ਨਸਿ਼ਆਂ ਖਿਲਾਫ਼ ਟਾਈਗਰ ਗਰਜਿਆ, ਐਡਰਿਊ ਸ਼ੀਅਰ ਨੇ ਕੀਤੀ ਸ਼ਲਾਘਾ

ਬਰੈਂਪਟਨ, 4 ਜੁਲਾਈ (ਪੋਸਟ ਬਿਊਰੋ)- ਬੀਤੇ ਦਿਨੀਂ ਬਰੈਂਪਟਨ ਦੇ ਐਂਬੈਸੀ ਬੈਂਕੁਇਟ ਹਾਲ ਵਿਖੇ ਪੀਸੀ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਲਈ ਇਕ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿਚ ਰੈਸਲਿੰਗ ਚੈਂਪੀਅਨ ਟਾਈਗਰਜੀਤ ਸਿੰਘ ਤੇ ਟਾਈਗਰ ਜੂਨੀਅਰ ਨੇ ਵਿਸੇ਼ਸ਼ ਤੌਰ ਉਤੇ ਹਿੱਸਾ ਲਿਆ। ਟਾਈਗਰਜੀਤ ਸਿੰਘ ਅਕਸਰ ਨਸਿ਼ਆਂ ਖਿਲਾਫ਼ ਪ੍ਰਚਾਰ ਕਰਦੇ ਤੇ ਬੋਲਦੇ ਹਨ। ਉਨ੍ਹਾਂ ਸਟੇਜ ਤੋਂ ਸੰਬੋਧਨ ਹੁੰਦਿਆਂ ਸਮੂਹ ਭਾਈਚਾਰੇ ਨੂੰ ਨਸਿ਼ਆਂ ਤੋਂ ਹਟ ਕੇ ਚੰਗੀ ਸਿਹਤ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਸਮੇਂ ਜੋ ਸਰਕਾਰਾਂ ਨਸਿ਼ਆਂ ਨੂੰ ਖੁੱਲ੍ਹੇਆਮ ਕਰਨ ਜਾ ਰਹੀਆਂ ਹਨ। ਉਸ ਦਾ ਨੌਜਵਾਨ ਪੀੜ੍ਹੀ ਉਤੇ ਮਾੜਾ ਅਸਰ ਪੈ ਸਕਦਾ ਹੈ। ਜਿੰਨਾ ਪ੍ਰਚਾਰ ਨਸਿ਼ਆਂ ਨੂੰ ਖੁਲੇਆਮ ਵੇਚੇ ਜਾਣ ਦਾ ਹੋ ਰਿਹਾ ਹੈ, ਉਸ ਦੇ ਮੁਕਾਬਲੇ ਨੌਜਵਾਨਾਂ ਨੂੰ ਇਸ ਦੇ ਨੁਕਸਾਨ ਪ੍ਰਤੀ ਜਾਗਰੂਕ ਕਰਨ ਦਾ ਪ੍ਰਚਾਰ ਬਹੁਤ ਘੱਟ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਭਾਈਚਾਰੇ ਵਿਚ ਸੁਹਿਰਦ ਲੋਕ ਅੱਗੇ ਆਉਣ ਤੇ ਨੌਜਵਾਨ ਪੀੜ੍ਹੀ ਨੂੰ ਨਸਿ਼ਆਂ ਤੋਂ ਬਚਾਉਣ ਲਈ ਹਰ ਸੰਭਵ ਉਪਰਾਲਾ ਕਰਨ। ਇਸ ਮੌਕੇ ਟਾਈਗਰ ਅਲੀ ਸਿੰਘ ਵੀ ਮੌਜੂਦ ਸਨ। ਐਂਡਰਿਊ ਸ਼ੀਅਰ ਨੇ ਟਾਈਗਰ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਵੱਲੋਂ ਜੋ ਭਾਈਚਾਰੇ ਵਿਚ ਚੰਗੇ ਕੰਮਾਂ ਦੀ ਪਿਰਤ ਪਾਈ ਜਾ ਰਹੀ ਹੈ, ਉਸ ਦੀ ਸ਼ਲਾਘਾ ਕੀਤੀ।