ੍ਰਾਊਨ ਪਹਿਲਾਂ ਕੰਜ਼ਰਵੇਟਿਵ ਪਾਰਟੀ ਵ੍ਹਿਪ ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ ਤੇ ਉਹ ਕਈ ਪਾਰਲੀਆਮੈਂਟਰੀ ਐਸੋਸਿਏਸ਼ਨਜ਼ ਤੇ ਇੰਟਰਪਾਰਲੀਆਮੈਂਟਰੀ ਗਰੁੱਪਜ਼ ਦੇ ਮੈਂਬਰ ਵੀ ਰਹੇ। ਫੈਡਰਲ ਸਿਆਸਤ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਹ ਗੈਨਾਨੌਕ, ਓਨਟਾਰੀਓ ਟਾਊਨ ਵਿੱਚ ਕਾਉਂਸਲਰ ਸਨ। ਐਮਪੀ ਦੀ ਵੈੱਬਸਾਈਟ ਅਨੁਸਾਰ ਬ੍ਰਾਊਨ ਨੂੰ ਕਾਇਆਕਿੰਗ ਦਾ ਬਹੁਤ ਸ਼ੌਕ ਸੀ ਤੇ ਉਹ ਕੰਜ਼ਰਵੇਟਿਵ ਪਾਰਟੀ ਦੀ ਹਿੱਲ ਹਾਕੀ ਟੀਮ ਦੇ ਕਪਤਾਨ ਵੀ ਸਨ।
ਬੁੱਧਵਾਰ ਦੁਪਹਿਰ ਨੂੰ ਐਮਪੀਜ਼ ਨੇ ਹਾਊਸ ਆਫ ਕਾਮਨਜ਼ ਵਿੱਚ ਇੱਕਠੇ ਹੋ ਕੇ ਬ੍ਰਾਊਨ ਨੂੰ ਸ਼ਰਧਾਂਜਲੀ ਦਿੱਤੀ। ਇਸ ਦੇ ਨਾਲ ਹੀ ਦੋ ਮਿੰਟ ਦਾ ਮੌਨ ਰੱਖਿਆ ਗਿਆ ਤੇ ਦਿਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਨੇ ਬ੍ਰਾਊਨ ਦੀ ਮੌਤ ਉੱਤੇ ਦੁੱਖ ਪ੍ਰਗਟਾਇਆ। ਲਿਬਰਲ ਐਮਪੀ ਵੇਅਨ ਈਸਟਰ ਨੇ ਹਾਊਸ ਵਿੱਚ ਆਪਣੀ ਪਾਰਟੀ ਵੱਲੋਂ ਬ੍ਰਾਊਨ ਦੀ ਮੌਤ ਉੱਤੇ ਦੁੱਖ ਜਤਾਇਆ। ਐਨਡੀਪੀ ਐਮਪੀ ਬ੍ਰਾਇਨ ਮੈਸ ਨੇ ਵੀ ਆਪਣੀ ਪਾਰਟੀ ਵੱਲੋਂ ਬ੍ਰਾਊਨ ਦੀ ਮੌਤ ਉੱਤੇ ਦੁੱਖ ਪ੍ਰਗਟਾਇਆ।