ਨਸ਼ਾ ਲੈਣ ਲਈ ਪੈਸੇ ਨਾ ਦੇਣ ਕਾਰਨ ਭਰਾ ਦੀ ਹੱਤਿਆ

murder
ਬਠਿੰਡਾ, 19 ਮਾਰਚ (ਪੋਸਟ ਬਿਊਰੋ)- ਪਿੰਡ ਨਥਾਣਾ ਵਿੱਚ ਸ਼ੁੱਕਰਵਾਰ ਰਾਤ ਨਸ਼ੇ ਦੇ ਲਈ ਰੁਪਏ ਨਾ ਦੇਣ ‘ਤੇ ਤੈਸ਼ ਵਿੱਚ ਆਏ ਨੌਜਵਾਨ ਨੇ ਰਿਵਾਲਵਰ ‘ਚੋਂ ਤਿੰਨ ਫਾਇਰ ਕਰ ਕੇ ਆਪਣੇ ਵੱਡੇ ਭਰਾ ਦੀ ਹੱਤਿਆ ਕਰ ਦਿੱਤੀ। ਵਾਰਦਾਤ ਦੇ ਬਾਅਦ ਦੋਸ਼ੀ ਫਰਾਰ ਹੋ ਗਿਆ। ਥਾਣਾ ਨਥਾਣਾ ਪੁਲਸ ਨੇ ਉਸ ਦੇ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ ਤੇ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪਿੰਡ ਪੂਹਲਾ ਦਾ ਗੁਰਿੰਦਰ ਸਿੰਘ ਨਸ਼ੇ ਦਾ ਆਦੀ ਸੀ। ਉਹ ਭੁੱਚੋ ਮੰਡੀ ਵਿੱਚ ਕੰਪਿਊਟਰ ਮੁਰੰਮਤ ਦੀ ਦੁਕਾਨ ਕਰਦਾ ਸੀ। ਸ਼ੁੱਕਰਵਾਰ ਰਾਤ ਕੰਮ ਤੋਂ ਮੁੜਨ ਦੇ ਬਾਅਦ ਗੁਰਿੰਦਰ ਨੇ ਨਸ਼ੇ ਲਈ ਘਰਦਿਆਂ ਤੋਂ ਪੈਸੇ ਮੰਗੇ। ਇਸ ਗੱਲ ਤੋਂ ਉਸ ਦਾ ਵੱਡੇ ਭਰਾ ਸਿਮਰਨਜੀਤ ਸਿੰਘ (35) ਨਾਲ ਝਗੜਾ ਹੋ ਗਿਆ। ਝਗੜਾ ਵਧਣ ‘ਤੇ ਗੁਰਿੰਦਰ ਨੇ .22 ਬੋਰ ਦੀ ਲਾਇਸੈਂਸੀ ਰਿਵਾਲਵਰ ‘ਚੋਂ ਸਿਮਰਨਜੀਤ ”ਤੇ ਤਿੰਨ ਫਾਇਰ ਕਰ ਦਿੱਤੇ। ਇਨ੍ਹਾਂ ਵਿੱਚੋਂ ਇੱਕ ਗੋਲੀ ਸਿਮਰਨਜੀਤ ਦੀ ਛਾਤੀ ਵਿੱਚ ਲੱਗੀ ਹੋਰ ਅਤੇ ਉਹ ਉਥੇ ਡਿੱਗ ਪਿਆ। ਜ਼ਖਮੀ ਸਿਮਰਨਜੀਤ ਨੂੰ ਪਿਤਾ ਮਲਕੀਤ ਸਿੰਘ ਅਤੇ ਪਤਨੀ ਰਮਨਦੀਪ ਕੌਰ ਹਸਪਤਾਲ ਲੈ ਕੇ ਗਏ ਉਸ ਦੀ ਰਸਤੇ ਵਿੱਚ ਮੌਤ ਹੋ ਗਈ। ਸਿਮਰਨਜੀਤ ਸਿੰਘ ਦੀ ਪੰਜ ਸਾਲ ਦੀ ਇੱਕ ਬੇਟੀ ਹੈ। ਦੋਸ਼ੀ ਗੁਰਿੰਦਰ ਦੀ ਪਿਛਲੀ 24 ਫਰਵਰੀ ਨੂੰ ਵਿਆਹ ਹੋਇਆ ਸੀ। ਥਾਣਾ ਨਥਾਣਾ ਇੰਚਾਰਜ ਸੁਨੀਲ ਕੁਮਾਰ ਦਾ ਕਹਿਣਾ ਹੈ ਕਿ ਮ੍ਰਿਤਕ ਸਿਮਰਨਜੀਤ ਸਿੰਘ ਦੀ ਪਤਨੀ ਰਮਨਦੀਪ ਕੌਰ ਦੇ ਬਿਆਨ ‘ਤੇ ਗੁਰਿੰਦਰ ਸਿੰਘ ਤੇ ਹੱਤਿਆ ਦਾ ਕੇਸ ਦਰਜ ਕੀਤਾ ਹੈ। ਪੁਲਸ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕਰ ਰਹੀ ਹੈ।